ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਵਿਦੇਸ਼ੀ ਨਿਵੇਸ਼ ਅਤੇ ਰੁਜ਼ਗਾਰ ਦੇ ਨਵੇਂ ਸਾਧਨਾਂ ਦੀ ਭਾਲ ਵਿੱਚ 8 ਦਿਨਾ ਦੌਰੇ ਲਈ ਜਰਮਨੀ ਪੁੱਜ ਗਏ ਹਨ। ਮੁੱਖ ਮੰਤਰੀ ਉਥੇ ਵਪਾਰਕ ਮੇਲੇ ਵਿੱਚ ਹਿੱਸਾ ਲੈਣਗੇ। ਉਹ ਅੱਜ ਦੁਪਹਿਰ ਸਮੇਂ ਮਿਊਨਿਖ ਪਹੁੰਚ ਗਏ, ਜਿੱਥੇ ਜਰਮਨ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮੁੱਖ ਮੰਤਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਆਸ ਜ਼ਾਹਿਰ ਕੀਤੀ ਕਿ ਇਸ ਦੌਰੇ ਨਾਲ ਜਰਮਨੀ ਤੇ ਪੰਜਾਬ ਦੀ ਵਪਾਰਕ ਸਾਂਝ ਵਧੇਗੀ ਅਤੇ ਸੂਬੇ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 8 ਦਿਨਾ ਫੇਰੀ ਦੌਰਾਨ ਵਪਾਰਕ ਮੇਲੇ ਵਿੱਚ ਸ਼ਮੂਲੀਅਤ ਤੋਂ ਇਲਾਵਾ ਸੂਰਜੀ ਊਰਜਾ, ਨਵਿਆਉਣਯੋਗ ਊਰਜਾ, ਖੁਰਾਕੀ ਤਰਲ ਪਦਾਰਥ, ਆਟੋ ਪਾਰਟਸ ਅਤੇ ਖੇਤੀਬਾੜੀ ਸੰਦ ਬਨਾਉਣ ਵਾਲੀਆਂ ਕੰਪਨੀਆਂ ਦੇ ਆਗੂਆਂ ਨਾਲ ਮੀਟਿੰਗਾਂ ਕਰਨਗੇ। ਇਨ੍ਹਾਂ ਕੰਪਨੀਆਂ ਮੂਹਰੇ ਪੰਜਾਬ ਵਿੱਚ ਨਿਵੇਸ਼ ਦੇ ਨਾਲ ਜਰਮਨ ਤਕਨੀਕ ਨਾਲ ਨਵਾਂ ਉਦਯੋਗਿਕ ਖੇਤਰ ਸਥਾਪਿਤ ਕਰਨ ਦੀ ਤਜਵੀਜ਼ ਰੱਖੀ ਜਾਵੇਗੀ।