ਲੋਕ ਕਵੀ ਗੁਰਦਾਸ ਰਾਮ ਆਲਮ ਸਭਾ ਕਨੈਡਾ ਦਾ ਸੰਸਥਾਪਕ ਪ੍ਰਿੰਸੀਪਲ ਮਲੂਕ ਚੰਦ ਕਲੇਰ

(ਸਮਾਜ ਵੀਕਲੀ)

ਸਮਾਂ ਕਦੇ ਨਹੀਂ ਰੁੱਕਦਾ ਉਹ ਆਪਣੀ ਨਿਰੰਤਰ ਚਾਲ ਤੁਰਦਾ ਰਹਿੰਦਾ ਹੈ ਜੋ ਵਿਅਕਤੀ ਸਮੇਂ ਦੀ ਕਦਰ ਕਰਦੇ ਹਨ ਉਨ੍ਹਾਂ ਦੀ ਸਮਾਂ ਵੀ ਕਦਰ ਕਰਦਾ ਹੈ ਤੇ ਸਮੇਂ ਸਮੇਂ ਤੇ ਉਹਨਾਂ ਨੂੰ ਆਮ ਲੋਕਾਂ ਨਾਲੋਂ ਅਲੱਗ ਕਰ ਕੇ ਵੀ ਪੇਸ਼ ਕਰਦਾ ਹੈ।ਅੱਜ ਮੈਂ ਸਮੇਂ ਦੀ ਗੱਲ ਇਸ ਕਰਕੇ ਵੀ ਤੋਰੀ ਹੈ ਕੇ ਜਿਸ ਸ਼ਖ਼ਸ ਨਾਲ ਪਾਠਕਾਂ ਦੀ ਸਾਂਝ ਪਾਉਣ ਜਾ ਰਿਹਾ ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਸਮੇਂ ਦੀ ਮੰਗ ਅਨੁਸਾਰ ਮਿਹਨਤ ਕੀਤੀ ਤੇ ਉਸ ਮਿਹਨਤ ਨੇ ਉਹਨਾਂ ਨੂੰ ਬਹੁਤ ਕੁੱਝ ਵਿਆਜ ਸਮੇਤ ਵਾਪਿਸ ਕੀਤਾ।ਇਹ ਉਹ ਇਨਸਾਨ ਸਨ ਜਿਹਨਾਂ ਨੇ ਆਪਣੀ ਜਿੰਦਗੀ ਦੇ ਸੰਘਰਸ਼ ਨੂੰ ਤੋਰਨ ਲਈ ਸਾਢੇ ਤਿੰਨ ਰੁਪਏ ਤੇ ਦਿਹਾੜੀ ਵੀ ਕੀਤੀ ,ਤੇ ਨਾਲ ਨਾਲ ਇੱਕ ਜਾਤ ਦਾ ਕੋਹੜ ਉਸਦਾ ਵੀ ਕਿਤੇ ਨਾ ਕਿਤੇ ਸੰਤਾਪ ਹੰਢਾਇਆ।

ਮੈਂ ਗੱਲ ਕਰਨ ਜਾ ਰਿਹਾ ਹਾਂ ਆਪਣੀ ਮਿਹਨਤ ਸਦਕਾ ਬਣੇ ਪ੍ਰਿੰਸੀਪਲ ਮਲੂਕ ਚੰਦ ਕਲੇਰ ਸਰੀ ਕੈਨੇਡਾ ਜੀ ਦੀ ਜੋ ਲਗਭਗ 1984 ਵਿੱਚ ਸਰਕਾਰੀ ਹਾਈ ਸਕੂਲ ਨੰਗਲ ਮੱਝਾ ਕਪੂਰਥਲਾ ਵਿੱਚ ਸਰਕਾਰੀ ਮਾਸਟਰ ਦੀ ਨੌਕਰੀ ਕਰਦੇ ਸਨ ਤੇ ਉਹ ਮੇਰੇ ਤੋਂ ਵੱਡੇ ਭਰਾ ਜੋ ਮਾਸਟਰ ਜੀ ਕੋਲ ਪੜਦੇ ਸਨ ਉਹਨਾਂ ਦਾ ਕਾਫੀ ਪ੍ਰੇਮ ਹੋਣ ਕਰਕੇ ਕਦੇ ਕਦੇ ਮਾਸਟਰ ਜੀ ਸਾਡੇ ਘਰ ਵੀ ਆਇਆ ਕਰਦੇ ਹੁੰਦੇ ਸਨ ਮਾਸਟਰ ਜੀ ਦਾ ਸੁਭਾਅ ਬਹੁਤ ਹੀ ਪਿਆਰਾ ਤੇ ਮਿੱਠ ਬੋਲੜਾ ਸੀ।ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਹੀ ਦੇਖਿਆ ਤੇ ਉਹ ਆਪ ਕਹਿੰਦੇ ਹੁੰਦੇ ਸਨ ਕੇ ਜੇ ਅੱਗੇ ਵਧਣਾ ਹੈ ਤਾਂ ਡੱਟ ਕੇ ਮਿਹਨਤ ਕਰੋ ਤੁਹਾਨੂੰ ਕੋਈ ਪਿੱਛੇ ਨਹੀਂ ਕਰ ਸਕਦਾ।ਮਾਸਟਰ ਜੀ ਬਹੁਤ ਹੀ ਚੰਗੇ ਤੇ ਦਿਲਦਾਰ ਇਨਸਾਨ ਹਨ।

ਪ੍ਰਿੰ ਕਲੇਰ ਜੀ ਦਾ ਜਨਮ 1954 ਵਿੱਚ ਪਿਤਾ ਚੌਧਰੀ ਜਗਤ ਰਾਮ ਤੇ ਮਾਤਾ ਸ੍ਰੀਮਤੀ ਈਸਰੀ ਦੇ ਘਰ ਪਿੰਡ ਸਰਹਾਲੀ ਜਿਲ੍ਹਾ ਜਲੰਧਰ ਵਿੱਚ ਹੋਇਆ।ਇਹ੍ਹਨਾਂ ਨੇ ਗਿਆਨੀ,ਓ ਟੀ, ਐਮ ਏ,ਬੀ,ਐੱਡ ਤੱਕ ਵਿਦਿਆ ਪ੍ਰਾਪਤ ਕਰ ਕੇ ਬਤੋਰ ਸਰਕਾਰੀ ਨੌਕਰੀ ਕੀਤੀ। ਇਹ੍ਹਨਾਂ ਨੇ ਬਤੌਰ ਪੰਜਾਬੀ ਮਾਸਟਰ,ਲੈਕਚਰਾਰ ਅਤੇ ਪ੍ਰਿੰਸੀਪਲ ਦੇ ਅਹੁਦਿਆਂ ਉੱਪਰ ਬਹੁਤ ਜ਼ਿਮੇਵਾਰੀ ਨਾਲ ਸੇਵਾ ਨਿਭਾਈ।ਰਿਟਾਇਰਮੈਂਟ ਤੋਂ ਬਾਅਦ 2008 ਵਿੱਚ ਪ੍ਰਿੰ ਕਲੇਰ ਜੀ ਕਨੇਡਾ ਸ਼ਿਫਟ ਹੋ ਗਏ ਤੇ ਉਥੇ ਵੀ ਉਹਨਾਂ ਨੇ ਆਪਣੇ ਕੰਮ ਦੇ ਸਮੇਂ ਚੋਂ ਸਮਾਂ ਕੱਢ ਕੇ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦੇ ਉੱਦਮ ਹਮੇਸ਼ਾਂ ਜਾਰੀ ਰੱਖੇ ਜਿਸ ਦੇ ਚਲਦਿਆਂ ਉਹਨਾਂ ਨੇ ਇਕ ਸਾਹਿਤਕ ਮੰਚ ਵੀਹ ਸੌ ਅਠਾਰਾਂ ਵਿਚ ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕਨੇਡਾ ਦੀ ਸਥਾਪਨਾ ਕੀਤੀ।

ਇਸ ਤੋਂ ਇਲਾਵਾ ਕਲੇਰ ਜੀ ਹਮੇਸ਼ਾਂ ਪੰਜਾਬੀ ਮੈਗਜੀਨਾਂ ਵਿੱਚ ਵੀ ਆਪਣੇ ਕਾਲਮ ਲਿਖਦੇ ਹਨ ਅਤੇ ਵੱਖ ਵੱਖ ਟੀ ਵੀ ਚੈਨਲਾਂ ਤੇ ਪੰਜਾਬੀ ਭਾਸ਼ਾ ਦੇ ਵਿਸਥਾਰ ਲਈ ਵੀ ਖੁੱਲੀਆਂ ਵਿਚਾਰਾਂ ਕਰਦੇ ਦੇਖੇ ਜਾ ਸਕਦੇ ਹਨ।ਉਹਨਾਂ ਦੇ ਕਹਿਣ ਅਨੁਸਾਰ ਲੇਖਕ ਕੋਈ ਗਿਣ ਮਿਥ ਕੇ ਨਹੀਂ ਬਣਿਆ ਜਾਂਦਾ ਇਹ ਸੁਭਾਵਿਕ ਹੀ ਕਈ ਵਾਰ ਜੋ ਘਟਨਾਵਾਂ ਵਿਅਕਤੀ ਦੇਖਦਾ ਹੈ ਉਹ ਉਸਦੇ ਉੱਪਰ ਗਹਿਰਾ ਪ੍ਰਭਾਵ ਪਾ ਜਾਂਦੀਆਂ ਹਨ ਤੇ ਵਿਅਕਤੀ ਉਸਨੂੰ ਕਾਗਜ਼ ਉੱਪਰ ਉਤਾਰ ਲੈਂਦਾ ਹੈ।ਉਹ ਦੱਸਦੇ ਹਨ ਕਿ ਉਹਨਾਂ ਦੇ ਪਿਤਾ ਜੀ ਕਈ ਵਾਰ ਗਰਮੀਆਂ ਨੂੰ ਜਦੋ ਪਿੰਡਾਂ ਵਿੱਚ ਬਿਜਲੀ ਚਲੇ ਜਾਣੀ ਤਾਂ ਪਿਤਾ ਜੀ ਨੇ ਰਾਤ ਰਾਤ ਭਰ ਕਿੱਸੇ ਸੁਣਾਉਣੇ ਜਿਸ ਨੂੰ ਸੁਣਨ ਲਈ ਪਿੰਡ ਦੇ ਨਜ਼ਦੀਕੀ ਇਕੱਠੇ ਹੋ ਜਾਂਦੇ।ਇਹ ਵੀ ਉਹਨਾਂ ਸਮਿਆਂ ਦਾ ਇੱਕ ਵੱਖਰਾ ਹੀ ਰੰਗ ਹੁੰਦਾ ਸੀ ਜੋ ਅੱਜ ਅਲੋਪ ਹੋ ਚੁੱਕੇ ਹਨ।

ਪ੍ਰਿੰ ਕਲੇਰ ਜੀ ਦੀਆਂ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ ਚਾਰ ਪੁਸਤਕਾਂ ਜਿਹਨਾਂ ਵਿਚੋਂ ਇਕ ਸਵੈ ਜੀਵਨੀ ਅਤੇ ਤਿੰਨ ਨਾਵਲ ਹਨ।ਸਵੈ ਜੀਵਨੀ “ਕੋਰੇ ਘੜੇ ਦਾ ਪਾਣੀ” ਵਿੱਚ ਲਿਖਦੇ ਹਨ ਕੇ ਇਸ ਵਿੱਚ ਉਹਨਾਂ ਨੇ ਜੋ ਹੱਡੀ ਹੰਢਾਇਆ ਤੇ ਅੱਖੀ ਦੇਖਿਆ ਉਸਦਾ ਅਤੇ ਪੰਜਾਬੀ ਸੱਭਿਆਚਾਰ ਦਾ ਚਿਤਰਣ ਲੱਗਭਗ 41 ਭਾਗਾਂ ਵਿੱਚ ਕੀਤਾ ਹੈ ਅਤੇ ਇਸੇ ਕਿਤਾਬ ਨਾਲ ਪ੍ਰਿੰ ਕਲੇਰ ਜੀ ਦੱਸਦੇ ਹਨ ਕੇ ਇਹ ਮੇਰੇ ਲਈ ਬਹੁਤ ਅਣਮੁੱਲਾ ਤੋਹਫ਼ਾ ਹੈ।ਉਹਨਾਂ ਦੀਆਂ ਹੋਰ ਪੁਸਤਕਾਂ ਵਿਚੋਂ “ਸੂਰਜ ਉੱਘ ਪਿਆ” ਨਾਵਲ 2012 ਵਿੱਚ ਛਪਿਆ ਸੂਰਜ ਉੱਘ ਪਿਆ ਨਾਵਲ ਦੀ ਖੂਬਸੂਰਤੀ ਏਸ ਗੱਲੋਂ ਬਹੁਤ ਢੁਕਵੀਂ ਸੀ ਕੇ ਕਿਸ ਤਰਾਂ ਇੱਕ ਜੰਗਲ ਵਿੱਚ ਨਿੱਕੇ ਜਾਨਵਰ ਆਪਣਾ ਏਕਾ ਕਰਕੇ ਜੰਗਲ ਦੇ ਰਾਜੇ ਸ਼ੇਰ ਨੂੰ ਅੱਗੇ ਲਗਾਉਂਦੇ ਹਨ ਪ੍ਰਿੰਸੀਪਲ ਜੀ ਨੇ ਬਹੁਤ ਹੀ ਸੋਹਣੇ ਅੰਦਾਜ਼ ਵਿੱਚ ਉਹਨਾਂ ਦੀ ਜਿੱਤ ਹੁੰਦੀ ਦਿਖਾਈ ਹੈ ਜੋ ਕੇ ਲੋਕਤੰਤਰ ਨੂੰ ਸਹੀ ਦਿਸ਼ਾ ਦਿੰਦੀ ਹੈ।

ਇਹ੍ਹਨਾਂ ਤੋਂ ਇਲਾਵਾ ਅਗਲੀ ਪੁਸਤਕ “ਤਲਾਸ਼ ਜਾਰੀ ਹੈ” ਅਤੇ “ਜੰਗਲ ਵਿਚ ਚੋਣ” ਨਾਵਲ ਜਿਹਨਾਂ ਬਾਰੇ ਕਹਾਣੀਕਾਰ ਪ੍ਰੇਮ ਗੋਰਖੀ,ਸੁਖਦੇਵ ਮਾਧੋਪੁਰੀ,ਪੰਜਾਬੀ ਲੈਕਚਰਾਰ ਹਰਮੀਤ ਸਿੰਘ ਅਟਵਾਲ, ਪ੍ਰੋ ਨਰਿੰਜਣ ਤਸਨੀਮ,ਬਿਕਰਮਜੀਤ ਨੂਰ,ਮੋਹਨ ਲਾਲ ਫਿਲੌਰੀਆ ਅਤੇ ਸ਼ਰਨਜੀਤ ਕੌਰ ਨੇ ਵੀ ਸਮੇਂ ਸਮੇਂ ਤੇ ਇਹ੍ਹਨਾਂ ਕਿਤਾਬਾਂ ਬਾਰੇ ਚਰਚਾ ਕੀਤੀ ਹੈ।ਉਹਨਾਂ ਨੇ ਦੱਸਿਆ ਕੇ ਓਹ ਸਮੇਂ ਸਮੇਂ ਤੇ ਸਾਹਿਤਕ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਹਨ ।ਉਹਨਾਂ ਦਾ ਮਕਸਦ ਹੈ ਕੇ ਅਸੀਂ ਜਿੰਨੇ ਜੋਗੇ ਵੀ ਹਾਂ ਸਾਨੂੰ ਮਾਂ ਬੋਲੀ ਪ੍ਰਤੀ ਆਪਣਾ ਪਿਆਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ੍ਹਨਾਂ ਕੁ ਕਰ ਜਾਈਏ ਕੇ ਓਹ ਪੰਜਾਬੀ ਬੋਲੀ ਉੱਪਰ ਮਾਣ ਕਰ ਸਕਣ।ਉਹਨਾਂ ਦੀ ਨਵੇਂ ਲੇਖਕਾਂ ਨੂੰ ਸਲਾਹ ਹੈ ਕੇ ਉਦੋਂ ਲਿਖਣਾ ਸ਼ੁਰੂ ਕਰੋ ਜਦੋ ਤੁਸੀਂ ਪਰਪੱਕ ਹੋ ਜਾਂਦੇ ਹੋ ਕੱਚ ਪੱਕ ਲਿਖ ਕੇ ਪੰਜਾਬੀ ਨਾਲ ਧੋਖਾ ਨਾ ਕਮਾਓ।ਨਵੇਂ ਲੇਖਕਾਂ ਨੂੰ ਬੇਨਤੀ ਕਰਦੇ ਕਹਿੰਦੇ ਹਨ ਕੇ ਜਿਆਦਾ ਤੋਂ ਜਿਆਦਾ ਸਾਹਿਤ ਪੜ੍ਹੋ ਅਤੇ ਉਸਨੂੰ ਸਮਝੋ।

