ਨਵੀਂ ਦਿੱਲੀ (ਸਮਾਜ ਵੀਕਲੀ): ਪਿਛਲੇ 24 ਘੰਟਿਆਂ ਵਿੱਚ 55,839 ਨਵੇਂ ਕੇਸਾਂ ਨਾਲ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 77 ਲੱਖ ਦੇ ਅੰਕੜੇ ਨੂੰ ਪਾਰ ਪਾਉਂਦਿਆਂ 77,06,946 ਹੋ ਗਈ ਹੈ। ਉਂਜ ਖੁ਼ਸ਼ਖ਼ਬਰ ਹੈ ਕਿ ਅੱਜ ਲਗਾਤਾਰ ਚੌਥਾ ਦਿਨ ਹੈ ਜਦੋਂ ਕਰੋਨਾ ਦੇ ਰੋਜ਼ਾਨਾ ਰਿਪੋਰਟ ਹੁੰਦੇ ਕੇਸਾਂ ਦਾ ਅੰਕੜਾ 60 ਹਜ਼ਾਰ ਤੋਂ ਘੱਟ ਰਿਹਾ ਹੈ।
ਇਸ ਦੌਰਾਨ ਸਵੇਰੇ ਅੱਠ ਵਜੇ ਤਕ 702 ਹੋਰ ਮੌਤਾਂ ਨਾਲ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,16,616 ਹੋ ਗਈ। 89.20 ਫੀਸਦ ਦੀ ਰਿਕਵਰੀ ਦਰ ਨਾਲ ਹੁਣ ਤਕ ਕੁੱਲ ਮਿਲਾ ਕੇ 68,74,518 ਵਿਅਕਤੀ ਕਰੋਨਾ ਦੀ ਲਾਗ ਤੋਂ ਸਿਹਤਯਾਬ ਹੋ ਚੁੱਕੇ ਹਨ। ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ ਘੱਟ ਕੇ 1.51 ਫੀਸਦ ਰਹਿ ਗਈ ਹੈ। ਅੱਜ ਲਗਾਤਾਰ ਛੇਵੇਂ ਦਿਨ ਕਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 8 ਲੱਖ ਤੋਂ ਹੇਠਾਂ ਰਹੀ। ਕੁੱਲ ਸਰਗਰਮ ਕੇਸ 7,15,812 ਹਨ, ਜੋ ਕੁੱਲ ਕੇਸਲੋਡ ਦਾ 9.29 ਫੀਸਦ ਬਣਦਾ ਹੈ।
ਉਧਰ ਭਾਰਤੀ ਡਰੱਗ ਕੰਟਰੋਲਰ ਜਨਰਲ (ਡੀਜੀਸੀਏ) ਨੇ ਹੈਦਰਾਬਾਦ ਆਧਾਰਿਤ ਭਾਰਤ ਬਾਇਓਟੈੱਕ ਨੂੰ ਕਰੋਨਾ ਵੈਕਸੀਨ ‘ਕੋਵੈਕਸੀਨ’ ਦੇ ਤੀਜੇ ਗੇੜ ਦੇ ਟਰਾਇਲਾਂ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਦੌਰਾਨ ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਕਿ ਸਰਕਾਰ ਕੋਵਿਡ-19 ਦੇ ਟਾਕਰੇ ਲਈ ਅਸਰਦਾਰ ਵੈਕਸੀਨ ਪ੍ਰਬੰਧ ਵਿਕਸਤ ਕਰਨ ਲਈ ਵਿੱਤੀ ਸਰੋਤਾਂ ਦੀ ਕਈ ਘਾਟ ਨਹੀਂ ਆਉਣ ਦੇੇਵੇਗੀ।