ਲੁਧਿਆਣਾ ਸਿਵਲ ਹਸਪਤਾਲ ‘ਚ ਫ਼ਰਸ਼ ਉੱਤੇ ਜੰਮਿਆ ਬੱਚਾ, ਪ੍ਰਬੰਧਕ ਕਾਹਨੂੰ ਕਰਦੇ ਨੇ ਧੱਕਾ?

(ਸਮਾਜ ਵੀਕਲੀ)

ਸਿਵਲ ਹਸਪਤਾਲ ਲੁੱਧਿਆਣੇ ਵਿਚ ਉਸਾਰਿਆ ਮਦਰ ਐਂਡ ਚਾਈਲਡ ਹਸਪਤਾਲ ਮੁੜ “ਚਰਚਾ” ਵਿਚ ਹੈ. ਸਤਾਈ ਫਰਵਰੀ,  ਸ਼ਨਿੱਚਰਵਾਰ ਨੂੰ ਓਥੇ ਇਨਸਾਨੀਅਤ ਵਿਰੋਧੀ ਦੁਰਘਟਨਾ ਵਾਪਰੀ ਹੈ।  ਜਣੇਪਾ ਕਰਾਉਣ ਲਈ ਗਈ ਗਰਭਵਤੀ ਤੀਵੀਂ  ਨੂੰ ਵੇਲੇ ਸਿਰ ਦਾਖ਼ਲ ਨਹੀਂ ਕੀਤਾ ਗਿਆ ਤੇ ਟੋਇਲਟ ਦੇ ਲਾਗੇ ਲੇਬਰ ਰੂਮ ਦੇ ਗੇਟ ‘ਤੇ ਉਸ ਗ਼ਰੀਬ ਔਰਤ ਨੇ ਬੱਚਾ ਜੰਮਿਆ। ਬੱਚਾ, ਫਰਸ਼ ‘ਤੇ ਬੱਚਾ ਡਿੱਗਣ ਮਗਰੋਂ ਔਰਤ ਚੀਕੀ ਤਾਂ  ਲੇਬਰ ਰੂਮ ਦੇ ਇਲਾਜ ਕਾਮੇ ਆਏ ਤੇ ਮਸਾਂ ਫੜਿਆ।

ਨਰਕ ਸਮਾਨ ਹਸਪਤਾਲ ਦੇ ਫਰਸ਼ ‘ਤੇ ਬੱਚਾ ਜੰਮਣ ਮਗਰੋਂ ਹਸਪਤਾਲ ਦੇ ਮੁਲਾਜ਼ਮਾਂ ਨੂੰ ਭਾਜੜ ਪੈ ਗਈ। ਔਰਤ ਦੇ ਪਤੀ ਸਾਹੁਲ ਯਾਦਵ ਨੇ ਦੱਸਿਆ ਕਿ ਲੇਬਰ ਰੂਮ ਦੇ ਕਾਮਿਆਂ ਦੀ ਲਾਪਰਵਾਹੀ ਕਾਰਨ ਇੰਝ ਹੋਇਆ ਹੈ। ਦੂਜੇ ਪਾਸੇ ਲੇਬਰ ਰੂਮ ਦੇ ਕਾਮਿਆਂ ਨੇ ਫਰਸ਼ ‘ਤੇ ਔਰਤ ਦੇ ਜਣੇਪੇ ਦੀ ਗੱਲ ਤੋਂ ਇਨਕਾਰ ਕੀਤਾ ਹੈ। ਯਾਦ ਰਹੇ ਕਿ ਕੁਝ ਦਿਨਾਂ ਵਿਚ ਮਦਰ ਐਂਡ ਚਾਈਲਡ ਹਸਪਤਾਲ ਵਿਚ ਜਣੇਪੇ ਦੇ ਮਾਮਲੇ ਵਿਚ ਲਾਪਰਵਾਹੀ ਦਾ ਇਹ ਤੀਜਾ ਮਾਮਲਾ ਹੈ। ਪਹਿਲਾਂ 18 ਫਰਵਰੀ ਨੂੰ ਹਸਪਤਾਲ ਸਟਾਫ ਦੀ ਲਾਪਰਵਾਹੀ ਕਾਰਨ ਸਿਵਲ ਹਸਪਤਾਲ ਪਾਰਕ ਵਿਚ ਔਰਤ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਸੀ।

