(ਸਮਾਜ ਵੀਕਲੀ)
ਧੀਆਂ ਦੀ ਦੇਕੇ ਦਾਤ ਰੱਬ ਨੇ
ਕਾਹਤੋਂ ਲੇਖਾਂ ਵਿੱਚ ਲਿਖਤੀ ਜੁਦਾਈ
ਪਰੀਆਂ ਦੀ ਰਾਣੀ ਬੇਟੀ ਨੇ
ਸਾਰੇ ਘਰ ਚ ਰੌਣਕਾਂ ਲਾਈਆਂ
ਤੋਤਲੀ ਜੁਬਾਨ ਬੋਲਦੀ
ਗੱਲਾਂ ਮਿੱਠੀਆਂ ਲੱਗਣ ਮਠਿਆਈਆਂ
ਮਾਣ ਦੀ ਬਹਾਰਾਂ ਰੱਜ ਕੇ
ਰੱਖੇ ਘਰ ਨੂੰ ਸਵਰਗ ਬਣਾਈ
ਧੀਆਂ ਦੀ ਦੇਕੇ ਦਾਤ ਰੱਬ ਨੇ…….
ਕਦੋਂ ਬਚਪਨ ਲੰਘ ਗਿਆ
ਕਦੋਂ ਬਾਪ ਦੇ ਮੋਢੇ ਤੇ ਆਈ
ਰਾਜਾ ਵਰ ਧੀ ਲਈ ਲੱਭਣਾਂ
ਜਾਵੇ ਮਾਪਿਆਂ ਨੂੰ ਚਿੰਤਾ ਸਤਾਈ
ਹੱਥੀਂ ਧੀ ਨੂੰ ਪਾਲ ਪੋਸ ਕੇ
ਵਾਂਗ ਡੋਰ ਹੱਥ ਦੂਜੇ ਦੇ ਫੜਾਈ
ਧੀਆਂ ਦੀ ਦੇਕੇ ਦਾਤ ਰੱਬ ਨੇ…….
ਤ੍ਰਿੰਝਣਾਂ ਦੀਆਂ ਯਾਦਾਂ ਰਹਿ ਗਈਆਂ
ਕੱਤੇ ਚਰਖੇ ਬਣਾਉਂਦੀ ਰਹੀ ਪੱਖੀਆਂ
ਚਾਦਰਾਂ ਤੇ ਪਾਉਣ ਬੂਟੀਆਂ
ਸਭ ਸਖੀਆਂ ਸਹੇਲੀਆਂ ਹੋ ਕੱਠੀਆਂ
ਵਿੱਛੜੀ ਹੋਈ ਕੂੰਜ ਡਾਰ ਤੋਂ
ਫਿਰ ਰੱਬ ਨੇ ਸਬੱਬ ਨਾ ਮਿਲਾਈ
ਧੀਆਂ ਦੀ ਦੇਕੇ ਦਾਤ ਰੱਬ ਨੇ……..
ਧੀਆਂ ਦੇ ਨਸੀਬ ਵੱਖਰੇ
ਇੱਕ ਘਰ ਛੱਡ ਦੂਜਾ ਜਾ ਵਸਾਉਂਦੀ
ਪੇਕੇ ਵੀ ਪਰਾਈ ਆਖਦੇ
ਸਹੁਰੇ ਘਰ ਵੀ ਬੇਗਾਨੀ ਧੀ ਕਹਾਉਂਦੀ
ਪਤਾ ਨਹੀ ਕਿਹੜਾ ਘਰ ਧੀਆਂ ਦਾ
ਜਿੱਥੇ ਵਸੇ ਅੰਮੜੀ ਦੀ ਜਾਈ
ਧੀਆਂ ਦੀ ਦੇਕੇ ਦਾਤ ਰੱਬ ਨੇ…….
ਰਹੇ ਤੂੰ ਸੁਹਾਗਣ ਸਦਾ
ਮਾਂ ਬਾਪ ਦੀਆਂ ਧੀ ਨੂੰ ਦੁਆਵਾਂ
ਖੁਸੀਆਂ ਚ ਰਹੇ ਵੱਸਦੀ
ਤੈਨੂੰ ਲੱਗਣ ਨਾਂ ਤੱਤੀਆਂ ਹਵਾਵਾਂ
ਸੁਖਚੈਨ ਅਰਦਾਸਾਂ ਕਰਦਾ
ਮਿਹਰ ਰੱਬ ਦੀ ਰਹੇ ਤੇਰੇ ਤੇ ਸਵਾਈ
ਧੀਆਂ ਦੀ ਦੇਕੇ ਦਾਤ ਰੱਬ ਨੇ…….
ਸੁਖਚੈਨ ਸਿੰਘ ਚੰਦ ਨਵਾਂ
9914973876
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly