ਲੋਕਰਾਜ ਵਿੱਚ ਯੂਨੀਅਨਾਂ ਦਾ ਆਧਾਰ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

– ਰਮੇਸ਼ਵਰ ਸਿੰਘ

ਭਾਰਤਵਰਸ਼ ਨੂੰ ਆਜ਼ਾਦ ਕਰਵਾਉਣ ਲਈ ਬੇਸ਼ੱਕ ਰਾਜਨੀਤਕ ਪਾਰਟੀਆਂ ਆਪਣੇ ਨਾਮ ਮੱਲੋ ਮੱਲੀ ਘੁਸੇੜ ਰਹੀਆਂ ਹਨ। ਪਰ ਇਸ ਲਈ ਮੁੱਖ ਆਧਾਰ ਸਾਡੇ ਨੌਜਵਾਨਾਂ ਦੀ ਸੋਚ ਤੇ ਕੁਰਬਾਨੀਆਂ ਮੁੱਖ ਸਨ। ਜਿਸ ਵਿੱਚੋਂ ਆਜ਼ਾਦੀ ਦਾ ਦੀਵਾ ਜਲਿਆ ਤੇ ਉਸ ਦਾ ਨਤੀਜਾ ਆਪਣੇ ਹੱਕ ਵਿੱਚ ਕਰਨ ਲਈ ਰਾਜਨੀਤਕ ਪਾਰਟੀਆਂ ਨੇ ਫਟਾਫਟ ਆਪਣੀਆਂ ਸਿਰੀਆਂ ਚੁੱਕ ਲਈਆ, ਕੁਰਬਾਨੀਆਂ ਦੀ ਜਲੀ ਇਸ ਜੋਤ ਵਿੱਚੋਂ ਫ਼ਾਇਦਾ ਕਾਂਗਰਸ ਤੇ ਜਨਸੰਘ ਰਾਜਨੀਤਕ ਪਾਰਟੀਆਂ ਨੇ ਆਪਣੇ ਸਿਰ ਤਾਜ ਬੰਨ੍ਹਿਆ। ਸਾਡੇ ਨੌਜੁਆਨ ਯੋਧਿਆਂ ਨੇ ਛੋਟੀਆਂ ਛੋਟੀਆਂ ਯੂਨੀਅਨਾਂ ਬਣਾ ਕੇ ਆਪਣੇ ਰਸਤੇ ਤਹਿ ਕੀਤੇ, ਆਜ਼ਾਦੀ ਹਾਸਲ ਕਰਨ ਲਈ ਪ੍ਰਚਾਰ ਤੇ ਪ੍ਰਸਾਰ ਦਾ ਕੰਮ ਕਰਦੇ ਹੋਏ ਕੁਰਬਾਨੀਆਂ ਵਿੱਚੋਂ ਆਜ਼ਾਦੀ ਦੀ ਜੋਤ ਪੈਦਾ ਹੋਈ। ਇਤਿਹਾਸ ਤਾਂ ਭਾਰਤ ਦਾ ਤੋੜ ਮਰੋੜ ਕੇ ਕਦੇ ਵੀ ਬਦਲ ਦਿੱਤਾ ਜਾਂਦਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਸਿੱਧ ਕਰਦਾ ਹੈ। ਅੱਜਕੱਲ੍ਹ ਦੇ ਨੇਤਾਵਾਂ ਵੱਲੋਂ ਦਿੱਤੇ ਗਏ ਬਿਆਨ ਜੋ ਘੰਟਿਆਂ ਬਾਅਦ ਹੀ ਮੁੱਕਰ ਜਾਂਦੇ ਹਨ ਜਿਹੜੀ ਰਾਜਨੀਤਕ ਪਾਰਟੀ ਕੁਰਸੀ ਹਾਸਲ ਕਰ ਲੈਂਦੀ ਹੈ, ਕੁਰਬਾਨੀਆਂ ਤੇ ਆਜ਼ਾਦੀ ਪ੍ਰਾਪਤ ਕਰਨ ਦਾ ਸਿਹਰਾ ਨਵੇਂ ਤੋਂ ਨਵੇਂ ਤਰੀਕੇ ਨਾਲ ਆਪਣੇ ਸਿਰ ਬੰਨ੍ਹਣ ਲੱਗਦੀ ਹੈ। ਅਸਲੀ ਰੂਪ ਵਿਚ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਾਡੇ ਯੋਧੇ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਤੇ ਹੋਰ ਅਨੇਕਾਂ ਯੋਧੇ ਕੁਰਬਾਨੀਆਂ ਦੇ ਗਏ ਉਨ੍ਹਾਂ ਦੀ ਕਿਹੜੀ ਰਾਜਨੀਤਕ ਪਾਰਟੀ ਸੀ, ਕਦੇ ਕਿਸੇ ਨੇ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਯੋਧੇ ਆਪਣੇ ਦੇਸ਼ ਦੀ ਮਿੱਟੀ ਨੂੰ ਪਿਆਰ ਕਰਨ ਵਾਲੇ ਸਨ ਉਸ ਲਈ ਕੁਰਬਾਨੀਆ ਦੇ ਗਏ ਉਨ੍ਹਾਂ ਨੂੰ ਪਾਰਟੀਆਂ ਦੀ ਕੋਈ ਜ਼ਰੂਰਤ ਨਹੀਂ ਸੀ। ਆਉਣ ਵਾਲੇ ਸਮੇਂ ਚ ਕੋਈ ਨਵਾਂ ਇਤਿਹਾਸ ਲਿਖ ਕੇ ਇਨ੍ਹਾਂ ਯੋਧਿਆਂ ਦਾ ਨਾਮ ਰਾਜਨੀਤਕ ਪਾਰਟੀਆਂ ਆਪਣੇ ਖਾਤੇ ਵਿੱਚ ਦਾਖਿਲ ਕਰ ਲੈਣਗੀਆਂ। ਇਸ ਵਿਚ ਕੋਈ ਸ਼ੱਕ ਨਹੀਂ ਆਜ਼ਾਦੀ ਦੀ ਜੋਤ ਕੁਰਬਾਨੀਆਂ ਵਿਚੋਂ ਨਿਕਲੀ ਪੂਰੀ ਕਹਾਣੀ ਲਿਖਣ ਦਾ ਮੇਰਾ ਇਹ ਵਿਸ਼ਾ ਨਹੀਂ ਹੈ। ਚਲਾਕ ਲੋਕਾਂ ਨੇ ਧੜਾਧੜ ਰਾਜਨੀਤਕ ਪਾਰਟੀਆਂ ਖੜ੍ਹੀਆਂ ਕਰ ਲਈਆਂ ਤੇ ਖਡ਼੍ਹੀਆਂ ਕਰ ਰਹੇ ਹਨ ਹਰੇਕ ਕੁਰਬਾਨੀ ਯੋਧੇ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਸੱਚ ਕੀ ਹੈ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਰਾਜਨੀਤਕ ਪਾਰਟੀਆਂ ਦਾ ਜੇ ਪੰਨਾ ਫਰੋਲਿਆ ਜਾਵੇ, ਤਾਂ ਸਾਰੇ ਇਕੋ ਥਾਨ ਵਿਚੋਂ ਪਾੜੇ ਹੋਏ ਸੂਟ ਵਾਂਗਰਾਂ ਹਨ, ਕੋਈ ਵੱਡਾ ਤੇ ਛੋਟਾ ਟੁਕੜਾ ਹੋ ਹੀ ਜਾਂਦਾ ਹੈ।

