ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਚੌਥੇ ਦਿਨ ਅੱਜ ਸਿਹਤ ਸਹੂਲਤਾਂ ਦੇ ਮੁੱਦੇ ਨੇ ਸਦਨ ਨੂੰ ਭਖਵੇਂ ਰੌਂਅ ਵਿੱਚ ਰੱਖਿਆ। ਅਸੈਂਬਲੀ ਵਿੱਚ ਸਰਕਾਰੀ ਇਲਾਜ ਪ੍ਰਬੰਧਾਂ ’ਤੇ ਉਂਗਲ ਉੱਠੀ, ਜਿਸ ਤੋਂ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਮਿਹਣੋ-ਮਿਹਣੀ ਹੋਈ। ਸਿਫ਼ਰ ਕਾਲ ਅਤੇ ਪ੍ਰਸ਼ਨ ਕਾਲ ਦੌਰਾਨ ਵਿਧਾਇਕਾਂ ਤੇ ਵਜ਼ੀਰਾਂ ’ਚ ਤਿੱਖੀ ਨੋਕ ਝੋਕ ਵੀ ਹੋਈ। ਵਿਧਾਇਕ ਨਵਜੋਤ ਸਿੱਧੂ ਅੱਜ ਕਾਫੀ ਤੱਤੇ ਨਜ਼ਰ ਆਏ। ਉਂਜ ਇਜਲਾਸ ਦੇ ਚੌਥੇ ਦਿਨ ਸਦਨ ਵਿੱਚ ਵਿਧਾਇਕਾਂ ਤੇ ਵਜ਼ੀਰਾਂ ਦੀ ਹਾਜ਼ਰੀ ਕਾਫੀ ਘੱਟ ਰਹੀ।
ਮੁੱਖ ਮੰਤਰੀ ਅਮਰਿੰਦਰ ਸਿੰਘ ਭਲਕੇ ਰਾਜਪਾਲ ਦੇ ਭਾਸ਼ਣ ’ਤੇ ਬਹਿਸ ’ਚ ਉੱਠੇ ਸੁਆਲਾਂ ਦੇ ਜੁਆਬ ਦੇਣਗੇ। ਭਲਕੇ ਹੀ ਸਦਨ ’ਚ ਕੈਗ ਰਿਪੋਰਟਾਂ ਵੀ ਪੇਸ਼ ਕੀਤੀਆਂ ਜਾਣੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਦਨ ’ਚ ਅੱਜ ਤੇਲ ਕੀਮਤਾਂ ’ਤੇ ਟੈਕਸਾਂ ਦੇ ਵੱਡੇ ਬੋਝ ਖਿਲਾਫ਼ ਵਾਕਆਊਟ ਕੀਤਾ ਜਦੋਂ ਕਿ ਆਮ ਆਦਮੀ ਪਾਰਟੀ ਰਾਖਵੇਂਕਰਨ ਬਾਬਤ 85ਵੀਂ ਸੋਧ ਦਾ ਮਾਮਲਾ ਉਠਾ ਕੇ ਸਦਨ ’ਚੋਂ ਵਾਕਆਊਟ ਕਰ ਗਈ। ਦੋਵਾਂ ਧਿਰਾਂ ਨੇ ਪਹਿਲਾਂ ਸਪੀਕਰ ਦੇ ਆਸਣ ਅੱਗੇ ਵਾਰੋ ਵਾਰੀ ਨਾਅਰੇਬਾਜ਼ੀ ਕੀਤੀ। ਉਨ੍ਹਾਂ ਵਾਕਆਊਟ ਲਈ ਪਹਿਲਾਂ ਮਾਹੌਲ ਘੜਿਆ ਅਤੇ ਫਿਰ ਵਾਕਆਊਟ ਕੀਤਾ।
ਸਦਨ ’ਚ ਰਾਜਪਾਲ ਦੇ ਭਾਸ਼ਣ ’ਤੇ ਹੋਈ ਬਹਿਸ ਦੌਰਾਨ ਪੰਜਾਬ ਦੇ ਧਰਤੀ ਹੇਠਲੇ ਪਲੀਤ ਹੋ ਰਹੇ ਪਾਣੀਆਂ ’ਤੇ ਫਿਕਰ ਜ਼ਾਹਿਰ ਕੀਤੇ ਗਏ ਅਤੇ ਪਾਣੀਆਂ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਲੰਮੀ ਚਰਚਾ ਹੋਈ। ਗੰਭੀਰ ਬਹਿਸ ਦੌਰਾਨ ਵੱਡੀ ਗਿਣਤੀ ’ਚ ਵਿਧਾਇਕ ਗੈਰਹਾਜ਼ਰ ਰਹੇ। ਸਦਨ ’ਚ ਪ੍ਰਸ਼ਨ ਕਾਲ ਦੌਰਾਨ ਉਦੋਂ ਮਾਹੌਲ ਗਰਮਾ ਗਿਆ ਜਦੋਂ ‘ਆਪ’ ਵਿਧਾਇਕ ਬਲਦੇਵ ਸਿੰਘ ਜੈਤੋ ਨੇ ਫਰੀਦਕੋਟ ਜ਼ਿਲ੍ਹੇ ਦੇ ਕਰੋਨਾ ਪੀੜਤਾਂ ’ਤੇ ਆਏ ਖਰਚ ਦੇ ਮਿਲੇ ਜੁਆਬ ਮਗਰੋਂ ਸਦਨ ’ਚ ਸਰਕਾਰੀ ਹਸਪਤਾਲਾਂ ਦੇ ਪ੍ਰਬੰਧਾਂ ’ਤੇ ਉਂਗਲ ਉਠਾ ਦਿੱਤੀ।
ਵਿਧਾਇਕ ਬਲਦੇਵ ਸਿੰਘ ਜੈਤੋ ਨੇ ਜਿਉਂ ਹੀ ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਜ਼ ਫਰੀਦਕੋਟ ਦੇ ਵਾਈਸ ਚਾਂਸਲਰ ਵੱਲੋਂ ਕਰੋਨਾ ਪਾਜ਼ੇਟਿਵ ਆਉਣ ਮਗਰੋਂ ਪੀਜੀਆਈ ’ਚ ਭਰਤੀ ਹੋਣ ਦਾ ਮੁੱਦਾ ਚੁੱਕਿਆ ਤਾਂ ਮਾਹੌਲ ਭਖ ਗਿਆ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਰੋਨਾ ਨਾਲ ਇੱਕ ਪ੍ਰੋਫੈਸਰ ਦੀ ਹੋਈ ਮੌਤ ਬਾਰੇ ਸੁਆਲ ਕਰ ਦਿੱਤਾ। ਚਰਚਾ ਉੱਠੀ ਕਿ ਵੀਆਈਪੀ ਲੋਕਾਂ ਨੇ ਕਰੋਨਾ ਹੋਣ ’ਤੇ ਪ੍ਰਾਈਵੇਟ ਹਸਪਤਾਲਾਂ ਨੂੰ ਤਰਜੀਹ ਦਿੱਤੀ। ਕੀ ਵਿਧਾਇਕਾਂ ਤੇ ਵਜ਼ੀਰਾਂ ਨੂੰ ਸਰਕਾਰੀ ਹਸਪਤਾਲਾਂ ’ਤੇ ਭਰੋਸਾ ਨਹੀਂ?
ਇਸ ਦੌਰਾਨ ਅਕਾਲੀ ਵਿਧਾਇਕ ਡਾ. ਸੁਖਵਿੰਦਰ ਕੁਮਾਰ ਨੇ ਮੰਗ ਕੀਤੀ ਕਿ ਸਾਰੇ ਵਿਧਾਇਕਾਂ ਨੂੰ ਤਰਜੀਹੀ ਆਧਾਰ ’ਤੇ ਕੋਵਿਡ ਦੀ ਡੋਜ਼ ਦਿੱਤੀ ਜਾਵੇ। ਇਸ ’ਤੇ ਸਿਹਤ ਮੰਤਰੀ ਨੇ ਪੇਸ਼ਕਸ਼ ਕੀਤੀ ਕਿ ਸਾਰੇ ਵਿਧਾਇਕਾਂ ਦੇ ਮੁਹਾਲੀ ਦੇ ਸਰਕਾਰੀ ਹਸਪਤਾਲ ਵਿਚ ਕੋਵਿਡ ਦੇ ਟੀਕੇ ਸ਼ਨਿਚਰਵਾਰ ਨੂੰ ਲਗਵਾ ਦਿੱਤੇ ਜਾਣਗੇ। ਸਿਹਤ ਮੰਤਰੀ ਨੇ ਟਕੋਰ ਕਰਦਿਆਂ ਕਿਹਾ ਕਿ ‘ਮਜੀਠੀਏ ਦੋ ਦੋ ਟੀਕੇ ਲਵਾ ਦਿਆਂਗੇ।’ ਜੁਆਬੀ ਹਮਲੇ ’ਚ ਮਜੀਠੀਆ ਨੇ ਕਿਹਾ ਕਿ ਜਦੋਂ ਸਿਹਤ ਮੰਤਰੀ ਕਰੋਨਾ ਕਰਕੇ ਹਸਪਤਾਲ ਭਰਤੀ ਸਨ ਤਾਂ ਉਹ (ਮਜੀਠੀਆ) ਸਿਹਤ ਮੰਤਰੀ ਦੀ ਸਿਹਤਯਾਬੀ ਲਈ ਅਰਦਾਸ ਕਰਦੇ ਰਹੇ। ਨਾਲ ਇਹ ਸਫਾਈ ਵੀ ਦਿੱਤੀ ਕਿ ਉਨ੍ਹਾਂ ਦੀ ਚਿੰਤਾ ਤਾਂ ਸਿਰਫ ਏਨੀ ਸੀ ਕਿ ਜੇ ਵੀਆਈਪੀਜ਼ ਸਰਕਾਰੀ ਹਸਪਤਾਲਾਂ ’ਚ ਇਲਾਜ ਕਰਾਉਣਗੇ ਤਾਂ ਆਮ ਲੋਕਾਂ ਦਾ ਸਰਕਾਰੀ ਹਸਪਤਾਲਾਂ ’ਤੇ ਭਰੋਸਾ ਵਧੇਗਾ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਦਨ ਵਿੱਚ ਮੁਹਾਲੀ ਦੇ ਸਰਕਾਰੀ ਹਸਪਤਾਲ ਦੀ ਜ਼ਮੀਨ ਸਰਕਾਰ ਵੱਲੋਂ ਪ੍ਰਾਈਵੇਟ ਮੈਕਸ ਹਸਪਤਾਲ ਨੂੰ ਦਿੱਤੇ ਜਾਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪੁਰਾਣੀ ਸਰਕਾਰ ਨੇ ਵੀ ਏਦਾਂ ਹੀ ਕੀਤਾ ਸੀ। ਉਨ੍ਹਾਂ ਸੁਝਾਓ ਦਿੱਤਾ ਕਿ ਪ੍ਰਾਈਵੇਟ ਹਸਪਤਾਲਾਂ ਲਈ 25 ਫੀਸਦੀ ਗਰੀਬ ਮਰੀਜ਼ਾਂ ਦਾ ਇਲਾਜ ਮੁਫਤ ਕੀਤੇ ਜਾਣ ਨੂੰ ਲਾਜ਼ਮੀ ਬਣਾਇਆ ਜਾਵੇ। ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਰੋਨਾ ਦੌਰਾਨ ਭਰਤੀ ਕੀਤੇ ਵਲੰਟੀਅਰਾਂ ਨੂੰ ਹੁਣ ਨੌਕਰੀ ਤੋਂ ਹਟਾਏ ਜਾਣ ਦਾ ਮਸਲਾ ਚੁੱਕਿਆ।
ਕਾਂਗਰਸੀ ਵਿਧਾਇਕ ਦਵਿੰਦਰ ਘੁਬਾਇਆ ਨੇ ਫਾਜ਼ਿਲਕਾ ’ਚ ਲੱਗਣ ਵਾਲੀ ਸ਼ਰਾਬ ਫੈਕਟਰੀ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਵਿਚ ਕੈਂਸਰ ਦਾ ਕਹਿਰ ਪਹਿਲਾਂ ਹੀ ਹੈ ਅਤੇ ਇਸ ਨਾਲ ਪ੍ਰਦੂਸ਼ਣ ਦੀ ਮਾਰ ਹੋਰ ਵਧੇਗੀ। ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਧਰਤੀ ਹੇਠਲੇ ਪਾਣੀਆਂ ਦੇ ਮਾਮਲੇ ’ਤੇ ਬੋਲਦਿਆਂ ਲੋਕਾਂ ਦੀ ਸਿਹਤ ਦਾ ਮਸਲਾ ਉਭਾਰਿਆ। ਉਨ੍ਹਾਂ ਕਿਹਾ ਕਿ ਖਰਾਬ ਪਾਣੀ ਨੇ ਮਾਲਵੇਂ ਵਿਚ ਕਾਲੇ ਪੀਲੀਏ ਅਤੇ ਕੈਂਸਰ ਦਾ ਕਹਿਰ ਵਰਤਾ ਦਿੱਤਾ ਹੈ।
ਵਿਧਾਇਕ ਮੀਤ ਹੇਅਰ ਨੇ ਲੋਕ ਲੇਖਾ ਕਮੇਟੀ ਤੇ ਹਰਦਿਆਲ ਸਿੰਘ ਕੰਬੋਜ ਨੇ ਅਨੁਮਾਨ ਕਮੇਟੀ ਦੀ ਰਿਪੋਰਟ ਪੇਸ਼ ਕੀਤੀ। ਗੈਰ ਸਰਕਾਰੀ ਮਤੇ ’ਤੇ ਚਰਚਾ ਮਗਰੋਂ ਸਪੀਕਰ ਨੇ ਸਦਨ ਦੀ ਕਾਰਵਾਈ ਭਲਕੇ ਤੱਕ ਲਈ ਮੁਲਤਵੀ ਕਰ ਦਿੱਤੀ।