ਜੰਡਿਆਲਾ ਗੁਰੂ (ਸਮਾਜ ਵੀਕਲੀ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਵਿੱਚ ਚੱਲ ਰਿਹਾ ‘ਰੇਲ ਰੋਕੋ ਅੰਦੋਲਨ’ ਅੱਜ 53ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਮੀਂਹ ਅਤੇ ਠੰਢ ਦੇ ਬਾਵਜੂਦ ਵੱਡੀ ਗਿਣਤੀ ਕਿਸਾਨ-ਮਜ਼ਦੂਰ ਮੋਰਚੇ ’ਚ ਸ਼ਾਮਲ ਹੋਏ ਅਤੇ ਵਰ੍ਹਦੇ ਮੀਂਹ ’ਚ ਵੀ ਰੇਲਵੇ ਸਟੇਸ਼ਨ ਦੇ ਬਾਹਰ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਕਿਸਾਨ ਮੋਦੀ ਸਰਕਾਰ ਦੇ ਦਬਾਅ ਹੇਠ ਯਾਤਰੂ ਗੱਡੀਆਂ ਨਾ ਚੱਲਣ ਦੇਣ ’ਤੇ ਬਜ਼ਿੱਦ ਹਨ।
ਅੱਜ ਦੇ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ ਅਤੇ ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਗੱਲਬਾਤ ਰਾਹੀਂ ਸਮਾਂ ਲੰਘਾਉਣਾ ਚਾਹੁੰਦੀ ਹੈ, ਨਾ ਕਿ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਸੰਘਰਸ਼ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ 20 ਨਵੰਬਰ ਨੂੰ ਬੁੱਧੀਜੀਵੀਆਂ ਨਾਲ ਰਲ ਕੇ ਕਨਵੈਨਸ਼ਨ ਕੀਤੀ ਜਾਵੇਗੀ ਅਤੇ ਇਸੇ ਦਿਨ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਐਲਾਨ ਵੀ ਕੀਤੇ ਜਾਣਗੇ।
ਕਮੇਟੀ ਦੇ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾਂ ਨੇ ਕਿਹਾ ਕੇਂਦਰ ਦੀ ਸ਼ਰਤ ਕਿ ਪਹਿਲਾਂ ਯਾਤਰੂ ਗੱਡੀਆਂ ਚਲਾਓ ਫਿਰ ਮਾਲ ਗੱਡੀਆਂ ਚੱਲਣਗੀਆਂ, ਇਹ ਗੈਰਵਾਜਬ ਹੈ। ਉਨ੍ਹਾਂ ਦੱਸਿਆ ਗੱਲਬਾਤ ਕਰਨ ਗਏ ਜਥੇਬੰਦੀਆਂ ਦੇ ਆਗੂਆਂ ਮੁਤਾਬਕ ਕੇਂਦਰੀ ਮੰਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਤਿੰਨ ਖੇਤੀ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਇਨ੍ਹਾਂ ਦੇ ਬੁਰੇ ਪੱਖਾਂ ਦਾ ਪਤਾ ਨਹੀਂ ਸੀ ਪਰ ਹੁਣ ਜੇ ਪਤਾ ਲੱਗ ਗਿਆ ਹੈ ਤਾਂ ਕੇਂਦਰੀ ਮੰਤਰੀਆਂ ਨੂੰ ਇਹ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ।
ਕਿਸਾਨ ਆਗੂਆਂ ਨੇ ਕਿਹਾ ਕੇਂਦਰ ਵੱਲੋਂ ਕਮੇਟੀ ਬਣਾਉਣ ਦੀ ਜੋ ਗੱਲ ਕਹੀ ਜਾ ਰਹੀ ਹੈ, ਉਹ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਇੱਕ ਸਾਲ ਲਈ ਮੁਲਤਵੀ ਕਰ ਦੇਣੇ ਚਾਹੀਦੇ ਹਨ, ਫਿਰ ਕਮੇਟੀ ਬਣਾਉਣੀ ਚਾਹੀਦੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਬੀਤੇ ਦਿਨ ਕਾਲੀ ਦੀਵਾਲੀ ਮਨਾਉਂਦਿਆਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ 200 ਪਿੰਡਾਂ ਅਤੇ ਪੰਜਾਬ ਦੇ 11 ਜ਼ਿਲ੍ਹਿਆਂ ਦੇ 812 ਪਿੰਡਾਂ ਵਿੱਚ ਅਰਥੀਆਂ ਫੂਕੀਆਂ ਗਈਆਂ। ਇਸੇ ਤਰ੍ਹਾਂ ਪਿੰਡ ਪੰਧੇਰ ਕਲਾਂ, ਮਜੀਠਾ, ਅੰਤਰਰਾਜੀ ਬੱਸ ਅੱਡਾ ਅੰਮ੍ਰਿਤਸਰ, ਪਿੰਡ ਚੱਬਾ ਵਿੱਚ ਅੰਮ੍ਰਿਤਸਰ-ਹਰੀਕੇ ਮਾਰਗ ਜਾਮ ਕਰਕੇ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ।