(ਸਮਾਜ ਵੀਕਲੀ)- ਕੁਝ ਦਿਨਾਂ ਤੋਂ ਸੋਸ਼ਲ ਮੀਡੀਏ ਤੇ ਸਵਾਮੀ ਰਾਮਦੇਵ ਦੀ ਵਾਇਰਲ ਹੋ ਰਹੀ ਵੀਡੀਓ ਜਿਸ ਵਿੱਚ ਸਵਾਮੀ ਰਾਮਦੇਵ ਵਲੋਂ ਸਾਇੰਸ ਅਤੇ ਪ੍ਰਮਾਣ ਅਧਾਰਿਤ ਦਵਾਈਆਂ ਬਾਰੇ ਕੀਤੀ ਗਈ ਬੇਤੁਕੀ, ਬੇਥਵੀ ਟਿੱਪਣੀ – ਕਿ ਐਲੋਪੈਥੀ ਬਕਵਾਸ ਅਤੇ ਦੀਵਾਲੀਆ ਸਾਇੰਸ ਹੈ ਅਤੇ ਰੈਮਡੈਸਵਿਰ, ਫੇਵੀਫਲੂ ਅਤੇ Drug Controller General of India (DCGI) ਤੋਂ ਮਨਜ਼ੂਰ ਦੂਜੀਆਂ ਦਵਾਈਆਂ ਕਰਕੇ ਲੱਖੋਂ ਲੋਕਾਂ ਦੀ ਮੌਤ ਹੋਈ ਹੈ, ਦਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਗੰਭੀਰ ਨੋਟਿਸ ਲਿਆ ਗਿਆ ਹੈ। ਤਰਕਸ਼ੀਲ ਸੁਸਾਇਟੀ ਯੂ.ਕੇ. ਇਸਦਾ ਪੂਰਾ ਪੂਰਾ ਸਮਰਥਨ ਕਰਦੀ ਹੈ ਅਤੇ ਸਵਾਮੀ ਰਾਮਦੇਵ ਦੀ ਸਾਇੰਸ ਅਤੇ ਪ੍ਰਮਾਣ ਅਧਾਰਿਤ ਦਵਾਈਆਂ ਬਾਰੇ ਕੀਤੀ ਗਈ ਟਿੱਪਣੀ ਦੀ ਪਰਜ਼ੋਰ ਨਿੰਦਾ ਕਰਦੀ ਹੈ।
ਸਵਾਮੀ ਰਾਮਦੇਵ ਨੇ ਇਹ ਬੇਹੱਦ ਘਟੀਆ ਅਤੇ ਮੌਕਾ ਪ੍ਰਸਤੀ ਤੋਂ ਪ੍ਰੇਰਿਤ ਟਿੱਪਣੀ ਉਸ ਵਕਤ ਕੀਤੀ ਹੈ ਜਦੋਂ ਭਾਰਤੀ ਲੋਕ ਕਰੋਨਾ ਮਹਾਂਮਾਰੀ ਦੀ ਚੜ੍ਹ ਆਈ ਦੂਸਰੀ ਛੱਲ ਤੋਂ ਪੀੜਤ ਹਨ, ਆਪਣੇ ਪਰਿਵਾਰਿਕ ਮੈਂਬਰਾਂ, ਸਨੇਹੀਆਂ ਨੂੰ ਗੁਆ ਰਹੇ ਹਨ ਅਤੇ ਇਲਾਜ ਲਈ ਦਰ-ਬ-ਦਰ ਭਟਕ ਰਹੇ ਹਨ। ਸਵਾਮੀ ਰਾਮਦੇਵ ਅਜਿਹੇ ਬਿਆਨ ਦੇ ਕੇ ਉਹਨਾਂ ਦਵਾਈਆਂ ਨੂੰ ਜੋ ਇਕ ਲੰਬੀ ਖੋਜ ਅਤੇ ਪੁਖਤਾ ਪ੍ਰਮਾਣਾਂ ਦੇ ਆਧਾਰ ਤੇ ਲੋਕਾਂ ਦੇ ਇਲਾਜ਼ ਲਈ ਦਿੱਤੀਆਂ ਜਾਂਦੀਆਂ ਹਨ ਬਾਰੇ ਭਰਮ ਭੁਲੇਖੇ ਪੈਦਾ ਕਰ ਰਿਹਾ ਹੈ। ਸਵਾਮੀ ਰਾਮਦੇਵ ਦੇ ਇਸ ਬਿਆਨ ਦਾ ਅਸਰ ਸਿਰਫ਼ ਭਾਰਤ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ‘ਚ ਵਸਦੇ ਭਾਰਤੀਆਂ ਤੇ ਵੀ ਪਵੇਗਾ।
ਸਵਾਮੀ ਰਾਮਦੇਵ ਦੁਆਰਾ ਇਸ ਤਰ੍ਹਾਂ ਦੀ ਬੇਸਿਰ ਪੈਰ ਵਾਲੀ ਟਿੱਪਣੀ ਕੋਈ ਪਹਿਲੀ ਵਾਰ ਨਹੀਂ ਦਿੱਤੀ ਗਈ ਹੈ। 19 ਫਰਵਰੀ 2021 ਨੂੰ ਭਾਰਤ ਦੇ ਸਿਹਤ ਮੰਤਰੀ, ਡਾ. ਹਰਸ਼ ਵਰਧਨ, ਦੀ ਮੌਜੂਦਗੀ ਵਿੱਚ ਸਵਾਮੀ ਰਾਮਦੇਵ ਵਲੋਂ ਇਹ ਕਿਹਾ ਗਿਆ ਸੀ ਉਸਨੇ ਕਰੋਨਾ ਨੂੰ ਠੀਕ ਕਰਨ ਲਈ ਕੋਰੋਨਿਲ ਨਾਮੀ ਦਵਾਈ ਬਣਾਈ ਹੈ ਅਤੇ ਇਸ ਤੋਂ ਵੀ ਅੱਗੇ ਉਸਨੇ ਕਿਹਾ ਸੀ ਇਸ ਦਵਾਈ ਨੂੰ ਸੰਸਾਰ ਸਿਹਤ ਸੰਸਥਾ ਵਲੋਂ ਪ੍ਰਵਾਨਿਤਾ ਮਿਲੀ ਹੋਈ ਹੈ। ਰਾਮਦੇਵ ਦੇ ਇਹ ਦੋਵੇਂ ਦਾਆਵੇ ਗਲਤ ਸਾਬਿਤ ਹੋਏ ਜਦੋਂ ਸੰਸਾਰ ਸਿਹਤ ਸੰਸਥਾ ਨੇ ਕਿਸੇ ਵੀ ਤਰ੍ਹਾਂ ਦੀ ਪ੍ਰਵਾਨਗੀ ਜਾਂ ਅਜਿਹੇ ਕਿਸੇ ਵੀ ਸਰਟੀਫੀਕੇਟ ਨੂੰ ਜਾਰੀ ਕਰਨ ਦਾ ਖੰਡਨ ਕਰ ਦਿੱਤਾ ਗਿਆ ਜੋ ਇਹ ਤਸਦੀਕ ਕਰਦਾ ਹੋਵੇ ਕਿ ਇਹ ਦਵਾਈ ਕਰੋਨਾ ਦੇ ਇਲਾਜ ਲਈ ਅਸਰਦਾਰ ਹੈ।
ਤਰਕਸ਼ੀਲ ਸੁਸਾਇਟੀ ਯੂ.ਕੇ. ਦੇਸ਼-ਵਿਦੇਸ਼ ਵਸਦੇ ਸਾਰੇ ਭੈਣ ਭਰਾਵਾਂ ਨੂੰ ਗੁਜਾਰਿਸ਼ ਕਰਦੀ ਹੈ ਕਿ ਉਹ ਸਵਾਮੀ ਰਾਮਦੇਵ ਦੇ ਪਹਿਲਾਂ ਦਿੱਤੇ ਝੂਠੇ ਸਾਬਿਤ ਹੋਏ ਬਿਆਨਾਂ ਅਤੇ ਬਿਨਾਂ ਕਿਸੇ ਖਾਸ ਖੋਜ ਅਤੇ ਸਬੂਤਾਂ ਦੀ ਅਣਹੋਂਦ ਵਿੱਚ ਕੀਤੇ ਦਾਅਵਿਆਂ ਤੇ ਯਕੀਨ ਨਾ ਕਰਨ। ਬਲਕਿ ਆਪਣੇ ਸਥਾਨਿਕ ਸਿਹਤ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਤੇ ਅਮਲ ਕਰਨ ਅਤੇ ਕਰੋਨਾ ਲਈ ਉਪਲੱਬਧ ਕਰਵਾਏ ਜਾ ਰਹੇ ਵੈਕਸੀਨ ਦੇ ਟੀਕੇ ਲਗਵਾਉਣ ਤਾਂਕਿ ਅਸੀਂ ਆਪਣੇ ਆਪ ਅਤੇ ਦੂਸਰਿਆਂ ਨੂੰ ਸੁਰੱਖਿਅਤ ਰੱਖ ਸਕੀਏ।