ਵਿਦਿਆਰਥੀਆਂ ਵੱਲੋਂ ਵੀਸੀ ਦੇ ਮੁਕੰਮਲ ਬਾਈਕਾਟ ਦਾ ਐਲਾਨ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਹੁਣ ਵਾਈਸ ਚਾਂਸਲਰ ਖਿਲਾਫ਼ ਵੱਡਾ ਸੰਘਰਸ਼ ਸ਼ੁਰੂ ਕਰਨ ਦੀ ਤਿਆਰੀ ਵਿੱਢ ਲਈ ਗਈ ਹੈ। ਇਸ ਸੰਘਰਸ਼ ਵਿੱਚ ਵਾਈਸ ਚਾਂਸਲਰ ਦੇ ਹਰੇਕ ਪ੍ਰੋਗਰਾਮ ਵਿੱਚ ਕੀਤੀ ਜਾਣ ਵਾਲੀ ਸ਼ਮੂਲੀਅਤ ਦਾ ਮੁਕੰਮਲ ਬਾਈਕਾਟ ਵੀ ਸ਼ਾਮਲ ਹੈ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਆਗੂ ਅਮਨ ਅਤੇ ਐਨ.ਐਸ.ਯੂ.ਆਈ. ਤੋਂ ਸਚਿਨ ਗਾਲਵ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗਰਲਜ਼ ਹੋਸਟਲ ਨੰਬਰ 4 ਦੀਆਂ ਕੁੜੀਆਂ ਵੱਲੋਂ ਪਿਛਲੇ 15 ਦਿਨਾਂ ਤੋਂ ਹੋਸਟਲ ਵਾਰਡਨ ਖਿਲਾਫ਼ ਧਰਨਾ ਦਿੱਤਾ ਜਾ ਰਿਹਾ ਹੈ ਕਿਉਂਕਿ ਕੁੜੀਆਂ ਅਤੇ ਹੋਸਟਲ ਸਟਾਫ਼ ਪ੍ਰਤੀ ਵਾਰਡਨ ਦਾ ਰਵੱਈਆ ਬਹੁਤ ਤਾਨਾਸ਼ਾਹੀ ਭਰਿਆ ਰਿਹਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਵਾਈਸ ਚਾਂਸਲਰ ਦੀ ਰਿਹਾਇਸ਼ ਦੇ ਬਾਹਰ ਧਰਨੇ ’ਤੇ ਬੈਠੀਆਂ ਕੁੜੀਆਂ ਦੀ ਕੋਈ ਸਾਰ ਨਹੀਂ ਲਈ। ਇਸ ਧਰਨੇ ਵਿੱਚ ਵਿਦਿਆਰਥੀ ਏਕਤਾ ਦਾ ਸਬੂਤ ਦਿੰਦੇ ਹੋਏ ਸਾਰੇ ਵਿਦਿਆਰਥੀ ਸੰਗਠਨਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਵਿਦਿਆਰਥੀ ਸੰਗਠਨਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਹੁਣ ਅੱਗੇ ਤੋਂ ਵਾਈਸ ਚਾਂਸਲਰ ਵੱਲੋਂ ਕਿਸੇ ਵੀ ਪ੍ਰੋਗਰਾਮ ਵਿੱਚ ਕੀਤੀ ਸ਼ਮੂਲੀਅਤ ਦਾ ਬਾਈਕਾਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਾਈਸ ਚਾਂਸਲਰ ਦਫ਼ਤਰ ਦਾ ਘਿਰਾਓ ਅਤੇ ਪੁਤਲੇ ਫੂਕ ਕੇ ਵੀ ਰੋਸ ਪ੍ਰਗਟ ਕੀਤਾ ਜਾਵੇਗਾ।

ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਦਾ ਧਰਨਾ

ਵੀਸੀ ਦਫ਼ਤਰ ਦੇ ਬਾਹਰ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਦਿੱਤਾ ਜਾ ਰਿਹਾ ਦਿਨ-ਰਾਤ ਦਾ ਧਰਨਾ ਅੱਜ 37ਵੇਂ ਦਿਨ ਵੀ ਜਾਰੀ ਰਿਹਾ। ਐਸੋਸੀਏਸ਼ਨ ਦੇ ਚੇਅਰਮੈਨ ਗੁਰਦੀਪ ਸਿੰਘ, ਪ੍ਰਧਾਨ ਬਲਿੰਦਰ ਕੁਮਾਰ ਅਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਪੀ.ਯੂ. ਅਥਾਰਿਟੀ ਨੇ ਧਰਨਾਕਾਰੀ ਵਿਦਿਆਰਥੀਆਂ ਦੀਆਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਪ੍ਰੰਤੂ ਕੁਝ ਵੀ ਲਿਖਤੀ ਤੌਰ ’ਤੇ ਨਹੀਂ ਦਿੱਤਾ ਗਿਆ। ਅੱਜ ਧਰਨੇ ਵਿੱਚ ਲੁਧਿਆਣਾ ਅਤੇ ਮੋਗਾ ਤੋਂ ਅੰਬੇਡਕਰ ਸੰਗਠਨ ਦੇ ਆਗੂਆਂ ਵੱਲੋਂ ਧਰਨੇ ਵਿੱਚ ਪਹੁੰਚ ਕੇ ਸਮਰਥਨ ਦਿੱਤਾ ਗਿਆ। ਏ.ਐਸ.ਏ. ਨੇ ਆਪਣੀ ਜਨਰਲ ਬਾਡੀ ਦੀ ਮੀਟਿੰਗ ਬੁਲਾਈ ਅਤੇ ਫ਼ੈਸਲਾ ਕੀਤਾ ਕਿ ਜੇਕਰ ਪੀ.ਯੂ. ਅਥਾਰਿਟੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਐਸੋਸੀਏਸ਼ਨ ਆਉਣ ਵਾਲੇ 3-4 ਦਿਨਾਂ ਵਿੱਚ ਵੀਸੀ ਦਫ਼ਤਰ ਦੇ ਘਿਰਾਓ ਦਾ ਸੱਦਾ ਦੇਵੇਗੀ।

Previous articleਪੰਜਾਬ ’ਚ ਖਾਲੀ ਹੋਣ ਲੱਗੇ ਅਨਾਜ ਵਾਲੇ ਗੁਦਾਮ
Next articleਜ਼ੀਰਕਪੁਰ ’ਚ ਸਿਰੇ ਨਹੀਂ ਚੜ੍ਹ ਰਹੀ ਸੀਸੀਟੀਵੀ ਕੈਮਰੇ ਲਾਉਣ ਦੀ ਯੋਜਨਾ