ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਭਾਜਪਾ-ਸ਼ਿਵ ਸੈਨਾ ਗੱਠਜੋੜ ਮਹਾਰਾਸ਼ਟਰ ’ਚ 220 ਸੀਟਾਂ ਜਿੱਤਣ ਦੇ ਟੀਚੇ ਤੋਂ ਬਹੁਤ ਦੂਰ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸਾਫ਼ ਸੁਨੇਹਾ ਦੇ ਦਿੱਤਾ ਹੈ ਕਿ ‘ਸੱਤਾ ਦਾ ਘਮੰਡ’ ਉਨ੍ਹਾਂ ਨੂੰ ਪਸੰਦ ਨਹੀਂ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਨੂੰ ਲੋਕਾਂ ਨੇ ਵਿਰੋਧੀ ਧਿਰ ’ਚ ਬੈਠਣ ਦਾ ਫ਼ਤਵਾ ਦਿੱਤਾ ਹੈ ਅਤੇ ਉਹ ਸੂਬੇ ’ਚ ਸਰਕਾਰ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨਗੇ। ਸ੍ਰੀ ਪਵਾਰ ਨੇ ਕਿਹਾ,‘‘ਲੋਕਾਂ ਨੇ 220 ਸੀਟਾਂ ਜਿੱਤਣ ਦੇ ਦਾਅਵਿਆਂ ਨੂੰ ਸਵੀਕਾਰ ਨਹੀਂ ਕੀਤਾ। ਕਾਂਗਰਸ, ਐੱਨਸੀਪੀ, ਪੀਡਬਲਿਊਪੀ, ਸਵਾਭੀਮਾਨੀ ਸ਼ੇਤਕਾਰੀ ਸੰਗਠਨ ਅਤੇ ਹੋਰ ਭਾਈਵਾਲਾਂ ਨੇ ਤਹਿ-ਦਿਲੋਂ ਇਕ-ਦੂਜੇ ਨੂੰ ਸਹਿਯੋਗ ਦਿੱਤਾ। ਵਿਧਾਨ ਸਭਾ ਚੋਣ ਨਤੀਜਿਆਂ ਤੋਂ ਸਾਬਿਤ ਹੋ ਗਿਆ ਹੈ ਕਿ ਲੋਕਾਂ ਨੇ ਸੱਤਾ ਦੇ ਘਮੰਡ ਨੂੰ ਨਕਾਰ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਬਿਆਨ ਦਾਗਣ ਵੇਲੇ ਹੱਦਾਂ ਟੱਪ ਲਈਆਂ ਸਨ। ‘ਲੋਕਾਂ ਨੇ ਸਾਨੂੰ ਵਿਰੋਧੀ ਧਿਰ ’ਚ ਬੈਠਣ ਦਾ ਫ਼ਤਵਾ ਦਿੱਤਾ ਹੈ। ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਦਾ ਖ਼ਿਆਲ ਸਾਡੇ ਦਿਮਾਗ ’ਚ ਵੀ ਨਹੀਂ ਹੈ। ਹੁਣ ਅਸੀਂ ਆਪਣਾ ਆਧਾਰ ਫੈਲਾਉਣ ਲਈ ਹੋਰ ਕੰਮ ਕਰਾਂਗੇ।’ ਪਾਰਟੀ ਛੱਡ ਕੇ ਹੁਕਮਰਾਨ ਗੱਠਜੋੜ ਦਾ ਪੱਲਾ ਫੜਨ ਵਾਲੇ ਆਗੂਆਂ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਵੀ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐੱਨਸੀਪੀ ਦੇ ਨਵੇਂ ਚੁਣੇ ਗਏ ਵਿਧਾਇਕ ਦੀਵਾਲੀ ਮਗਰੋਂ ਮੀਟਿੰਗ ਕਰਕੇ ਭਵਿੱਖ ਦੀ ਰਣਨੀਤੀ ਬਣਾਉਣਗੇ। ਉਨ੍ਹਾਂ ਕਿਹਾ ਕਿ ਭਾਈਵਾਲਾਂ ਨਾਲ ਬੈਠਕ ਮਗਰੋਂ ਹੀ ਵਿਰੋਧੀ ਧਿਰ ਦੇ ਆਗੂ ਬਾਰੇ ਕੋਈ ਫ਼ੈਸਲਾ ਲਿਆ ਜਾਵੇਗਾ।