ਮੈਕਡੌਨਲਡ’ਜ਼ ਇੰਡੀਆ ਤੋਂ ਬੇਮੁੱਖ ਹੋਏ ਭਾਈਵਾਲ ਵਿਕਰਮ ਬਖ਼ਸ਼ੀ ਨੇ ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ (ਐੱਨਸੀਐੱਲਏਟੀ) ਤੋਂ ਵਿਦੇਸ਼ ਯਾਤਰਾ ਲਈ ਇਜਾਜ਼ਤ ਮੰਗਦੀ ਪਟੀਸ਼ਨ ਵਾਪਸ ਲੈ ਲਈ ਹੈ। ਟ੍ਰਿਬਿਊਨਲ ਦੇ ਚੇਅਰਪਰਸਨ ਜਸਟਿਸ ਐੱਸ.ਜੇ.ਮੁਖੋਪਾਧਿਆਏ ਦੀ ਅਗਵਾਈ ਵਾਲੇ ਦੋ ਮੈਂਬਰੀ ਬੈਂਚ ਨੇ ਹਾਲਾਂਕਿ ਬਖ਼ਸ਼ੀ ਦੀ ਪਤਨੀ ਮਧੁਰਿਮਾ ਬਖ਼ਸ਼ੀ ਨੂੰ ਇਕ ਪਰਿਵਾਰਕ ਸਮਾਗਮ ਲਈ ਥਾਈਲੈਂਡ ਜਾਣ ਤੇ 9 ਨਵੰਬਰ ਤਕ ਦੇਸ਼ ਪਰਤਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਤੋਂ ਪਹਿਲਾਂ ਐਪੀਲੇਟ ਟ੍ਰਿਬਿਊਨਲ ਨੇ ਬਖ਼ਸ਼ੀ ਵੱਲੋਂ ਡੈਟ ਰਿਕਵਰੀ ਟ੍ਰਿਬਿਊਨਲ (ਡੀਆਰਟੀ) ਦੇ ਹੁਕਮਾਂ ਦੀ ਉਲੰਘਣਾ ਕਰਕੇ ਕੀਤੀ ਧੋਖਾਧੜੀ ਲਈ ਉਹਦੀ ਚੰਗੀ ਝਾੜ-ਝੰਬ ਕੀਤੀ ਸੀ। ਉਸ ਮੌਕੇ ਟ੍ਰਿਬਿਊਨਲ ਨੇ ਬਖ਼ਸ਼ੀ ਜੋੜੇ ਨੂੰ ਵਿਦੇਸ਼ ਜਾਣ ਦੀ ਸਥਿਤੀ ਵਿੱਚ ਜ਼ਾਮਨੀ ਵਜੋਂ 5 ਕਰੋੜ ਰੁਪਏ ਜਮ੍ਹਾਂ ਕਰਵਾਉਣ ਲਈ ਆਖਿਆ ਸੀ। ਉਂਜ, ਕੇਸ ਦੀ ਸੁਣਵਾਈ ਦੌਰਾਨ ਬਖ਼ਸ਼ੀ ਦੇ ਵਕੀਲ ਨੇ ਐੱਨਸੀਐੱਲਏਟੀ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਬਖ਼ਸ਼ੀ ਦੀ ਪਤਨੀ ਦੇ ਨਾਂ ’ਤੇ ਕੋਈ ਸ਼ੇਅਰ ਨਾ ਹੋਣ ਕਰਕੇ ਉਸ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਦਿੱਤੀ ਜਾਵੇ। ਐਪੀਲੇਟ ਟ੍ਰਿਬਿਊਨਲ ਨੇ ਆਪਣੇ ਫੈਸਲੇ ’ਚ ਕਿਹਾ, ‘ਕੇਸ ਦੇ ਤੱਥਾਂ ਤੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਅਸੀਂ ਮਧੁਰਿਮਾ ਬਖ਼ਸ਼ੀ ਨੂੰ ਪਰਿਵਾਰਕ ਵਿਆਹ ਸਮਾਗਮ ਲਈ ਥਾਈਲੈਂਡ ਜਾਣ ਦੀ ਇਜਾਜ਼ਤ ਦਿੰਦੇ ਹਾਂ।’ ਮਕਾਨ ਤੇ ਸ਼ਹਿਰ ਵਿਕਾਸ ਨਿਗਮ ਲਿਮਟਿਡ (ਹੁਡਕੋ), ਜੋ ਇਸ ਕੇਸ ’ਚ ਇਕ ਧਿਰ ਵਜੋਂ ਸ਼ਾਮਲ ਹੈ, ਨੇ ਬਖ਼ਸ਼ੀ ਵੱਲ ਕਰੀਬ 194 ਕਰੋੜ ਰੁਪਏ ਦੀ ਦੇਣਦਾਰੀ ਬਕਾਇਆ ਹੋਣ ਦਾ ਦਾਅਵਾ ਕੀਤਾ ਹੈ।
INDIA ਵਿਦੇਸ਼ ਜਾਣ ਸਬੰਧੀ ਪਟੀਸ਼ਨ ਬਖਸ਼ੀ ਨੇ ਵਾਪਸ ਲਈ