ਨਵੀਂ ਦਿੱਲੀ (ਸਮਾਜ ਵੀਕਲੀ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਸਰਕਾਰ ਰੱਖਿਆ ਉਤਪਾਦਨ ’ਚ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਹੋਰ ਕਈ ਕਦਮ ਉਠਾਏਗੀ ਤਾਂ ਜੋ ਭਾਰਤ ਆਲਮੀ ਪੱਧਰ ਦੇ ਹਥਿਆਰ ਅਤੇ ਰੱਖਿਆ ਉਪਕਰਨ ਮੁਲਕ ’ਚ ਹੀ ਬਣਾ ਸਕੇ। ਰੱਖਿਆ ਖੇਤਰ ’ਚ ‘ਆਤਮ ਨਿਰਭਰ ਸਪਤਾਹ’ ਦੀ ਅੱਜ ਸ਼ੁਰੂਆਤ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਖੇਤਰ ’ਚ ਆਤਮ ਨਿਰਭਰਤਾ ਹਾਸਲ ਕਰਨਾ ਬਹੁਤ ਵੱਡਾ ਕਾਰਜ ਹੈ।
ਰੱਖਿਆ ਖੇਤਰ ਦੀਆਂ ਵੱਖ ਵੱਖ ਜਨਤਕ ਇਕਾਈਆਂ ਦੇ ਅਧਿਕਾਰੀਆਂ ਨੂੰ ਆਨਲਾਈਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਅਸੀਂ 101 ਦੀ ਇਸ ਸੂਚੀ ’ਚ ਛੇਤੀ ਹੀ ਹੋਰ ਉਪਕਰਨਾਂ ਨੂੰ ਵੀ ਸ਼ਾਮਲ ਕਰਾਂਗੇ ਜਿਸ ਨਾਲ ਦਰਾਮਦ ’ਚ ਕਰੋੜਾਂ ਰੁਪਏ ਬਚਣਗੇ।’’ ਰੱਖਿਆ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਬਿਆਨ ਨੂੰ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਸਵਦੇਸ਼ੀ ਦੇ ਸਬੰਧ ’ਚ ਆਖਿਆ ਸੀ ਕਿ ਬੇੜੀ ਚਲਾਉਣ ਲਈ ਪਾਣੀ ਦੀ ਲੋੜ ਹੁੰਦੀ ਹੈ ਪਰ ਇਸ ਦਾ ਇਹ ਅਰਥ ਨਹੀਂ ਕਿ ਪਾਣੀ ਇੰਨਾ ਜ਼ਿਆਦਾ ਹੋ ਜਾਵੇੇ ਕਿ ਉਸ ’ਚ ਕਿਸ਼ਤੀ ਹੀ ਡੁੱਬ ਜਾਵੇ।