(ਸਮਾਜ ਵੀਕਲੀ)
ਸਵਾਲ ਇਹ ਚੱਲ ਕੀ ਰਿਹੈ? ਇਹ ਸਵਾਲ ਵਾਰ-ਵਾਰ ਚੋਣਾਂ ਵਾਂਗੂੰ ਲੋਕਾਂ ਸਾਹਮਣੇ ਆ ਖੜ੍ਹਦਾ ਹੈ। ਚੱਲ ਕਿਉਂ ਰਿਹੈ? ਇਸ ਦਾ ਲੱਖਣ ਲੋਕ ਕੱਚਾ-ਪੱਕਾ ਆਪਣੀ ਸਮਝ ਅਨੁਸਾਰ ਲਗਾ ਲੈਂਦੇ ਹਨ। ਚੱਲ ਕਿਵੇਂ ਰਿਹਾ ਹੈ? ਇਸ ਤੇ ਉਹ ਦੰਦ ਕਿਰਚਦੇ ਹਨ। ਆਪਣਾ ਲਹੂ ਸਾੜਦੇ ਹਨ। ਮਨ ਨਫ਼ਰਤ ਨਾਲ ਭਰ ਜਾਂਦਾ ਹੈ ਅਤੇ ਉਨ੍ਹਾਂ ਦਾ ਮੂੰਹ ਕੁੜੱਤਣ ਨਾਲ ਭਰ ਜਾਂਦਾ ਹੈ। ਇੱਥੇ ਫਿਰ ਉਹੀ ਅਟੁੱਟ ਚੱਕਰ ਸ਼ੁਰੂ ਹੋ ਜਾਂਦਾ ਹੈ ਕਿ ਇਹ ਚੱਲ ਕੀ ਰਿਹਾ ਹੈ।
ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੀ ਹੋਣੀ ਇਸ ਚੱਕਰ ਵਿੱਚ ਉਲਝਾਉਣ ਵਿੱਚ ਨਾ ਕਦੇ ਕੇਂਦਰ ਨੇ ਕਸਰ ਛੱਡੀ ਅਤੇ ਨਾ ਹੀ ਸੂਬੇ ਦੀਆਂ ਨਾਲਾਇਕ ਸਰਕਾਰਾਂ ਨੇ। ਦੇਸ ਦੀ ਖੜਗ ਭੁਜਾ ਨੂੰ ਪਾਕਿਸਤਾਨ ਬਣਾ ਕੇ ਕੂਹਣੀ ਕੋਲੋਂ ਵੱਢ ਦਿੱਤਾ। 66 ਵਿੱਚ ਆਪਣਿਆਂ ਨੇ ਫੇਰ ਡੌਲੇ ਕੋਲੋਂ ਵੱਢ ਲਈ ਤੇ ਮੋਢੇ ਵੀ ਡੂੰਘੇ ਛਿੱਲ ਦਿੱਤੇ। ਹਾਏ ਉਹ ਕਾਲੇ ਦਿਨਾਂ ਦੀ ਹਨੇਰੀ ਆਈ ਅਤੇ ਪੰਜਾਬ ਦੀ ਜਵਾਨੀ ਨੂੰ ਖਾ ਗਈ।
ਫਿਰ ਵੀ ਦੋਖੀਆਂ ਨੂੰ ਸ਼ਰਮ ਕਿੱਥੇ, ਰਹਿਮ ਕਿੱਥੇ, ਚੈਨ ਕਿੱਥੇ??? ਹਰੀ ਕ੍ਰਾਂਤੀ ਨਾਉਂ ਹੇਠ ਮਿੱਟੀ ਵਿਚ ਜ਼ਹਿਰ ਘੋਲ਼ੇ, ਪਾਣੀ ਸੁਕਾ ਦਿੱਤੇ, ਅਨਾਜ ਦੀ ਵੰਨ ਸੁਵੰਨਤਾ ਖ਼ਤਮ ਕਰ ਦਿੱਤੀ, ਕਰਜੇ ਦਾ ਐਸਾ ਭੁਸ ਪਾਇਆ ਕਿ ਉਹ ਗਲ਼ਾ ਲਈ ਫਾਹਾ ਹੋ ਨਿਬੜਿਆ। ਨਕਲੀ ਸਪਰੇਅ, ਨਕਲੀ ਬੀਜ ਅਤੇ ਖਾਦ ਵਿਚ ਮਿਲਾਵਟ ਕਰਕੇ ਕੀੜਿਆਂ ਦਾ ਰੱਖਿਆ ਤੰਤਰ ਇੰਨਾ ਮਜ਼ਬੂਤ ਬਣਾ ਦਿੱਤਾ ਕਿ ਹੁਣ ਉਹ ਬੇਕਾਬੂ ਹੋ ਰਹੇ ਹਨ। ਘਰ ਘਰ ਨੌਕਰੀ ਨਹੀਂ ਪਹੁੰਚੀ, ਖੁਸ਼ਹਾਲੀ ਨਹੀਂ ਪਹੁੰਚੀ, ਕੈਂਸਰ ਪਹੁੰਚ ਗਿਆ, ਕਾਲਾ ਪੀਲੀਆ, ਹਾਈ ਬਲੱਡ ਪ੍ਰੈਸ਼ਰ, ਅਧਰੰਗ, ਹਾਰਟ ਅਟੈਕ, ਐਲਰਜੀਆਂ, ਨਿਪੁੰਸਕਤਾ, ਬਾਂਝਪਣ, ਨਸ਼ੇ ਜ਼ਰੂਰ ਪਹੁੰਚ ਗਏ।
ਵੱਡੇ ਟੱਕ ਟੁਕੜੇ ਹੋ ਗਏ। ਟੁੱਟੇ ਕਦੋਂ ਜੁੜੇ ਨੇ? ਟੋਟਿਆਂ ਨਾਲ ਕਿੰਨਾ ਕੁ ਜੁੜਦਾ? ਫੋਕੀਆਂ ਅਣਖਾਂ ਦੇ ਗੀਤਾਂ ਨੇ ਕਤਲਾਂ ਅਤੇ ਮੁਕੱਦਮੇਬਾਜ਼ੀਆਂ ਦਾ ਚੱਕਰਵਿਊ ਉਸਾਰ ਦਿੱਤਾ। ਹਨੇਰੇ ਵਰਤਮਾਨ ਦੇ ਸਤਾਏ ਪੁੱਤ – ਧੀ ਪਰਦੇਸੀ ਹੋ ਗਏ। ਵੋਟ ਬੈਂਕ ਦੀ ਕੋਝੀ ਰਾਜਨੀਤੀ ਨੇ ਗੈਰ-ਪੰਜਾਬੀਆਂ ਨੂੰ ਇੱਥੇ ਸਥਾਪਿਤ ਕੀਤਾ ਅਤੇ ਪੰਜਾਬੀਆਂ ਨੂੰ ਰੁਜ਼ਗਾਰ ਤੋਂ ਲਾਂਭੇ ਸੁੱਟ ਦਿੱਤਾ। ਹਰ ਖੁੱਲ੍ਹੀ ਅੱਖ ਰੋਈ। ਹੰਝੂ ਪੂੰਝਣ ਰੰਗਾਂ ਦੀਆਂ ਸਿਆਸਤਾਂ ਆਈਆਂ। ਉਹ ਅੱਖ ਭੰਨਣ ਤੱਕ ਗਈਆਂ।ਖੇਤਰ ਅਤੇ ਅਬਾਦੀ ਨਾਲ ਪ੍ਰਤੀਨਿਧੀ ਚੁਣ ਕੇ ਲੋਕਤੰਤਰ ਦੇ ਕੇਂਦਰੀ ਮੰਦਰ ਵਿਚ ਭੇਜਣੇ ਸਨ। ਦੋਵਾਂ ਤੋਂ ਪੰਜਾਬ ਨੂੰ ਵਿਹੂਣਾ ਕਰਕੇ ਢਾਈ ਟੋਟਰੂ ਰੱਖ ਦਿੱਤੇ। ਹੁਣ ਕੀ ਗੰਜੀ ਕੇਸੀ ਨਹਾਊਂ ਅਤੇ ਕੀ ਨਿਚੋੜੂ।
