ਨਵੀਂ ਦਿੱਲੀ (ਸਮਾਜ ਵੀਕਲੀ) : ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਭਾਰਤ ਦੇ ਸਾਬਕਾ ਚੀਫ਼ ਜਸਟਿਸ ਤੇ ਰਾਜ ਸਭਾ ਮੈਂਬਰ ਰੰਜਨ ਗੋਗੋਈ ਖ਼ਿਲਾਫ਼ ਉਨ੍ਹਾਂ ਵੱਲੋਂ ਸੁਪਰੀਮ ਕੋਰਟ ਖ਼ਿਲਾਫ਼ ਕੀਤੀਆਂ ਕਥਿਤ ਟਿੱਪਣੀਆਂ ਦੇ ਮਾਮਲੇ ਸਬੰਧੀ ਮਾਣਹਾਨੀ ਕੇਸ ਚਲਾਉਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕਾਰਕੁਨ ਸਾਕੇਤ ਗੋਖਲੇ ਨੇ ਮੁਲਕ ਦੇ ਸਭ ਤੋਂ ਵੱਡੇ ਕਾਨੂੰਨ ਅਧਿਕਾਰੀ ਤੋਂ ਸਾਬਕਾ ਚੀਫ਼ ਜਸਟਿਸ ਖ਼ਿਲਾਫ਼ ਮਾਣਹਾਨੀ ਕੇਸ ਚਲਾਉਣ ਦੀ ਆਗਿਆ ਮੰਗੀ ਸੀ, ਜੋ ਕਿ ਅਜਿਹੀ ਕਾਰਵਾਈ ਸ਼ੁਰੂ ਕਰਨ ਲਈ ਪੂਰਬਲੀ ਸ਼ਰਤ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਚੀਫ਼ ਜਸਟਿਸ ਨੇ ਇੱਕ ਸਮਾਗਮ ’ਚ ਕਿਹਾ ਸੀ ਕਿ ਭਾਰਤ ’ਚ ਨਿਆਂਪਾਲਿਕਾ ਦੀ ਵਿਵਸਥਾ ਲੜਖੜਾ ਗਈ ਹੈ ਤੇ ਕਿਸੇ ਵਿਅਕਤੀ ਲਈ ਸਮਾਂ ਰਹਿੰਦਿਆਂ ਨਿਆਂ ਪ੍ਰਾਪਤ ਕਰਨਾ ਮੁਸ਼ਕਲ ਹੈ। ਸ੍ਰੀ ਵੇਣੂਗੋਪਾਲ ਨੇ ਕਿਹਾ ਕਿ ਭਾਵੇਂ ਸਾਬਕਾ ਚੀਫ਼ ਜਸਟਿਸ ਦਾ ਬਿਆਨ ਕਾਫ਼ੀ ਤਿੱਖਾ ਸੀ ਪਰ ਇਹ ਨਿਆਂਪਾਲਿਕਾ ’ਚ ਖਾਮੀਆਂ ਸਬੰਧੀ ਉਨ੍ਹਾਂ ਦੇ ਨਿੱਜੀ ਵਿਚਾਰ ਹੀ ਸਨ।