ਲਹਿਰਾਗਾਗਾ (ਸਮਾਜ ਵੀਕਲੀ) : ਇਥੇ ਵਾਰਡ 14 ਦੇ ਵਸਨੀਕ ਤੇਜਿੰਦਰ ਸਿੰਘ ਬਿੱਲੂ ਦੇ ਕੜੀਆਂ-ਬਾਲਿਆਂ ਦੀ ਛੱਤ ਸਵੇਰੇ ਡਿੱਗਣ ਕਰਕੇ ਉਸ ਦੀਆਂ ਦੋ ਧੀਆਂ ਗੀਤਾਂਜ਼ਲੀ , ਵਿਸ਼ਾਲੀ ਅਤੇ ਪੁੱਤਰ ਈਸ਼ ਛੱਤ ਥੱਲੇ ਦੱਬ ਗਏ, ਜਿਨ੍ਹਾਂ ਨੂੰ ਲੋਕਾਂ ਨੇ ਬਾਹਰ ਕੱਢਕੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ। ਮੈਡੀਕਲ ਅਫਸਰ ਡਾ. ਤਲੇਸ਼ ਬਾਂਸਲ ਨੇ ਜ਼ਖ਼ਮੀਆਂ ਨੂੰ ਮੁੱਢਲੀ ਮੈਡੀਕਲ ਸਹਾਇਤਾ ਦੇਕੇ ਸਿਵਲ ਹਸਪਤਾਲ ਸੰਗਰੂੁਰ ਰੈਫਰ ਕਰ ਦਿੱਤਾ ਹੈ।
ਮੌਕੇ ’ਤੇ ਲੋਕਾਂ ਨੇ ਦੱਸਿਆ ਕਿ ਬਿੱਲੂ ਆਰਥਿਕ ਤੌਰ ’ਤੇ ਕਮਜ਼ੋਰ ਹੋਣ ਕਰਕੇ ਪੁਰਾਣੀ ਛੱਤ ਨੂੰ ਬਦਲਣ ਦੀ ਸਥਿਤੀ ’ਚ ਨਹੀਂ ਸੀ ਅਤੇ ਪ੍ਰਸਾਸ਼ਨ, ਨਗਰ ਕੌਂਸਲ ਜਾਂ ਕਿਸੇ ਸਮਾਜਿਕ ਸੰਸਥਾ ਨੇ ਛੱਤ ਬਦਲਣ ਲਈ ਉਸ ਦੀ ਬਾਹ ਨਹੀਂ ਫੜ੍ਹੀ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੱਚਿਆਂ ਦਾ ਮੁਫ਼ਤ ਇਲਾਜ ਕੀਤਾ ਜਾਵੇ ਅਤੇ ਪੱਕਾ ਘਰ ਉਸਾਰਨ ਲਈ ਫੌਰੀ ਆਰਥਿਕ ਮਦਦ ਕੀਤੀ ਜਾਵੇ।