ਹਰ ਨੀਤੀ ਪੰਜਾਬ ਦੇ ਉਜਾੜੇ ਦੀ। ਹੱਦ ਹੋ ਗਈ। ਇੱਕ ਵੀ ਅਜਿਹਾ ਸਰਕਾਰੀ ਹਸਪਤਾਲ ਨਹੀਂ ਬਣ ਸਕਿਆ ਜਿੱਥੇ ਸਾਬਕਾ ਉਪ ਮੁੱਖ ਮੰਤਰੀ ਦਾ ਇਲਾਜ ਹੋ ਜਾਂਦਾ। ਲਾਹਨਤਾਂ ਅਜਿਹੇ ਲੰਬੇ ਰਾਜ ਕਰਨ ਉੱਤੇ। ਉਨ੍ਹਾਂ ਨੂੰ ਹੀ ਕਿਉਂ ਅੱਜ ਤੱਕ ਰਾਜ ਕਰਕੇ ਗਈ ਜਾਂ ਕਰ ਰਹੀ ਹਰ ਧਿਰ ਲਈ ਫਿੱਟ ਲਾਹਣਤ ਹੈ।ਇਹ ਲਾਹਣਤ ਸਾਰਾ ਪੰਜਾਬ ਪਾਵੇ।
ਹਰ ਸੱਚਾ ਪੰਜਾਬੀ ਪਾਵੇ। ਇੰਡਸਟਰੀ ਦਾ ਭੋਗ ਪਾ ਦਿੱਤਾ ਪੰਜਾਬ ਵਿੱਚੋਂ। ਐਨੀ ਹਿੱਸੇਦਾਰੀ ਮੰਗੀ, ਐਨਾ ਟੈਕਸਾਂ ਦਾ ਬੋਝ ਪਾਇਆ। ਸਰਕਾਰਾਂ , ਸਰਕਾਰ ਨਾ ਰਹੀਆਂ, ਮਾਫੀਆ ਹੋ ਗਈਆਂ, ਕਦੇ ਰੇਤ ਦਾ, ਕਦੇ ਟ੍ਰਾਂਸਪੋਰਟ ਦਾ, ਕਦੇ ਹੋਟਲਾਂ ਦਾ ਮੌਜੂਦਾ ਸਰਕਾਰ ਕੋਲ ਆਪਣੇ ਆਪ ਨੂੰ ਪੇਸ਼ ਕਰਨ ਲਈ ਕੁਝ ਨਹੀਂ। ਜਿਵੇਂ ਇਸ ਨੇ ਲੋਕਾਂ ਦੀ ਝੋਲੀ ਖਾਲ਼ੀ ਰੱਖੀ ਹੈ ਪੱਲੇ ਇਸ ਦੇ ਵੀ ਫੋਕੀ ਚੌਧਰ ਹੀ ਰਹਿ ਗਈ ਹੈ। ਅੰਨ੍ਹੇ ਵਾਂਗੂੰ ਚਹੇਤਿਆਂ ਨੂੰ ਅੰਨ੍ਹੇਵਾਹ ਰਿਊੜੀਆਂ ਵੰਡਣ ਤੋਂ ਇਲਾਵਾ ਹੋਰ ਕੋਈ ਪ੍ਰਾਪਤੀ ਨਹੀਂ। ਪੰਜਾਬ ਬਾਕੀ ਮੁਲਖ ਤੋਂ ਉਲਟ ਚੱਲ ਕੇ ਕਾਂਗਰਸ ਦੀ ਦੇਸ ਚੋਂ ਸਥਿਤੀ ਸਫ਼ਚੱਟ ਹੋਣ ਤੋਂ ਬਚਾਅ ਗਿਆ। ਪਰ ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ ਵਾਂਗੂੰ ਐਨਾ ਨਿਕੰਮਾਪਨ ਅਤੇ ਘਟੀਆ ਕਾਰਗੁਜ਼ਾਰੀ ਕਿ ਪੁੱਛੋ ਨਾ।
