ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ’ਚ ਡੈਮੋਕਰੈਟਿਕ ਪਾਰਟੀ ਵੱਲੋਂ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਕਮਲਾ ਹੈਰਿਸ ਨੇ ਅੱਜ ਕਿਹਾ ਕਿ ਦੇਸ਼ ਕੋਲ ਇੱਕ ਅਜਿਹਾ ਰਾਸ਼ਟਰਪਤੀ ਹੋਣਾ ਚਾਹੀਦਾ ਹੈ ਜੋ ਲੋਕਾਂ ਦੀ ਇੱਜ਼ਤ ਕਰੇ ਅਤੇ ਦੇਸ਼ ਦੀ ਇਸ ਤਰ੍ਹਾਂ ਅਗਵਾਈ ਕਰੇ ਕਿ ਉਹ ਆਪਣਾ ਵੱਕਾਰ ਹਾਸਲ ਕਰ ਸਕੇ ਤੇ ਆਪਣੇ ਆਦਰਸ਼ਾਂ ਦੇ ਨੇੜੇ ਆਏ।
ਚੰਦਾ ਇਕੱਠਾ ਕਰਨ ਲਈ ਆਨਲਾਈਨ ਕਰਵਾਏ ਗਏ ਸਮਾਗਮ ’ਚ ਹੈਰਿਸ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਦੇ ਢੰਗ-ਤਰੀਕਿਆਂ ਅਤੇ ਅਰਥਚਾਰੇ ’ਚ ਆਈ ਗਿਰਾਵਟ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕਰਾਰੇ ਹੱਥੀਂ ਲਿਆ। ਹੈਰਿਸ ਨੇ ਕਿਹਾ, ‘ਸਾਨੂੰ ਇੱਕ ਅਜਿਹੇ ਰਾਸ਼ਟਰਪਤੀ ਤੇ ਅਗਵਾਈ ਦੀ ਲੋੜ ਹੈ ਜੋ ਲੋਕਾਂ ਦੇ ਮਾਣ-ਇੱਜ਼ਤ ਨੂੰ ਸਮਝੇ ਅਤੇ ਦੇਸ਼ ਨੂੰ ਉਸ ਦਿਸ਼ਾ ਵੱਲ ਲਿਜਾਏ ਜਿੱਥੇ ਅਸੀਂ ਆਪਣਾ ਵੱਕਾਰ ਹਾਸਲ ਕਰ ਸਕੀਏ।’ ਉਨ੍ਹਾਂ ਕਿਹਾ ਕਿ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਦੇਸ਼ ’ਚ 80 ਲੱਖ ਦੇ ਤੋਂ ਵੱਧ ਕਰੋਨਾ ਪੀੜਤ ਹਨ ਪਰ ਸਥਿਤੀ ਅਜਿਹੀ ਨਹੀਂ ਹੋਣੀ ਚਾਹੀਦੀ ਸੀ। ਅਮਰੀਕੀਆਂ ਨੂੰ ਤੰਦਰੁਸਤ ਰੱਖਣਾ ਰਾਸ਼ਟਰਪਤੀ ਦੀ ਪਹਿਲ ਹੋਣੀ ਚਾਹੀਦੀ ਸੀ ਪਰ ਉਹ ਹੁਣ ਵੀ ਅਸਲੀਅਤ ਤੇ ਇਸ ਵਾਇਰਸ ਦੀ ਗੰਭੀਰਤਾ ਤੇ ਮਾਸਕ ਪਹਿਨਣ ਦੀ ਲੋੜ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।