ਨਵੀਂ ਦਿੱਲੀ (ਸਮਾਜਵੀਕਲੀ) – ਕੋਵਿਡ-19 ਮਹਾਂਮਾਰੀ ਦੌਰਾਨ ਘਰਾਂ ਵਿੱਚ ਡੱਕੇ ਬੈਠੇ 33 ਕਰੋੜ ਤੋਂ ਵਧ ਲਾਭਪਾਤਰੀਆਂ ਤਕ 31,235 ਕਰੋੜ ਰੁਪਏ ਦੀ ਮਾਲੀ ਸਹਾਇਤਾ ਪਹੁੰਚਾਈ ਗਈ ਹੈ। ਇਹ ਸਹਾਇਤਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਤਹਿਤ ਪਿਛਲੇ ਮਹੀਨੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਐਲਾਨੀ ਗਈ ਸੀ।
ਇਹ ਸਹਾਇਤਾ 1.70 ਲੱਖ ਕਰੋੜ ਦੇ ਰਾਹਤ ਫੰਡ ਦਾ ਇਕ ਹਿੱਸਾ ਸੀ ਜਿਸ ਤਹਿਤ ਇਸ ਨੂੰ ਭੋਜਨ ਸਮੱਗਰੀ ਤੇ ਨਕਦੀ ਦੇ ਰੂਪ ਵਿੱਚ ਲੋੜਵੰਦ ਔਰਤਾਂ, ਬਿਰਧਾਂ ਅਤੇ ਮਜ਼ਦੂਰਾਂ ਵਿੱਚ ਵੰਡਿਆ ਗਿਆ। ਵਿੱਤ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ਵਿੱਚ ਦੱਸਿਆ ਗਿਆ ਕਿ ਇਸ ਪੈਕੇਜ ਦੀ ਵੰਡ ਸੂਬਾ ਅਤੇ ਕੇਂਦਰ ਸਰਕਾਰ ਦੀ ਲਗਾਤਾਰ ਨਿਗਰਾਨੀ ਹੇਠ ਹੋਈ ਹੈ।
ਵਿੱਤ ਮੰਤਰਾਲੇ ਨੇ ਦੱਸਿਆ ਕਿ ਸਬੰਧਤ ਮੰਤਰੀਆਂ, ਕੈਬਨਿਟ ਸਕੱਤਰੇਤ ਅਤੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਉਣ ਦਾ ਯਤਨ ਕੀਤਾ ਗਿਆ ਹੈ ਕਿ ਸਹਾਇਤਾ ਲੋੜਵੰਦ ਅਤੇ ਗਰੀਬਾਂ ਤਕ ਯਕੀਨੀ ਤੌਰ ’ਤੇ ਪਹੁੰਚੇ ਅਤੇ ਇਸ ਵਿੱਚ ਕਿਸੇ ਤਰ੍ਹਾਂ ਦਾ ਵੀ ਕੱਚ ਨਾ ਰਹੇ।ਇਸ ਦੇ ਨਾਲ ਹੀ ਨਕਦ ਭੁਗਤਾਨ ਦਾ ਕਾਰਜ ਡਿਜੀਟਲ ਟੈਕਨਾਲੋਜੀ ਜ਼ਰੀਏ ਕੀਤਾ ਗਿਆ ਜਿਸ ਤਹਿਤ ਸਹਾਇਤਾ ਰਾਸ਼ੀ ਸਿੱਧੀ ਲਾਭਪਾਤਰੀ ਦੇ ਖ਼ਾਤੇ ਵਿੱਚ ਟਰਾਂਸਫਰ ਕੀਤੀ ਗਈ।
ਬਿਆਨ ਵਿੱਚ ਦੱਸਿਆ ਗਿਆ ਕਿ 22 ਅਪਰੈਲ 2020 ਤਕ 16,146 ਕਰੋੜ ਰੁਪਏ ਪੀਐਮ-ਕਿਸਾਨ ਯੋਜਨਾ ਦੀ ਪਹਿਲੀ ਕਿਸ਼ਤ ਵਜੋਂ ਅਤੇ 8 ਕਰੋੜ ਰੁਪਏ 2000 ਲਾਭਪਾਤਰੀਆਂ ਨੂੰ ਸਿੱਧੇ ਬੈਂਕ ਖ਼ਾਤਿਆਂ ’ਚ ਅਦਾਇਗੀ ਵਜੋਂ ਦਿੱਤੇ ਗਏ। 20.5 ਕਰੋੜ ਰੁਪਏ ਜਨ-ਧਨ ਖਾਤਾ ਧਾਰਕਾਂ ਨੇ 500 ਰੁਪਏ ਦੇ ਹਿਸਾਬ ਪ੍ਰਾਪਤ ਕੀਤੇ। ਇਸੇ ਤਰ੍ਹਾਂ 22 ਅਪਰੈਲ ਤਕ 10,025 ਕਰੋੜ ਰੁਪਏ ਇਸ ਮਕਸਦ ਤਹਿਤ ਵੰਡੇ ਗਏ।