ਹਿਸੂਆ/ਭਾਗਲਪੁਰ (ਸਮਾਜ ਵੀਕਲੀ) : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਮੁੜ ਦੋਸ਼ ਲਾਇਆ ਹੈ ਕਿ ਉਨ੍ਹਾਂ ਲੱਦਾਖ ’ਚ ਭਾਰਤੀ ਇਲਾਕੇ ਅੰਦਰ ਕੋਈ ਘੁਸਪੈਠ ਨਾ ਹੋਣ ਦਾ ਦਾਅਵਾ ਕਰਕੇ ਜਵਾਨਾਂ ਦਾ ‘ਅਪਮਾਨ’ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਉਹ ਮੁਲਕ ਨੂੰ ਦੱਸਣ ਕਿ ਚੀਨੀ ਫ਼ੌਜ ਨੂੰ ਕਦੋਂ ‘ਖਦੇਿੜਆ’ ਜਾਵੇਗਾ।
ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਪਲੇਠੀ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ,‘‘ਚੀਨ ਨੇ ਸਾਡੀ 1200 ਕਿਲੋਮੀਟਰ ਧਰਤੀ ’ਤੇ ਕਬਜ਼ਾ ਕਰ ਲਿਆ ਹੈ। ਪਰ ਜਦੋਂ ਚੀਨੀ ਫ਼ੌਜ ਘੁਸਪੈਠ ਕਰ ਚੁੱਕੀ ਸੀ ਤਾਂ ਪ੍ਰਧਾਨ ਮੰਤਰੀ ਨੇ ਸਾਡੇ ਜਵਾਨਾਂ ਦਾ ਇਹ ਆਖ ਕੇ ਅਪਮਾਨ ਕਿਉਂ ਕੀਤਾ ਕਿ ਸਾਡੇ ਇਲਾਕੇ ’ਚ ਕੋਈ ਦਾਖ਼ਲ ਨਹੀਂ ਹੋਇਆ ਹੈ?’’ ਕਾਂਗਰਸ ਆਗੂ ਨੇ ਲੌਕਡਾਊਨ ਦੌਰਾਨ ਪਰਵਾਸੀ ਸੰਕਟ ’ਤੇ ਵੀ ਕੇਂਦਰ ਨੂੰ ਘੇਰਿਆ।
ਉਨ੍ਹਾਂ ਕਿਹਾ ਕਿ ਜਦੋਂ ਬਿਹਾਰ ਦੇ ਕਾਮੇ ਹੋਰ ਸੂਬਿਆਂ ’ਚੋਂ ਆਪਣੇ ਘਰਾਂ ਨੂੰ ਪਰਤ ਰਹੇ ਸਨ ਤਾਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕੀਤੀ। ‘ਉਹ ਮਜ਼ਦੂਰਾਂ ਅੱਗੇ ਝੁਕਦੇ ਹਨ ਪਰ ਜਦੋਂ ਉਨ੍ਹਾਂ ਦੀ ਸਹਾਇਤਾ ਕਰਨ ਦੀ ਲੋੜ ਹੁੰਦੀ ਹੈ ਤਾਂ ਉਹ ਪਿੱਛੇ ਹਟ ਜਾਂਦੇ ਹਾਂ।’ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਿਹਾਰੀਆਂ ਨੂੰ ਦੱਸਣ ਕਿ ਉਨ੍ਹਾਂ ਕਿੰਨੀਆਂ ਨੌਕਰੀਆਂ ਦਿੱਤੀਆਂ ਹਨ।