ਆਜ਼ਾਦੀ ਹਾਸਲ ਕਰਨ ਤੋਂ ਬਾਅਦ ਆਜ਼ਾਦੀ ਕੀ ਹੁੰਦੀ ਹੈ? ਇਸ ਦੀ ਪਰਿਭਾਸ਼ਾ ਸਾਨੂੰ ਖ਼ੁਦ ਸਮਝ ਨਹੀਂ ਆ ਰਹੀ, ਰਾਜਨੀਤਕ ਪਾਰਟੀਆਂ ਨੇ ਮੁੱਦੇ ਤੇ ਧਾਰਮਿਕ ਮਸਲੇ ਆਪਣੀ ਪੋਟਲੀ ਵਿੱਚ ਬੰਨ੍ਹੇ ਹੋਏ ਹਨ ਜਦੋਂ ਜ਼ਰੂਰਤ ਪੈਂਦੀ ਹੈ ਖੋਲ੍ਹ ਦਿੰਦੇ ਹਨ। ਆਜ਼ਾਦ ਹੋ ਗਏ ਪਰ ਬੇਰੁਜ਼ਗਾਰੀ, ਭੁੱਖਮਰੀ, ਸਿਖਿਆ ਤੇ ਸਿਹਤ ਦੇ ਘਟੀਆ ਪ੍ਰਬੰਧ ਸੱਤ ਦਹਾਕਿਆਂ ਤੋਂ ਪੂਰੇ ਭਾਰਤ ਨੂੰ ਘੇਰਿਆ ਹੋਇਆ ਹੈ।  ਕਿੱਥੋਂ ਦੀ ਕਿਹੜੀ ਆਜ਼ਾਦੀ ਸਮਝਣ ਦਾ ਸਮਾਂ ਹੀ ਨਹੀਂ ਹੈ, ਜੇ ਸਮਝ ਗਏ ਤਾਂ ਰਾਜਨੀਤਕ ਪਾਰਟੀਆਂ ਨੂੰ ਆਪਣੀ ਧੁਨ ਬਦਲਣੀ ਪਵੇਗੀ। ਇਸ ਲਈ ਸਿਹਤ ਸਿੱਖਿਆ ਤੋਂ ਵਾਂਝੇ ਰੋਕ ਕੀ ਕਰ ਸਕਦੇ ਹਨ, ਸਰਕਾਰਾਂ ਬਣਦੀਆਂ ਰਹੀਆਂ ਬਦਲਦੀਆਂ ਰਹੀਆਂ, ਪਰ ਇਸ ਲਈ ਕੋਈ ਵੀ ਯੋਗ ਪ੍ਰਬੰਧ ਨਹੀਂ ਕੀਤਾ ਗਿਆ। ਸਿਰਕੱਢ ਤੇ ਧਨਾਢ ਲੋਕਾਂ ਨੂੰ ਰਾਜਨੀਤਕ ਪਾਰਟੀਆਂ ਆਪਣੇ ਨਾਲ ਜੋੜ ਲੈਂਦੀਆਂ ਹਨ, ਉਹ ਆਪਣਾ ਰਾਗ ਅਲਾਪਣ ਲੱਗਦੇ ਹਨ, ਕੰਮਕਾਰ ਦੇ ਜਿੰਨੇ ਵੀ ਵਿਭਾਗ ਹਨ ਆਪਣੀਆਂ ਮੰਗਾਂ ਦੀ ਪੂਰਤੀ ਲਈ ਯੂਨੀਅਨਾਂ ਸਥਾਪਤ ਕਰ ਲੈਂਦੀਆਂ ਹਨ। ਕੁਰਸੀ ਤੇ ਬਿਰਾਜਮਾਨ ਪਾਰਟੀ ਹਰੇਕ ਯੂਨੀਅਨ ਦੇ ਪ੍ਰਧਾਨ ਨੂੰ ਖਰੀਦ ਲੈਂਦੀ ਹੈ, ਨਤੀਜਾ ਕੀ ਨਿਕਲਦਾ ਹੈ, ਸਭ ਦੇ ਸਾਹਮਣੇ ਹੈ? ਆਜ਼ਾਦੀ ਤੋਂ ਬਾਅਦ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਹਰ ਸਰਕਾਰ ਨੇ ਵਰਤਿਆ ਹੈ, ਉਨ੍ਹਾਂ ਦੀ ਭਲਾਈ ਲਈ ਕੋਈ ਯੋਗ ਕਦਮ ਨਹੀਂ ਚੁੱਕਿਆ, ਕਿਸਾਨਾਂ ਤੇ ਮਜ਼ਦੂਰਾਂ ਨੂੰ ਹਰ ਕੰਮ ਤੇ ਥਾਂ ਵਿੱਚ ਵਰਤਿਆ ਗਿਆ ਹੈ। ਅਜੋਕੀ ਭਾਰਤ ਸਰਕਾਰ ਨੇ ਵਪਾਰੀ ਵਰਗ ਨਾਲ ਜੁੜਕੇ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦਾ ਖ਼ਾਸ ਕਾਨੂੰਨ ਪਾਸ ਕੀਤਾ। ਖੇਤੀ ਦੀ ਪੈਦਾਵਾਰ ਲਈ ਵੀ ਖਾਸ ਕਾਨੂੰਨ ਵਪਾਰੀ ਵਰਗ ਦੇ ਹੱਕ ਵਿਚ ਬਣਾਏ ਗਏ, ਜਿਸ ਨਾਲ ਮਜ਼ਦੂਰ ਵਰਗ ਨਪੀੜਿਆ ਗਿਆ। ਦੁਨੀਆਂ ਦੇ ਪੇਟ ਨੂੰ ਭਰਨ ਵਾਲੇ ਕਿਸਾਨ ਤੇ ਮਜ਼ਦੂਰ ਕਿਵੇਂ ਚੁੱਪ ਬੈਠ ਸਕਦੇ ਸਨ। ਮਹੀਨੇ ਤੋਂ ਉਨ੍ਹਾਂ ਨੇ ਆਪਣੇ ਤਰੀਕੇ ਨਾਲ ਥਾਂ ਥਾਂ ਤੇ ਧਰਨੇ ਲਗਾਏ ਹੋਏ ਹਨ, ਜਿਸ ਵਿੱਚ ਪੰਜਾਬ ਦੀਆਂ ਇਕੱਤੀ ਕਿਸਾਨ ਯੂਨੀਅਨਾਂ ਆਪਣੀ ਆਵਾਜ਼ ਨੂੰ ਬੁਲੰਦ ਕੀਤਾ, ਤਾਂ ਭਾਰਤ ਵਰਸ਼ ਵਿੱਚ ਸਾਰੀਆਂ ਕਿਸਾਨ ਯੂਨੀਅਨਾਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਲਈ ਆ ਕੇ ਖੜ੍ਹੀਆਂ ਹੋ ਗਈਆਂ। ਜਿਸ ਦਾ ਸਬੂਤ ਪਿਛਲੇ ਦਿਨ ਚੱਕਾ ਜਾਮ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਪ੍ਰੋਗਰਾਮ ਪੂਰੇ ਭਾਰਤ ਲਈ ਉਲੀਕਿਆ ਗਿਆ, ਜਿਸ ਵਿਚ ਭਾਰਤ ਦੇ ਅਠਾਰਾਂ ਰਾਜਾਂ ਨੇ ਪੂਰਨ ਸਹਿਯੋਗ ਦਿੱਤਾ। ਇਸ ਸਾਰਥਕ ਮੇਲ ਜੋਲ ਨੂੰ ਵੇਖ ਕੇ ਸਰਕਾਰਾਂ ਦੀਆਂ ਚੂਲਾਂ ਹਿੱਲ ਗਈਆਂ, ਇੱਥੇ ਇਕ ਖ਼ਾਸ ਗੱਲ ਕਰਨੀ ਬਣਦੀ ਹੈ ਕਿਸਾਨ ਤੇ ਮਜ਼ਦੂਰ ਸਾਰੇ ਖੇਤੀ ਨਾਲ ਜੁੜੇ ਹੋਏ ਹਨ, ਤੇ ਪੂਰਨ ਰੂਪ ਵਿੱਚ ਨਿਰਭਰ ਹਨ, ਕੀ ਇਨ੍ਹਾਂ ਦੀ ਇਕ ਯੂਨੀਅਨ ਜੋ ਪਾਰਟੀ ਦੇ ਤੌਰ ਤੇ ਨਹੀਂ ਸਥਾਪਤ ਹੋ ਸਕਦੀ? ਮੇਰਾ ਮੁੱਖ ਵਿਸ਼ਾ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਦੀ ਗਿਣਤੀ ਸਬੰਧੀ ਹੈ। ਸਾਰਿਆਂ ਦਾ ਕੰਮ ਧੰਦਾ ਲੋੜਾਂ ਇਕੋ ਹੀ ਹਨ, ਫੇਰ ਯੂਨੀਅਨਾਂ ਦਾ ਇਕ ਭੌਣ ਬਣਾਉਣ ਦੀ ਕੀ ਜ਼ਰੂਰਤ ਹੈ? ਆਪਣਾ ਆਪਣਾ ਰਾਗ ਅਲਾਪਦੇ ਰਹੀਏ ਤੇ ਸਰਕਾਰਾਂ ਤੋਂ ਫ਼ਾਇਦੇ ਪ੍ਰਾਪਤ ਕਰਦੇ ਰਹੀਏ, ਮੇਰੇ ਖਿਆਲ ਅਨੁਸਾਰ ਰਾਜਨੀਤਕ ਪਾਰਟੀਆਂ ਦਾ ਇਨ੍ਹਾਂ ਯੂਨੀਅਨਾਂ ਵਿੱਚ ਪਤਲੀ ਗਲੀ ਰਾਹੀਂ ਹੱਥ ਵਿੱਚ ਰੱਖਣ ਲਈ ਪੂਰਾ ਦਾਖ਼ਲਾ ਹੈ। ਮੇਰੇ ਜਿਹੇ ਕੁਝ ਵਿਹਲੜ ਰਾਜਨੀਤਕ ਲੀਡਰਾਂ ਦੇ ਪਾਲੇ ਹੋਏ ਕਿਸਾਨ ਯੂਨੀਅਨ ਖਡ਼੍ਹੀ ਕਰ ਲੈਂਦੇ ਹਨ, ਤੇ ਉਨ੍ਹਾਂ ਦੇ ਪੈਰ ਚੱਟਦੇ ਹੋਏ ਪ੍ਰਧਾਨਗੀਆਂ ਤਕ ਪਹੁੰਚ ਜਾਂਦੇ ਹਨ। ਮੈਂ ਅਜਿਹੇ ਅਨੇਕਾਂ ਲੀਡਰ ਵੇਖੇ ਹਨ ਜਿਨ੍ਹਾਂ ਕੋਲ ਇਕ ਟੁੱਟਿਆ ਜਿਹਾ ਸਾਈਕਲ ਹੁੰਦਾ ਸੀ, ਅੱਜ ਕੀਮਤੀ ਗੱਡੀਆਂ ਉੱਤੇ ਘੁੰਮ ਰਹੇ ਹਨ। ਜਿਨ੍ਹਾਂ ਕੋਲ ਡੇਢ ਕਨਾਲ ਜ਼ਮੀਨ ਹੁੰਦੀ ਸੀ, ਅੱਜ ਸੈਂਕੜੇ ਕਿੱਲਿਆਂ ਤਕ ਪਹੁੰਚ ਗਏ ਹਨ, ਕੀ ਇਹ ਉਨ੍ਹਾਂ ਦੀ ਕਮਾਈ ਹੈ। ਕਦੇ ਸੋਚੋ ਮੇਰੇ ਵੀਰੋ ਭੈਣੋ ਕਸਾਨੋ ਤੇ ਮਜ਼ਦੂਰੋਂ ਆਪਣੀ ਸਾਰਥਕ ਰੂਪ ਵਿਚ ਇਕ ਕਿਸਾਨ ਮਜ਼ਦੂਰ ਪਾਰਟੀ ਬਣਾਓ। ਜਿਸ ਦਾ ਪੱਕਾ ਸੰਵਿਧਾਨ ਹੋਣਾ ਚਾਹੀਦਾ ਹੈ, ਤੁਸੀਂ ਰਾਜਨੀਤਕ ਪਾਰਟੀਆਂ ਜਾਂ ਸਰਕਾਰਾਂ ਤੋਂ ਕੀ ਲੈਣਾ ਹੈ। ਤੁਸੀਂ ਖ਼ੁਦ ਆਪਣੀ ਸਰਕਾਰ ਸਥਾਪਤ ਕਰ ਸਕਦੇ ਹੋ। ਤੁਹਾਡੀਆਂ ਜਿੱਤਾਂ ਵੇਖ ਕੇ ਪੂਰੇ ਭਾਰਤ ਦੇ ਕਿਸਾਨ ਤੁਹਾਡੇ ਨਾਲ ਜੁੜਨਗੇ ਤੁਸੀਂ ਭਾਰਤ ਦੇ ਕਿਸਾਨਾਂ ਨਾਲ ਜੁੜ ਕੇ ਕੇਂਦਰ ਸਰਕਾਰ ਨੂੰ ਇਕ ਚੱਕਾ ਜਾਮ ਕਰਕੇ ਟ੍ਰੇਲਰ ਹੀ ਵਿਖਾਇਆ ਹੈ। ਸਰਕਾਰ ਨੂੰ ਤੁਹਾਡੇ ਉੱਜਲ ਭਵਿੱਖ ਦੀ ਪੂਰੀ ਫ਼ਿਲਮ ਵਿਖਾਈ ਦੇ ਰਹੀ ਹੈ। ਖੇਤੀ ਦੇ ਕਾਨੂੰਨ ਤਾਂ ਦੂਰ ਦੀ ਗੱਲ ਰਹੀ ਉਨ੍ਹਾਂ ਦੀਆਂ ਕੁਰਸੀਆਂ ਦੀਆਂ ਚੂਲਾਂ ਅਤੇ ਫਾਲ਼ਾਂ ਹਿੱਲ ਗਈਆਂ ਹਨ ।

ਮੈਂ ਮਰਚੈਂਟ ਨੇਵੀ ਵਿੱਚ ਤਿੰਨ ਦਹਾਕਿਆਂ ਤੋਂ ਨੌਕਰੀ ਕਰ ਰਿਹਾ ਹਾਂ, ਸਾਡੀ ਇਕ ਅੰਤਰਰਾਸ਼ਟਰੀ ਯੂਨੀਅਨ ਸਥਾਪਤ ਹੈ। ਸਾਡੀ ਯੂਨੀਅਨ ਦੇ ਕਾਨੂੰਨਾਂ ਸਾਹਮਣੇ ਕਿਸੇ ਦੇਸ਼ ਦੀ ਸਰਕਾਰ ਕੁਝ ਵੀ ਨਹੀਂ ਕਰ ਸਕਦੀ, ਸਾਡੀ ਤਨਖਾਹ ਤੇ ਸਹੂਲਤਾਂ ਸਾਡੀ ਯੂਨੀਅਨ ਤਹਿ ਕਰਕੇ ਸਰਕਾਰਾਂ ਤੇ ਜਹਾਜ਼ਾਂ ਦੀਆਂ ਕੰਪਨੀਆਂ ਨੂੰ ਦਿੰਦੀ ਹੈ। ਭਾਰਤ ਦੇਸ਼ ਵਿਚ ਇਹ ਯੂਨੀਅਨ ਰਾਜਨੀਤਕ ਪਾਰਟੀਆਂ ਤੇ ਸਰਕਾਰਾਂ ਨਾਲ ਮਿਲ ਕੇ ਨਵੇਂ ਕਰਮਚਾਰੀਆਂ ਨੂੰ ਆਪਣੇ ਵਿੱਚ ਸ਼ਾਮਲ ਨਹੀਂ ਕਰਦੀ ਸੀ। ਸਿਰਫ਼ ਆਪਣੇ ਹੀ ਆਦਮੀ ਭਰਤੀ ਕਰਵਾਏ ਜਾਂਦੇ ਸਨ। ਅਸੀਂ ਆਪਣੇ ਲਾਇਸੈਂਸ ਦੀ ਪੂਰੀ ਰਿਪੋਰਟ ਮਾਨਯੋਗ ਸੁਪਰੀਮ ਕੋਰਟ ਕੋਲ ਲੈ ਕੇ ਗਏ ਤਾਂ ਉਨ੍ਹਾਂ ਨੇ ਫ਼ੈਸਲਾ ਕੀਤਾ ਕੇ ਇਹ ਲਾਇਸੈਂਸ ਦੀ ਪੂਰੀ ਤਾਕਤ ਸਿੱਧੇ ਰੂਪ ਵਿੱਚ ਨੌਕਰੀ ਹੈ। ਭਾਰਤ ਸਰਕਾਰ ਕੰਪਨੀਆਂ ਤੇ ਯੂਨੀਅਨ ਨੂੰ ਮੰਨਣੀ ਪਵੇਗੀ ਨਹੀਂ, ਤਾਂ ਯੂਨੀਅਨ ਆਪਣਾ ਜੁੱਲੀ ਤਪੜਾ ਲਪੇਟ ਲਵੋ। ਸਾਡੇ ਗੁਆਂਢੀ ਮੁਲਕ ਫਿਲੀਪਾਈਨ ਵਿੱਚ ਸਾਡੀ ਇਸ ਯੂਨੀਅਨ ਦੀ ਏਨੀ ਤਾਕਤ ਹੈ ਕਿ ਉਹ ਸਰਕਾਰ ਤੋਂ ਆਪਣੇ ਲਈ ਖਾਸ ਕਾਨੂੰਨ ਖ਼ੁਦ ਬਣਾਉਂਦੀ ਹੈ। ਮਰਚੈਂਟ ਨੇਵੀ ਵਿੱਚ ਇਸੇ ਕਾਰਨ 85% ਉੱਥੋਂ ਦੇ ਵਸਨੀਕ ਭਰਤੀ ਹਨ, ਉਹ ਆਪਣੇ ਦੇਸ਼ ਲਈ ਬਹੁਤ ਵੱਡਾ ਆਰਥਕ ਥੰਮ੍ਹ ਖੜ੍ਹਾ ਕਰ ਰਹੇ ਹਨ। ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਫਿਲੀਪੀਨ ਦੀ ਆਰਥਕ ਸਥਿਤੀ ਮਰਚੈਂਟ ਨੇਵੀ ਉੱਤੇ ਟਿਕੀ ਹੋਈ ਹੈ। ਆਪਣੀ ਆਜ਼ਾਦੀ ਤੋਂ ਬਾਅਦ ਕਿਸਾਨਾਂ ਤੇ ਮਜ਼ਦੂਰਾਂ ਦੀ ਖ਼ਾਸ ਰਾਜਨੀਤਕ ਪਾਰਟੀ ਕਮਿਊਨਿਸਟ ਉੱਭਰੀ ਸੀ, ਵੱਡੀਆਂ ਰਾਜਨੀਤਕ ਪਾਰਟੀਆਂ ਨੇ ਉਨ੍ਹਾਂ ਨੂੰ ਦੋਫਾੜ ਕਰ ਕੇ ਸਾਹ ਲਿਆ। ਮੈਂ ਵਿਦੇਸ਼ਾਂ ਵਿਚ ਘੁੰਮਦੇ ਹੋਏ ਖ਼ੁਦ ਆਪਣੇ ਅੱਖੀਂ ਵੇਖਿਆ ਹੈ, ਰੂਸ, ਵੀਅਤਨਾਮ, ਚੀਨ ਤੇ ਕਿਊਬਾ ਜਿਹੇ ਮੁਲਕ ਉਨ੍ਹਾਂ ਦੀਆਂ ਸਰਕਾਰਾਂ ਹੀ ਕਮਿਊਨਿਸਟ ਹਨ। ਆਪਣੀ ਭਾਸ਼ਾ ਨਾਲ ਉੱਚ ਸਿੱਖਿਆ ਪ੍ਰਾਪਤ ਕਰਕੇ ਪੂਰੀ ਦੁਨੀਆਂ ਵਿੱਚ ਆਪਣੀ ਮਿਹਨਤ ਨਾਲ ਬਣਾਈ ਹੋਈਆਂ ਚੀਜ਼ਾਂ ਵਸਤਾਂ ਦੇ ਝੰਡੇ ਗੱਡ ਰਹੇ ਹਨ। ਕਿਊਬਾ ਵਿੱਚ ਡਾਕਟਰ ਤੇ ਇੰਜਨੀਅਰਿੰਗ ਦੀ ਪੜ੍ਹਾਈ ਸਰਕਾਰ ਮੁਫ਼ਤ ਵਿੱਚ ਕਰਵਾਉਂਦੀ ਹੈ, ਇੱਥੋਂ ਤੱਕ ਕੇ ਵਿਦੇਸ਼ੀ ਵਿਦਿਆਰਥੀਆਂ ਨੂੰ ਵੀ ਛੋਟ ਹੈ। ਇਨ੍ਹਾਂ ਮੁਲਕਾਂ ਵਿੱਚ ਅੰਗਰੇਜ਼ੀ ਭਾਸ਼ਾ ਦਾ ਕੋਈ ਆਧਾਰ ਨਹੀਂ, ਪਰ ਸਿੱਖਿਆ ਵਿੱਚ ਪਹਿਲੇ ਨੰਬਰ ਤੇ ਹਨ। ਆਪਾਂ ਕਿਉਂ ਚਾਰ ਬੰਦੇ ਇਕੱਠੇ ਹੋ ਕੇ ਕੋਈ ਕਮੇਟੀ ਬਣਾਉਂਦੇ ਹਾਂ, ਤਾਂ ਲੀਡਰਾਂ ਦਾ ਸਹਾਰਾ ਭਾਲਦੇ ਹਾਂ ਇਹੋ ਹੀ ਆਪਣੀ ਬਹੁਤ ਵੱਡੀ ਹਾਰ ਹੈ। ਇਸੇ ਕਾਰਨ ਕਿਸਾਨ ਯੂਨੀਅਨਾਂ ਦੇ ਅੱਗੇ ਪਿੱਛੇ ਊੜੇ, ਆੜੇ, ਈੜੀ ਲੱਗ ਕੇ ਇਕੱਤੀ ਦੀ ਗਿਣਤੀ ਤੱਕ ਪਹੁੰਚ ਗਈਆਂ ਹਨ। ਇਹ ਰਾਜਨੀਤਕ ਪਾਰਟੀਆਂ ਦੀ ਦੇਣ ਹੈ। ਜਦ ਰਾਜਨੀਤਕ ਪਾਰਟੀਆਂ ਤੁਹਾਡਾ ਕੁਝ ਨਹੀਂ ਕਰ ਸਕਦੀਆਂ ਤੁਸੀਂ ਕਿਉਂ ਟੁਕੜੇ ਟੁਕੜੇ ਹੋ ਕੇ ਘੁੰਮ ਰਹੇ ਹੋ। ਏਕਾ ਹੀ ਬਰਕਤ ਰੱਖਦਾ ਹੈ ਜੋ ਆਪਾਂ ਨੂੰ ਵਿਰਸੇ ਵਿੱਚੋਂ ਸ਼ਬਦ ਮਿਲਿਆ ਹੈ। ਉਹ ਭੁੱਲ ਹੀ ਆਪਾਂ ਨੂੰ ਸੜਕਾਂ ਤੇ ਖੜ੍ਹੇ ਕਰ ਰਹੀ ਹੈ। ਹੁਣੇ ਹੀ ਮੈਂ ਆਪਣੇ ਉਸਤਾਦ ਗੀਤਕਾਰ ਮੂਲਚੰਦ ਸ਼ਰਮਾ ਜੀ ਨਾਲ ਇਹ ਯੂਨੀਅਨਾਂ ਦੀ ਚਿਡ਼ੀ ਦੇ ਪਹੁੰਚੇ ਜਿੱਡੇ ਸੂਬੇ ਵਿਚ ਯੂਨੀਅਨਾਂ ਦੇ ਨਾਨਕੇ ਦਾਦਕੇ ਮੇਲ ਦੀ ਗੱਲ ਕੀਤੀ, ਜੋ ਪਤਾ ਨ੍ਹੀਂ ਕਦੋਂ ਬੋਲੀਆਂ ਪਾਉਣ ਵੇਲੇ ਹੀ ਭਿੜ ਪੈਂਦੇ ਹਨ। ਉਨ੍ਹਾਂ ਨੇ ਆਪਣੇ ਕੁਝ ਸ਼ਬਦ ਲਿਖ ਕੇ ਭੇਜੇ ਜੋ ਮੇਰੇ ਇਸ ਵਿਸ਼ੇ ਦਾ ਮੁੱਖ ਆਧਾਰ ਹਨ।

ਸੰਘਰਸ਼ ਦੀ ਸਫਲਤਾ ਦੇ ਲਈ
================
ਮਿਲ ਕੇ ਗੱਲ ਇਕੱਠੀ ਬਣਦੀ
ਜਿੰਨਾਂ ਚਿਰ ਕਣ ਕਣ ਦੀ ਨਈਂ ।
ਸਾਡੀ ਚਾਅਵਾਂ ਨਾਲ਼ ਓਨਾਂ ਚਿਰ
ਛਾਤੀ ਤਣਦੀ ਨਈਂ ।
ਜਿਹੜੀਆਂ ਕਿਸਾਨ ਯੂਨੀਅਨਾਂ
ਪਿੱਛੇ ਪੂੰਛਾਂ ਲੱਗੀਆਂ ਨੇ,
ਇਹ ਲਾਹ ਕੇ ਜਿੰਨਾਂ ਚਿਰ
ਇੱਕ ਯੂਨੀਅਨ ਬਣਦੀ ਨਹੀਂ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ(ਸੰਗਰੂਰ)
ਹੂਬਹੂ ਮੈਂ ਉਹ ਲਾਈਨਾਂ ਆਪਣੇ ਕਿਸਾਨਾਂ ਮਜ਼ਦੂਰਾਂ ਵੀਰਾਂ ਭੈਣਾਂ ਭਰਾਵਾਂ ਨੂੰ ਪੇਸ਼ ਕਰ ਰਿਹਾ ਹਾ, ਸਮਝੋ ਇਹ ਤੁਸੀਂ ਆਪਣੇ ਦਿਲ ਤੇ ਦਿਮਾਗ ਵਿੱਚ ਬਿਠਾ ਲਈਆਂ, ਤੁਹਾਡੀ ਜਿੱਤ ਤਾਂ ਚੁਟਕੀ ਦਾ ਕੰਮ ਹੈ, ਆਉਣ ਵਾਲੀ ਸਰਕਾਰ ਵੀ ਮੇਰੇ ਮਜ਼ਦੂਰਾਂ ਤੇ ਕਿਸਾਨਾਂ ਦੀ ਬਣੇਗੀ।- ਆਮੀਨ.

ਰਮੇਸ਼ਵਰ ਸਿੰਘ ; ਸੰਪਰਕ ਨੰਬਰ- 9914880392

Previous articleਕੁੜੀਏ ਮਰਜਾਣੀਏ, ਕਿਉਂ ਦੁਖੜੇ ਸਹਿਨੀ ਏ….
Next articleਪੰਜਾਬ ਬੁਧਿਸ਼ਿਟ ਸੁਸਾਇਟੀ (ਰਜਿ.) ਤੇ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ “ਕਠਿਨਚੀਵਰਦਾਨ ਦਿਵਸ” ਸ਼ਰਧਾ ਤੇ ਧੂਮਧਾਮ ਨਾਲ ਮਨਾਇਆ