(ਸਮਾਜ ਵੀਕਲੀ)
ਆਪੇ ਰੱਬਾ ਧੂਫ ਧੁਖਾ ਲੈ
ਆਪੇ ਦੀਵਾ ਲਾ ਲੈ
ਸਾਡੇ ਹੱਥ ਤਾਂ ਜੂਠੇ ਸੁੱਚੇ
ਆਪੇ ਭੋਗ ਲਗਾ ਲੈ
ਸਾਥੋਂ ਕਿਓ ਤੂੰ ਪਾਪ ਕਰਾਵੇੰ
ਤੋੜ ਕੇ ਫੁੱਲ ਚੜ੍ਹਾ ਲੈ
ਸਾਡਾ ਮੂੰਹ ਤਾਂ ਰਹਿੰਦਾ ਜੂਠਾ
ਭਜਨ ਵੀ ਆਪੇ ਗਾ ਲੈ
ਇੱਕੋ ਸ਼ਬਦ ਨੂੰ ਬੋਲ ਬੋਲ ਕੇ
ਆਪੇ ਰੱਟੇ ਲਾ ਲੈ
ਆਪਣੀ ਭਗਤੀ ਆਪੇ ਕਰਕੇ
ਰੱਬਾ ਰੱਬ ਧਿਆ ਲੈ
ਕਿਉਂ ਲੋਕਾਂ ਦੇ ਮੂੰਹ ਵੱਲ ਤੱਕੇ
ਖੁਦ ਵੀ ਜੀਭ ਹਲਾ ਲੈ
ਜੀਵਨ ਸਫਲਾ ਕਰ ਲਾ ਰੱਬਾ
ਤੂੰ ਵੀ ਰੱਬ ਨੂੰ ਪਾ ਲੈ
ਭਾਰੀ ਭਾਰੀ ਪੋਥੀਆਂ ਪੜ੍ਹ ਕੇ
ਤੂੰ ਵੀ ਨਿਗੵਾ ਘਟਾ ਲੈ
ਲਗਾਤਾਰ ਤੂੰ ਬੈਠ ਪਾਠ ਤੇ
ਗੋਡੇ ਮੋਢੇ ਜੁੜਾ ਲੈ
ਲੋਕੀ ਬਿੰਦਰਾ ਮਿਹਨਤ ਕਰਦੇ
ਤੂੰ ਵੀ ਕਰਕੇ ਖਾ ਲੈ
ਬਿੰਦਰ
ਜਾਨ ਏ ਸਾਹਿਤ-ਇਟਲੀ