ਕਰੋਨਾ ਕੀ ਆਇਆ ਨਜ਼ਾਰੇ ਬੱਝ ਗਏ। ਲੋਕ ਘਰਾਂ ਵਿੱਚ ਕੈਦ ਕਰ ਦਿੱਤੇ। ਜਾਬਰ ਮਸ਼ੀਨਰੀ ਖੋਲ੍ਹ ਦਿੱਤੀ ਜਿਸਨੇ ਨਾ ਕੋਈ ਕਾਰਨ ਪੁੱਛਿਆ ਨਾ ਮਜ਼ਬੂਰੀ ਦੇਖੀ, ਨਾ ਬੱਚਾ ਦੇਖਿਆ ਨਾ ਬਜ਼ੁਰਗ, ਆਪਣੀ ਬੇਸ਼ਰਮੀ ਦੀ ਸੋਟੀ ਨਾਲ ਸਭ ਨੂੰ ਕੁੱਟ ਕੁੱਟ ਨੀਲ ਪਾ ਦਿੱਤੇ। ਪੈਸੇ ਦੇ ਪੁੱਤ ਬਣੇ ਬਹੁ-ਗਿਣਤੀ ਪ੍ਰਾਈਵੇਟ ਹਸਪਤਾਲਾਂ ਨੇ ਬੂਹੇ ਬੰਦ ਕਰ ਲਏ। ਸਰਕਾਰੀ ਹਸਪਤਾਲਾਂ ਵਿੱਚੋਂ ਵੀ ਹੇਠਲੇ ਕਰਮਚਾਰੀਆਂ ਨੂੰ ਬਹੁਤ ਕੁਝ ਸਹਿਣ ਕਰਨਾ ਪਿਆ। ਪਹਿਲਾਂ ਪਹਿਲਾਂ ਉਨ੍ਹਾਂ ਵੀਡੀਓ ਜਾਰੀ ਕੀਤੀਆਂ ਫਿਰ ਆਵਾਜ਼ਾਂ ਦੱਬ ਦਿੱਤੀਆਂ ਗਈਆਂ। ਸਭ ਤੋਂ ਵੱਡਾ ਧੱਕਾ ਸਿੱਖਿਆ ਨਾਲ ਅਤੇ ਵਿਦਿਆਰਥੀਆਂ ਨਾਲ ਕੀਤਾ ਗਿਆ।
ਸਰਕਾਰ ਨੇ ਸਭ ਕੁਝ ਮੁੜ ਚਾਲੂ ਕਰ ਦਿੱਤਾ ਪਰ ਸਕੂਲ ਖੁਲਵਾਉਣ ਲਈ ਧਰਨੇ ਲਗਾਉਣੇ ਪਏ, ਮੰਗ ਪੱਤਰ ਦੇਣੇ ਪਏ। ਉਹ ਵੀ ਇੱਕ ਦਮ ਕੱਛ ਵਿੱਚੋਂ ਮੂੰਗਲਾ ਕੱਢ ਮਾਰਿਆ। ਆ ਹੁਣ ਫਿਰ ਸਕੂਲ ਬੰਦ। ਪੇਪਰ ਲੈਂਦੇ ਲੈਂਦੇ ਇੱਕ ਦਮ ਮੋਦੀ ਦੀ ਜੁੱਤੀ ਤੋਂ ਘਾਬਰ ਕੇ ਹਾਏ ਕਰੋਨਾ ਨੇ ਖਾ ਲਏ, ਹਾਏ ਕਰੋਨਾ ਨੇ ਖਾ ਲਏ ਹੋ ਗਈ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ 2 ਕਿਲੋਮੀਟਰ ਦੂਰ ਦੇ ਪਿੰਡਾਂ ਸ਼ਹਿਰਾਂ ਵਿੱਚ ਕੋਈ ਕਰੋਨਾ ਨਹੀਂ। ਉੱਥੇ ਸਕੂਲ ਖੁੱਲ੍ਹੇ ਹਨ। ਸਕੂਲਾਂ ਵਿੱਚ ਬੱਚੇ ਨਹੀਂ ਆ ਰਹੇ। ਪ੍ਰੀਖਿਆ ਨਹੀਂ ਹੋ ਰਹੀ। ਪੈਲੇਸ ਅਤੇ ਸਿਨੇਮਾ ਵਿੱਚ, ਮਾਲ ਵਿੱਚ ਕਰੋਨਾ ਨਾਲ ਜੋ ਸਮਝੌਤਾ ਕੀਤਾ ਹੈ ਉਸ ਉੱਤੇ ਇੱਕ ਦਸਤਖਤ ਸਕੂਲਾਂ ਬਾਰੇ ਵੀ ਕਰਵਾ ਲੈਣੇ ਸੀ ਲਗਦੇ ਹੱਥ। ਵੈਸੇ ਵੀ ਕਰੋਨਾ ਰਾਤ ਨੂੰ ਆਉਣਾ ਹੈ ਤਾਂ ਹੀ ਰਾਤ ਦਾ ਕਰਫਿਊ ਹੈ। ਉਹ ਦੁਪਹਿਰੇ ਇੱਕ ਦੋ ਘੰਟੇ ਟ੍ਰੈਫਿਕ ਰੋਕ ਕੇ ਕਰੋਨਾ ਨੂੰ ਲੰਚ-ਬ੍ਰੇਕ ਵੀ ਦਿੱਤੀ ਗਈ ਹੈ।
ਅਖੇ ਮ੍ਰਿਤਕਾਂ ਨੂੰ ਮੋਨ ਸ਼ਰਧਾਂਜਲੀ। ਸ਼ਰਮ ਕਰੋ। ਢੰਗ ਦੇ ਹਸਪਤਾਲ ਬਣਾਓ, ਸਿਹਤ ਸਹੂਲਤਾਂ ਦਿਓ। ਮਰਨ ਤੋਂ ਬਚਾਓ ਲੋਕਾਂ ਨੂੰ। ਸ਼ਰਧਾਂਜਲੀ ਬਿਨਾਂ ਸਰ ਜਾਊ। ਗੱਲ ਸਕੂਲਾਂ ਦੀ ਚੱਲ ਰਹੀ ਸੀ। ਦੋ ਦੋ ਜਮਾਤਾਂ ਦੇ ਸਵੇਰ ਸ਼ਾਮ ਸ਼ੈਸ਼ਨ ਵਿਚ ਪੇਪਰ ਠੀਕ ਚੱਲ ਰਹੇ ਸਨ। ਜੇ ਫਿਰ ਵੀ ਖਤਰਾ ਲੱਗਦਾ ਸੀ ਤਾਂ ਇਕੱਲੀ ਇਕੱਲੀ ਜਮਾਤ ਦੀ ਪ੍ਰੀਖਿਆ ਲਈ ਜਾ ਸਕਦੀ ਸੀ। ਮਾਰਚ ਖ਼ਤਮ ਕਰੋਨਾ ਖ਼ਤਮ ਇਹ ਤਾਂ ਕੋਈ ਕਹਿ ਨਹੀਂ ਸਕਦਾ। ਲੋਕ ਤਾਂ ਮੰਨ ਹੀ ਨਹੀਂ ਰਹੇ ਉਹ ਤਾਂ ਝੱਟ ਮੋਦੀ ਦੀਆਂ ਰੈਲੀਆਂ,ਕਿਸਾਨ ਮਹਾਪੰਚਾਇਤਾਂ ਦੀ ਉਦਾਹਰਣ ਦੇ ਦਿੰਦੇ ਹਨ ਕਿ ਜੇ ਉੱਥੇ ਨਹੀਂ ਤਾਂ ਇੱਥੇ ਨਹੀਂ।
ਸਵਾਲ ਤਾਂ ਸਰਕਾਰ ਉੱਤੇ ਹੈ ਕਿ ਕਦੋਂ ਹੋਵੇਗੀ ਪ੍ਰੀਖਿਆ। ਵਿਦਿਆਰਥੀ ਪ੍ਰੇਸ਼ਾਨ ਹੈ, ਮਾਪੇ ਪ੍ਰੇਸ਼ਾਨ ਹਨ। ਬੱਚੇ ਘਰ ਹਨ। ਅਧਿਆਪਕ ਸਕੂਲ ਜਾ ਰਹੇ ਹਨ। ਉਨ੍ਹਾਂ ਨੂੰ ਪਿੰਡਾਂ ਵਿੱਚ ਦਾਖਲੇ ਵਧਾਉਣ ਲਈ ਘਰਾਂ ਵਿਚ ਗੇੜੇ ਕੱਢਦੇ ਵੇਖਿਆ ਜਾ ਸਕਦਾ ਹੈ। ਉਹ ਵੱਡੀ ਗਿਣਤੀ ਲੋਕਾਂ ਦੇ ਸੰਪਰਕ ਵਿੱਚ ਆ ਕੇ ਕਰੋਨਾ ਦੇ ਵਾਹਕ ਬਣਨਗੇ। ਫਿਰ ਘਰ ਬੈਠ ਬੱਚੇ ਕਿਵੇਂ ਸੁਰੱਖਿਅਤ ਹਨ, ਉਹ ਸਿਰਫ ਸਕੂਲ ਨਹੀਂ ਜਾ ਰਹੇ ਬਾਕੀ ਸਭ ਗਲੀਆਂ, ਸੱਥਾਂ, ਬਜ਼ਾਰਾਂ, ਮੇਲਿਆਂ, ਮੰਦਰਾਂ, ਲੰਗਰਾਂ, ਦੀਵਾਨਾਂ, ਵਿੱਚ ਬੇਖੌਫ਼, ਨਿਸ਼ਚਿਤ ਵਿਚਰ ਰਹੇ ਹਨ। ਕਰੋਨਾ ਦੀ ਖੇਡ ਦਾ ਬੈਂਡ ਵਜਾ ਰਹੇ ਹਨ। ਫਿਰ ਬੰਦ ਦੇ ਹੁਕਮਾਂ ਨੂੰ ਲਾਗੂ ਕਰਨ ਵਿੱਚ ਭੇਦਭਾਵ ਹੈ।
ਦਿੱਲੀ ਵਿੱਚ ਕਿਸਾਨ ਮੋਰਚਾ ਜੋ ਹੁਣ ਜਨ ਮੋਰਚਾ ਬਣ ਚੁੱਕਿਆ ਹੈ ਲੰਮੇ ਸਮੇਂ ਤੋਂ ਇਕੱਠੇ ਬੈਠੇ ਕਿਸਾਨ ਤੇ ਮਜ਼ਦੂਰ, ਉਨ੍ਹਾਂ ਦੀ ਡੇਢ ਮੀਟਰ ਦੂਰੀ ਤੇ ਮਾਸਕ ਉਨ੍ਹਾਂ ਕੋਲ ਨਹੀਂ ਕੀ ਉਨ੍ਹਾਂ ਤੋਂ ਕੋਰੋਨਾ ਡਰਦਾ ਹੈ।ਕਿਸਾਨ ਮੋਰਚੇ ਤੋਂ ਪਹਿਲਾਂ ਦਿੱਲੀ ਵਿੱਚ ਮਰਨ ਵਾਲਿਆਂ ਦੀ ਗਿਣਤੀ ਪ੍ਰਤੀਸ਼ਤ ਵੱਧ ਸੀ ਜੋ ਮੋਰਚਾ ਚਾਲੂ ਹੋਣ ਤੋਂ ਬਾਅਦ ਘਟ ਗਈ ਹੈ।ਪੰਜ ਰਾਜਾਂ ਵਿੱਚ ਚੋਣ ਰੈਲੀਆਂ ਚਾਲੂ ਹਨ ਕਿ ਉਸ ਲਈ ਕੋਰੋਨਾ ਤੇ ਕੋਈ ਖ਼ਾਸ ਪਾਬੰਦੀ ਸਰਕਾਰ ਨੇ ਲਗਾ ਕੇ ਰੱਖੀ ਹੈ।ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਸਾਲ ਬਾਕੀ ਹੈ ਪਰ ਰਾਜਨੀਤਕ ਪਾਰਟੀਆਂ ਨੂੰ ਸ਼ਾਇਦ ਪਤਾ ਨਹੀਂ,ਇਥੋਂ ਦਾ ਵੋਟਰ ਆਪਣੇ ਹੱਕ ਮੰਗਣ ਲਈ ਦਿੱਲੀ ਵਿੱਚ ਬੈਠਾ ਹੈ ਇਨ੍ਹਾਂ ਦੀਆਂ ਰੈਲੀਆਂ ਤੇ ਖ਼ਾਸ ਮੀਟਿੰਗਾਂ ਚੱਲ ਰਹੀਆਂ ਹਨ।
