ਲੌਕਡਾਊਨ ਦੌਰਾਨ ਤਸਕਰੀ ਘਟੀ, ਪਰ ਮਹਿੰਗੇ ਭਾਅ ’ਤੇ ਵਿਕ ਰਹੀ ਹੈ ਸ਼ਰਾਬ

ਲਖਨਊ (ਸਮਾਜਵੀਕਲੀ) ਕਰੋਨਾਵਾਇਰਸ ਦੇ ਮੱਦੇਨਜ਼ਰ 21 ਦਿਨਾਂ ਦੇ ਕੀਤੇ ਗਏ ਦੇਸ਼ਵਿਆਪੀ ਲੌਕਡਾਊਨ ਦੌਰਾਨ ਭਾਵੇਂ ਕਿ ਉੱਤਰ ਪ੍ਰਦੇਸ਼ ਵਿੱਚ ਸ਼ਰਾਬ ਤਸਕਰੀ ਤਾਂ ਘਟੀ ਹੈ ਪਰ ਮਹਿੰਗੇ ਭਾਅ ’ਤੇ ਇਹ ਹੁਣੇ ਵੀ ਵਿਕ ਰਹੀ ਹੈ। 22 ਮਾਰਚ ਨੂੰ ਜਨਤਾ ਕਰਫਿਊ ਦੇ ਨਾਲ ਲੌਕਡਾਊਨ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਬਹੁਤ ਘੱਟ ਲੋਕ ਸ਼ਰਾਬ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਹਨ।

ਪੁਲੀਸ ਦੇ ਸੂਤਰਾਂ ਅਨੁਸਾਰ ਲੌਕਡਾਊਨ ਦੌਰਾਨ ਵੱਖ ਵੱਖ ਜ਼ਿਲ੍ਹਿਆਂ ਵਿੱਚ ਸ਼ਰਾਬ ਤਸਕਰੀ ਦੇ ਦੋਸ਼ ਹੇਠ ਸਿਰਫ਼ 12 ਕੁ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਲੌਕਡਾਊਨ ਦੌਰਾਨ ਸਖ਼ਤ ਚੈਕਿੰਗ ਹੋਣ ਅਤੇ ਪਿਛਲੇ ਦਿਨਾਂ ਦੌਰਾਨ ਨਰਾਤੇ ਹੋਣ ਕਾਰਨ ਸ਼ਰਾਬ ਦੀ ਤਸਕਰੀ ਨਹੀਂ ਹੋਈ ਹੈ।

ਹਾਲਾਂਕਿ, ਰੋਜ਼ ਦੇ ਪੀਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਸੰਦ ਦੀ ਸ਼ਰਾਬ ਆਸਾਨੀ ਨਾਲ ਮਹਿੰਗੇ ਭਾਅ ’ਤੇ ਲਖਨਊ ਵਿੱਚ ਉਪਲਬਧ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੀ ਜਿਹੜੀ ਬੋਤਲ ਆਮ ਤੌਰ ’ਤੇ 600 ਰੁਪਏ ਵਿੱਚ ਵਿਕਦੀ ਹੈ, ਉਹ ਇਸ ਵੇਲੇ 1600 ਰੁਪਏ ਵਿੱਚ ਮਿਲ ਰਹੀ ਹੈ ਜਦੋਂ ਕਿ 800 ਰੁਪਏ ਵਾਲੀ ਬੋਤਲ 2200 ਤੋਂ 2400 ਰੁਪਏ ਵਿਚ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਠੇਕੇ ਅੱਗੇ ਤੋਂ ਬੰਦ ਹਨ ਪਰ ਜਾਣਕਾਰਾਂ ਨੂੰ ਪਿਛਲੇ ਪਾਸਿਓਂ ਆਸਾਨੀ ਨਾਲ ਸ਼ਰਾਬ ਮਿਲ ਰਹੀ ਹੈ।

ਇਸੇ ਦੌਰਾਨ ਪੁਲੀਸ ਨੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਅੱਠ ਪ੍ਰਮੁੱਖ ਤੇ ਚਾਰ ਮਾਈਨਰ ਕੋਵਿਡ-19 ਹੌਟਸਪੌਟਸ ਵਿੱਚ ਚੌਕਸੀ ਤੇ ਨਾਕੇ ਵਧਾ ਦਿੱਤੇ ਹਨ। ਲਖਨਊ ਦੇ ਪੁਲੀਸ ਕਮਿਸ਼ਨਰ ਸੁਜੀਤ ਪਾਂਡੇ ਨੇ ਕਿਹਾ ਕਿ ਪੁਲੀਸ ਦੀਆਂ ਟੀਮਾਂ ਵੱਲੋਂ ਮੁਹੱਲਿਆਂ ਵਿੱਚ ਲਗਾਤਾਰ ਪੈਟਰੋਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਆਪਣੇ ਘਰਾਂ ਵਿੱਚੋਂ ਬਾਹਰ ਨਾ ਨਿਕਲੇ। ਉਨ੍ਹਾਂ ਕਿਹਾ ਕਿ 15 ਅਪਰੈਲ ਤੱਕ ਸ਼ਹਿਰ ਵਿਚ ਸਾਰੇ ਹੌਟਸਪੌਟਸ ਪੂਰੀ ਤਰ੍ਹਾਂ ਸੀਲ ਕੀਤੇ ਹੋਏ ਹਨ। ਇਸ ਦੌਰਾਨ ਮੁਹੱਲਿਆਂ ਵਿਚ ਸਥਿਤ ਸਾਰੀਆਂ ਇਕਾਈਆਂ ਬੰਦ ਰਹਿਣਗੀਆਂ ਅਤੇ ਮੀਡੀਆ ਦਾ ਦਾਖ਼ਲਾ ਵੀ ਬੰਦ ਕੀਤਾ ਹੋਇਆ ਹੈ। ਇਨ੍ਹਾਂ ਮੁਹੱਲਿਆਂ ਵਿੱਚ ਜ਼ਰੂਰੀ ਵਸਤਾਂ ਦੀ ਘੱਟੋ-ਘੱਟ ਸਪਲਾਈ ਕੀਤੀ ਜਾਵੇਗੀ।

Previous articleਲੌਕਡਾਊਨ ਦੌਰਾਨ ਤਸਕਰੀ ਘਟੀ, ਪਰ ਮਹਿੰਗੇ ਭਾਅ ’ਤੇ ਵਿਕ ਰਹੀ ਹੈ ਸ਼ਰਾਬ
Next articleBoris Johnson must rest up, says UK PM’s father