ਉਹਨਾਂ ਦਾ ਇਹ ਵੀ ਮੰਨਣਾ ਹੈ ਕੇ ਖਾਸ ਕਰ ਕਨੇਡਾ ਰਹਿੰਦੇ ਸਾਹਿਤਕਾਰਾਂ ਦਾ ਨਾਮ ਇਤਿਹਾਸ ਵਿੱਚ ਲਿਖ ਹੋਣਾ ਚਾਹੀਦਾ ਹੈ ਕਿਉਂਕਿ ਕੈਨੇਡਾ ਵਿੱਚ ਇਸ ਵੇਲੇ ਪੰਜਾਬੀ ਨੂੰ ਉਭਾਰਨ ਤੇ ਪ੍ਰਫੁਲਤ ਕਰਨ ਲਈ ਬਹੁਤ ਜਿਆਦਾ ਉਪਰਾਲੇ ਹੋ ਰਹੇ ਹਨ ਜਿਸ ਲਈ ਪੂਰੇ ਕਨੇਡਾ ਦੇ ਸਾਥੀ ਵਧਾਈ ਦੇ ਪਾਤਰ ਹਨ।ਪੰਜਾਬੀ ਸਾਂਝ ਅਦਾਰਾ ਪ੍ਰਿੰ ਮਲੂਕ ਚੰਦ ਕਲੇਰ ਜੀ ਦੇ ਪੰਜਾਬੀ ਭਾਸ਼ਾ ਲਈ ਕੀਤੇ ਜਾਂਦੇ ਉਪਰਾਲਿਆਂ ਲਈ ਬਹੁਤ ਬਹੁਤ ਰਿਣੀ ਹੈ ਤੇ ਅਗਾਉ ਉਮੀਦ ਕਰਦਾ ਹੈ ਕੇ ਉਹਨਾਂ ਦੀ ਸਭਾ ਵਲੋਂ ਹਮੇਸ਼ਾਂ ਹੀ ਚੰਗੇ ਉਪਰਾਲੇ ਹੁੰਦੇ ਰਹਿਣਗੇ।

ਪਵਨ ਪਰਵਾਸੀ ਜਰਮਨੀ

004915221870730

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNo data shows Omicron variant more resistant to vaccine: French PM
Next articleਇੱਕ ਸੀ ਹਰਨੇਕ ਸੋਹੀ ਬਨਭੌਰੀ