ਨਵੀਂ ਦਿੱਲੀ (ਸਮਾਜ ਵੀਕਲੀ): ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਨੇ ਵਿਦੇਸ਼ ਮੰਤਰਾਲੇ ਦੇ ਇਸ ਬਿਆਨ ਕਿ ਨਵੇਂ ਖੇਤੀ ਕਾਨੂੰਨ ਸੰਸਦ ਵਿੱਚ ਮੁਕੰਮਲ ਵਿਚਾਰ ਚਰਚਾ ਤੋਂ ਬਾਅਦ ਹੀ ਪਾਸ ਕੀਤੇ ਗਏ ਹਨ, ਨੂੰ ‘ਸੱਚ ਦਾ ਮਖੌਲ ਉਡਾਉਣਾ’ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਲੰਘੇ ਦਿਨ ਅਮਰੀਕੀ ਪੌਪ ਗਾਇਕਾ ਰਿਹਾਨਾ ਤੇ ਹੋਰਨਾਂ ਕੌਮਾਂਤਰੀ ਹਸਤੀਆਂ ਨੂੰ ਕਿਸਾਨ ਅੰਦੋਲਨ ਬਾਰੇ ਕੀਤੇ ਟਵੀਟਾਂ ਲਈ ਭੰਡਦਿਆਂ ਕਿਹਾ ਸੀ ਕਿ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਸਬੰਧਤ ਮੁੱਦੇ ਦੇ ਤੱਥਾਂ ਬਾਰੇ ਜਾਣ ਲੈਣਾ ਚਾਹੀਦਾ ਹੈ।
ਮੰਤਰਾਲੇ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਸੰਸਦ ਵਿੱਚ ਮੁਕੰਮਲ ਵਿਚਾਰ ਚਰਚਾ ਤੋਂ ਬਾਅਦ ਹੀ ਹਰੀ ਝੰਡੀ ਦਿੱਤੀ ਗਈ ਸੀ। ਚਿਦੰਬਰਮ ਨੇ ਉਪਰੋਕਤ ਬਿਆਨ ਦੇ ਹਵਾਲੇ ਨਾਲ ਕੀਤੇ ਟਵੀਟ ’ਚ ਕਿਹਾ, ‘ਵਿਦੇਸ਼ ਮੰਤਰਾਲਾ ਕਹਿੰਦਾ ਹੈ ਕਿ ‘ਭਾਰਤ ਦੀ ਸੰਸਦ ਨੇ ਮੁਕੰਮਲ ਵਿਚਾਰ ਚਰਚਾ ਤੋਂ ਬਾਅਦ ਖੇਤੀ ਸੈਕਟਰ ਨਾਲ ਜੁੜੇ ਸੁਧਾਰ ਕਾਨੂੰਨਾਂ ਨੂੰ ਪਾਸ ਕੀਤਾ। ਇਹ ਸੱਚ ਦਾ ਮਖੌਲ ਉਡਾਉਣ ਵਾਂਗ ਹੈ।’ ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਰਾਜ ਸਭਾ ਦੇ ਰਿਕਾਰਡ ਅਤੇ ਵੀਡੀਓ ਰਿਕਾਰਡ ਤੋਂ ਪਤਾ ਲੱਗ ਜਾਵੇਗਾ ਕਿ ਕੋਈ ਮੁਕੰਮਲ ਵਿਚਾਰ ਚਰਚਾ ਨਹੀਂ ਹੋਈ, ਕੁਝ ਸੰਸਦ ਮੈਂਬਰਾਂ ਦੇ ਮਾਈਕ ਤੱਕ ਬੰਦ ਕਰ ਦਿੱਤੇ ਗਏ, ਤੇ ਵੋਟਾਂ ਦੀ ਵੰਡ ਦੇ ਸੱਦੇ ਨੂੰ ਵੀ ਰੱਦ ਕਰ ਦਿੱਤਾ ਗਿਆ।’ ਚਿਦੰਬਰਮ ਨੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੂੰ ਟੈਗ ਕਰਦਿਆਂ ਕਿਹਾ, ‘ਜੇਕਰ ਰਿਕਾਰਡ ਮੌਜੂਦ ਹੋਣ ਦੇ ਬਾਵਜੂਦ ਵਿਦੇਸ਼ ਮੰਤਰਾਲਾ ਸੱਚ ਨੂੰ ਤੋੜ ਮਰੋੜ ਸਕਦਾ ਹੈ ਤਾਂ ਫਿਰ ਵਿਦੇਸ਼ ਮੰਤਰਾਲੇ ਦੇ ਹੋਰਨਾਂ ਬਿਆਨਾਂ ’ਤੇ ਕੌਣ ਯਕੀਨ ਕਰੇਗਾ।’