ਸਾਲ ਜਾਂ ਦੋ ਸਾਲਾਂ ਦੀ ਗੱਲ ਕਰੀਏ ਤਾਂ 100 ਦੇ ਕਰੀਬ ਮਾਮਲੇ ਬਣਦੇ ਨੇ ਗਰੀਬਾਂ ਨੂੰ ਕਰਦੇ ਨੇ ਜ਼ਲੀਲ  ਛੋਟੀ ਢੰਡਾਰੀ ਲੁਧਿਆਣਾ ਤੋਂ ਆਏ  ਸਾਹੁਲ  ਯਾਦਵ ਨੇ ਦੱਸਿਆ ਕਿ 27 ਫਰਵਰੀ ਸਵੇਰੇ 9 ਵਜੇ ਨੌਂ ਮਹੀਨਿਆਂ ਦੀ ਗਰਭਵਤੀ ਪਤਨੀ ਨੂੰ ਜਣੇਪੇ ਦੀਆਂ ਦਰਦਾਂ ਉੱਠੀਆਂ ਸਨ। ਸਾਢੇ 9 ਵਜੇ ਉਨ੍ਹਾਂ ਨੇ 108 ਐਂਬੂਲੈਂਸ ਮੰਗਵਾਈ। ਪੌਣੇ ਦਸ ਵਜੇ ਦੇ ਕਰੀਬ ਐਂਬੂਲੈਂਸ ਪੁੱਜੀ,  ਦਸ ਵਜ ਕੇ 20 ਮਿੰਟ ‘ਤੇ ਉਹ ਸਿਵਲ ਹਸਪਤਾਲ ਲੁੱਧਿਆਣੇ ਦੀ ਐਮਰਜੈਂਸੀ ਵਿਚ ਪੁੱਜੇ। ਉਥੋਂ ਪੈਦਲ ਮਦਰ ਐਂਡ ਚਾਈਲਡ ਹਸਪਤਾਲ ਸਥਿਤ ਲੇਬਰ ਰੂਮ ਵਿਚ ਪੁੱਜੇ। ਜਦੋਂ ਉਹ ਲੇਬਰ ਰੂਮ ਵਿਚ ਪੁੱਜੇ ਤਾਂ ਅੰਦਰ ਭੀੜ, ਗੰਦਗੀ ਤੇ ਦਵਾਈਆਂ ਵਗੈਰਾ ਦੀ ਭਿਅੰਕਰ ਬਦਬੋ ਸੀ। ਡਿਊਟੀ ‘ਤੇ ਦੋ ਸਟਾਫ ਨਰਸਾਂ ਸਨ,  ਦੋਵੇਂ ਜਣੀਆਂ ਗੱਲ ਸੁਣਨ ਨੂੰ ਰਾਜ਼ੀ ਨਹੀਂ ਸੀ ਸਗੋਂ ਆਸਥਾ ਚੈਨਲ, ਨਿਰਮਲ ਬਾਬਾ ਤੇ ਹੋਰ ਨੀਵੇਂ ਪੱਧਰ ਦੀਆਂ ਗੱਲਾਂ ਵਿਚ ਗ਼ਲਤਾਨ ਸਨ।

ਲਾਪਰਵਾਹੀ ਕਰਦੀਆਂ ਨੇ ਮੁਲਾਜ਼ਮਾਂ :
ਜਦੋਂ ਨਰਸਾਂ ਨੂੰ ਸਾਹੁਲ ਨੇ ਆਪਣੀ ਪਤਨੀ ਦੀ ਪ੍ਰੈਗਨੈਂਟ ਹਾਲਤ ਬਾਰੇ ਦੱਸਿਆ ਤਾਂ ਦੋਵੇਂ ਜਣੀਆਂ ਨੇ ਕਿਹਾ ਕਿ ਥੋੜ੍ਹੀ ਦੇਰ ਉਡੀਕ ਕਰੋ। ਸਾਹੁਲ ਯਾਦਵ ਨੇ ਦੱਸਿਆ ਕਿ ਉਹ ਤੇ ਬੀਵੀ ਉਥੇ ਖੜ੍ਹੇ ਰਹੇ ਪਰ ਇਸ ਦੌਰਾਨ ਉਸ ਦੀ ਪਤਨੀ ਨੂੰ ਨਾ ਤਾਂ ਲੇਬਰ ਰੂਮ ਵਿਚ ਦਾਖ਼ਲ ਕੀਤਾ ਤੇ ਨਾ ਇਮਦਾਦ ਦਿੱਤੀ,  ਡਾਕਟਰ ਨੂੰ ਲੱਭਣ ਗਏ ਤਾਂ ਓਹ ਵੀ ਨਾ ਲੱਭਿਆ। ਸਾਹੁਲ ਦੀ ਪਤਨੀ ਦਰਦ ਕਾਰਨ ਤੜਫ ਰਹੀ ਸੀ। ਇਸ ਮਗਰੋਂ ਓਹਦੀ ਪਤਨੀ ਲੇਬਰ ਰੂਮ ਦੇ ਪਖਾਨੇ ਵਿਚ ਗਈ। ਪਖਾਨੇ ਵਿੱਚੋਂ ਬਾਹਰ ਆਈ ਤਾਂ ਦਰਦ ਤੇਜ਼ ਹੋ ਗਈ, ਨਰਸਾਂ ਵਗੈਰਾ ਨੂੰ ਆਵਾਜ਼ ਮਾਰੀ ਪਰ ਕੋਈ ਜਣੀ ਨਹੀਂ ਆਈ। ਇਸ ਮਗਰੋਂ ਸਾਹੁਲ ਦੀ ਗਰਭਵਾਨ ਪਤਨੀ ਦਾ ਜਣੇਪਾ ਖ਼ੁਦ ਬ ਖ਼ੁਦ  ਹੋਇਆ ਤੇ ਬੱਚਾ ਜ਼ਮੀਨ ‘ਤੇ ਡਿੱਗ ਗਿਆ, ਅਸਮਾਨ ਤਕ ਇਹ ਚੀਕ ਗੂੰਜਦੀ ਰਹੀ।

ਬੋਲੇ ਦਿੱਤੇ ਰਟਾਏ ਡਾਇਲੌਗ
ਇਸ ਬਾਰੇ ਨਰਸ ਦੱਸਦੀ ਹੈ ਕਿ ਸਵੇਰ ਵੇਲੇ ਉਹ ਦੋ ਜਣੀਆਂ ਡਿਊਟੀ ‘ਤੇ ਸਨ। ਦੋਵਾਂ ਜਣੀਆਂ ਨੇ ਇਸ ਗੱਲੋਂ ਇਨਕਾਰ ਕੀਤਾ ਕਿ ਜਣੇਪਾ ਫਰਸ਼ ‘ਤੇ ਹੋਇਆ ਹੈ। ਸਾਹੁਲ  ਦੀ ਪਤਨੀ   ਪੁੱਜੀ ਤਾਂ ਉਹ ਦਾ ਮੈਡੀਕਲ ਮੁਆਇਨਾ ਕੀਤਾ, ਦਾਖ਼ਲ ਕਰਨ ਲਈ ਫਾਈਲ ਬਣਾਈ। ਦਾਖ਼ਲ ਕਰਨ ਤੋਂ ਕੁਝ ਵਕ਼ਤ ਬਾਅਦ ਟੈਸਟ ਕਰਵਾਏ, ਗਰਭਵਤੀ ਦੇ ਪਤੀ ਸਾਹੁਲ ਨੂੰ ਆਵਾਜ਼ ਮਾਰੀ ਸੀ। ਜਦੋਂ ਗਰਭਵਤੀ ਪਿਸ਼ਾਬਖਾਨੇ ਵਿੱਚੋਂ ਬਾਹਰ ਆਈ ਤਾਂ ਦਰਦਾਂ ਉੱਠੀਆਂ।ਸਟ੍ਰੈਚਰ ‘ਤੇ ਲੰਮੀ ਪਾ ਕੇ ਲੇਬਰ ਰੂਮ ਵਿਚ ਲੈ ਕੇ ਗਈਆਂ ਤੇ ਉਥੇ ਬੱਚੇ ਦਾ ਜਨਮ ਹੋਇਆ।