ਆਪਣੀਆਂ ਰੈਲੀਆਂ ਵਿਚ ਵੱਧ ਗਿਣਤੀ ਦੀ ਤਸਵੀਰ ਦਿਖਾ ਕੇ ਆਪਣੀਆਂ ਹਿੱਕਾਂ ਥਾਪੜਦੇ ਹਨ, ਕੀ ਉਨ੍ਹਾਂ ਤੇ ਕੋਰੋਨਾ ਹਮਲਾ ਨਹੀਂ ਕਰਦਾ ਰਾਜਨੀਤਕ ਪਾਰਟੀਆਂ ਦਾ ਕੱਚ ਤੇ ਸੱਚ ਸ਼ਰ੍ਹੇਆਮ ਸਾਹਮਣੇ ਆ ਰਿਹਾ ਹੈ ਕਿਸਾਨ ਤੇ ਮਜ਼ਦੂਰ ਕਿੰਨੇ ਦੁੱਖ ਸਹਿ ਰਹੇ ਹਨ ਇੱਥੇ ਕੁਰਸੀ ਦੀ ਭੁੱਖ ਲਈ ਰੈਲੀਆਂ ਚਾਲੂ ਹਨ।ਕੀ ਮੇਰੇ ਪੰਜਾਬ ਵਾਸੀਓ ਰਾਜਨੀਤਕ ਪਾਰਟੀਆਂ ਦਾ ਜਨਤਾ ਦੀ ਸੇਵਾ ਵਾਲਾ ਰਾਗ ਸਮਝ ਰਹੇ ਹੋ?ਸਰਕਾਰੀ ਸਕੂਲ ਬੰਦ ਪਏ ਹਨ ਚਲੋ ਕੁਰਸੀ ਤੇ ਬੈਠੀ ਸਰਕਾਰ ਨੂੰ ਤਾਂ ਛੱਡੋ ਕਿਉਂਕਿ ਉਹ ਤਾਂ ਵੱਡੇ ਲੋਕ ਜਿਨ੍ਹਾਂ ਨੇ ਸਕੂਲਾਂ ਨਾਲ ਕਮਾਈ ਦਾ ਨਵਾਂ ਸਾਧਨ ਚੁਣਿਆ ਹੈ ਉਨ੍ਹਾਂ ਵੱਲ ਭੁਗਤ ਰਹੀ ਹੈ ਪ੍ਰਾਈਵੇਟ ਸਕੂਲ ਉਨ੍ਹਾਂ ਦੇ ਹੀ ਹਨ,ਸਰਕਾਰੀ ਸਕੂਲ ਬੰਦ ਪਏ ਹਨ ਵਿਰੋਧੀ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਨੂੰ ਇਸ ਦਾ ਪਤਾ ਨਹੀਂ।
ਸਕੂਲ ਬੰਦ ਕਰਨ ਦੇ ਹੁਕਮ ਭਾਵੇਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਲਈ ਬਰਾਬਰ ਦੱਸੇ ਗਏ ਪਰ ਪ੍ਰਾਈਵੇਟ ਉੱਤੇ ਖਾਸ ਮਿਹਰਬਾਨੀ ਕਾਰਨ ਇਹਨਾਂ ਨੂੰ ਛੋਟ ਮਿਲਦੀ ਰਹਿੰਦੀ ਹੈ।ਪ੍ਰਾਈਵੇਟ ਸਕੂਲ ਇਮਤਿਹਾਨ ਲੈ ਰਹੇ ਹਨ ਆਪਣੀਆਂ ਬੱਸਾਂ ਨਹੀਂ ਭੇਜ ਰਹੇ। ਮਾਪਿਆਂ ਨੂੰ ਬੱਚੇ ਸਕੂਲ ਛੱਡਣ ਅਤੇ ਲੈ ਕੇ ਜਾਣ ਦੇ ਹੁਕਮ ਚਾੜ੍ਹ ਦਿੱਤੇ ਹਨ ਅਤੇ ਹਦਾਇਤ ਕਰ ਦਿੱਤੀ ਹੈ ਕਿ ਬੱਚਾ ਸਕੂਲ ਦੀ ਵਰਦੀ ਵਿਚ ਨਾ ਹੋਵੇ।
ਮੇਰਾ ਤਾਂ ਇੱਥੋਂ ਤੱਕ ਮੰਨਣਾ ਹੈ ਕਿ ਸਰਕਾਰੀ ਸਕੂਲਾਂ ਨੂੰ ਐਨ ਪ੍ਰੀਖਿਆ ਮੌਕੇ ਬੰਦ ਕਰਕੇ ਅਧਿਆਪਕਾਂ ਦੀਆਂ ਇਨਰੋਲਮੈਂਟ ਵਾਧੇ ਦੀਆਂ ਪਿਛਲੇ ਸਾਲ ਕੀਤੀਆਂ ਕੋਸ਼ਿਸ਼ਾਂ ਉੱਤੇ ਪਾਣੀ ਫੇਰਿਆ ਜਾ ਰਿਹਾ ਹੈ। ਇਸ ਤੋਂ ਬਿਨਾਂ ਪ੍ਰਾਈਵੇਟ ਸਕੂਲਾਂ ਨੂੰ ਪਹਿਲਾਂ ਰਿਜਲਟ ਜਾਰੀ ਕਰਕੇ ਨਵੇਂ ਸ਼ੈਸ਼ਨ ਲਈ ਬੱਚੇ ਆਪਣੇ ਵੱਲ ਖਿੱਚਣ ਦਾ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ। ਪ੍ਰਾਈਵੇਟ ਸਕੂਲ ਆਖਣ ਜੋਗੇ ਹੋ ਜਾਣਗੇ ਕਿ ਸਾਡਾ ਨਵਾਂ ਸ਼ੈਸ਼ਨ ਫਲਾਣੀ – ਢਿਮਕਾਣੀ ਤਾਰੀਖ ਤੋਂ ਸ਼ੁਰੂ ਹੈ ਪਰ ਸਰਕਾਰੀ ਸਕੂਲਾਂ ਦੇ ਅਧਿਆਪਕ ਕੀ ਦੱਸਣਗੇ? ਉਨ੍ਹਾਂ ਦਾ ਸ਼ੈਸ਼ਨ ਕਦੋਂ ਖਤਮ ਹੋਣ ਜਾ ਰਿਹਾ ਹੈ ਅਤੇ ਕਦੋਂ ਨਵਾਂ ਸ਼ੈਸ਼ਨ ਸ਼ੁਰੂ ਹੋਵੇਗਾ?
ਸਰਕਾਰਾਂ ਦੇ ਇਸ ਲੋਕ ਵਿਰੋਧੀ ਵਿਹਾਰ ਲਈ ਘਰ-ਘਰ ਕਿਸਾਨ ਮੋਰਚੇ ਦਾ ਨਾਅਰਾ ਬੁਲੰਦ ਹੋ ਰਿਹਾ ਹੈ :
ਕਰੋਨਾ ਇੱਕ ਬਹਾਨਾ ਹੈ,
ਲੁਕਵਾ ਹੋਰ ਨਿਸ਼ਾਨਾ ਹੈ।
ਇਹ ਸਰਕਾਰਾਂ ਪਾਇਆ ਗੰਦ,
ਖੁਲ੍ਹੇ ਠੇਕੇ, ਸਕੂਲ ਬੰਦ।
ਰਮੇਸ਼ਵਰ ਸਿੰਘ
99148 80392