ਸ਼ਰਮ ਕਰੇਗਾ ! ਸਿਹਤ ਮਹਿਕਮਾ?
ਪੰਜਾਬ ਦਾ ਸਿਹਤ ਵਜ਼ੀਰ ਬਲਬੀਰ ਸਿੱਧੂ ਹੈ, ਉਨ੍ਹਾਂ ਅਨੇਕਾਂ ਵਾਰ ਵੰਗਾਰ ਦਿੱਤੀ ਹੈ ਕਿ ਇਹ ਸਭ ਬਰਦਾਸ਼ਤ ਨਹੀਂ ਕਰਾਂਗੇ ਪਰ ਫੇਰ ਵੀ ਪਰਨਾਲਾ ਓਥੇ ਦਾ ਓਥੇ ਈ ਹੈ. ਪ੍ਰਾਈਵੇਟ ਹਸਪਤਾਲ ਚਲਾ ਰਹੇ ਬੰਦੇ ਆਖਦੇ ਨੇ ਕਿ ਜਦੋਂ ਤੀਕ ਅਨੇਕਾਂ ਡਾਕਟਰਾਂ ਤੇ ਨਰਸਾਂ ਉੱਤੇ ਮਿਸਾਲੀ ਤੇ ਸਖ਼ਤ ਕਾਰਵਾਈ ਨਹੀਂ ਹੁੰਦੀ. ਕਈ ਜਣੇ ਨੌਕਰੀ ਤੋਂ ਕੱਢੇ ਨਹੀਂ ਜਾਂਦੇ ਇਹ ਵਰਤਾਰਾ ਚਾਲੂ ਰਹੂਗਾ. ਇਹ ਗਰੀਬਾਂ ਨਾਲ਼ ਦੁਸ਼ਮਣੀ ਤੱਦੇ ਘਟੂਗੀ, ਜੇ, ਸਿਹਤ ਮੰਤਰੀ ਸਖ਼ਤ ਹੋਊਗਾ. ਇਹੀ, ਸਮੇਂ ਦੀ ਜ਼ਰੂਰਤ ਹੈ.

ਯਾਦਵਿੰਦਰ
+91 94653 29617
 ਸਰੂਪ ਨਗਰ. ਰਾਊਵਾਲੀ 
Previous articleਕਿਸਾਨ ਅੰਦੋਲਨ ਦੇ ਵਿਆਪਕ ਪ੍ਰਭਾਵ ਨੇ ਸਮਕਾਲੀ ਸਾਹਿਤ ਨੂੰ ਜੁਝਾਰੂ ਰੰਗ ਵਿੱਚ ਰੰਗਿਆ: ਮਿੱਤਰ ਸੈਨ ਮੀਤ
Next articleਮਨਦੀਪ ਕੌਰ ਸਿੱਧੂ ਬਣੀ ਨਿਊਜ਼ੀਲੈਂਡ ਪੁਲਿਸ ਦੀ ਪਹਿਲੀ ਭਾਰਤੀ ਮਹਿਲਾ ਥਾਣੇਦਾਰ