(ਸਮਾਜ ਵੀਕਲੀ)
(ਛੋਟੇ ਭਰਾ ਬੇਅੰਤ ਸਿੰਘ ਦੇ ਜਨਮਦਿਨ ‘ਤ ਵਿਸ਼ੇਸ਼)
ਮੇਰੇ ਛੋਟੇ ਭਰਾ ਬੇਅੰਤ ਸਿੰਘ ਦਾ ਜਨਮ ਹੋਇਆ 6-1-1985 ਨੂੰ ਤੇ ਉਸ ਤੋਂ ਲੱਗਭਗ ਦੋ ਮਹੀਨੇ ਪਹਿਲਾਂ ਯਾਨਿ 31-10-1984 ਨੂੰ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ।
ਘਰ ਵਿੱਚ ਦੂਜਾ ਮੁੰਡਾ ਹੋਣ ਦੀ ਖੁਸ਼ੀ ਵਿੱਚ ਸਾਡੇ ਦਾਦਾ ਜੀ ਸ੍ਰ. ਇੰਦਰ ਸਿੰਘ ਜੀ ਨੇ ਸੋਚਿਆ ਬਈ ਨਿਸ਼ਾਨੀ ਵਜੋਂ ਕੋਈ ਚੀਜ਼ ਲਈ ਜਾਵੇ। ਤੇ ਜੀ ਰਾਜਪੁਰੇ ਸ਼ਹਿਰ ਤੋਂ ਉਹਨਾਂ ਇੱਕ ਗੜਵੀ ਖਰੀਦ ਲਈ। ਅਚਾਨਕ ਉਹਨਾਂ ਦੇ ਦਿਮਾਗ ਵਿੱਚ ਆਇਆ ਬਈ ਲਗਦੇ ਹੱਥ ਨਵਜੰਮੇ ਕਾਕੇ ਦਾ ਨਾਮ ਵੀ ਲਿਖਵਾ ਲਿਆ ਜਾਵੇ ਗੜਵੀ ਤੇ।
ਦੁਕਾਨਦਾਰ ਨੂੰ ਕਹਿੰਦੇ “ਜੀ ਨਾਮ ਲਿਖ ਦੋ ਇਹਦੇ ‘ਤੇ ਮੇਰੇ ਪੋਤੇ ਦਾ।” ਦੁਕਾਨਦਾਰ ਆਪਣੀ ਪੈਨਸਿਲ ਗੰਨ ਜਹੀ ਚੁੱਕ ਕੇ ਕਹਿੰਦਾ “ਦੱਸੋ ਜੀ ਕੀ ਨਾਮ ਲਿਖਾਂ।”
ਦਾਦਾ ਸ਼੍ਰੀ ਕਹਿੰਦੇ “ਲਿਖੋ ਜੀ ‘ਬੇਅੰਤ ਸਿੰਘ’।” ਨਾਮ ਸੁਣਕੇ ਦੁਕਾਨਦਾਰ ਕਦੇ ਗੜਵੀ ਵੱਲ ਵੇਖੇ ਕਦੇ ਦਾਦਾ ਸ਼੍ਰੀ ਦੇ ਮੂੰਹ ਵੱਲ। ਕਹਿੰਦਾ “ਸਰਦਾਰ ਜੀ, ਆਹ ਬੰਨ੍ਹੇ ਹੱਥ, ਗੜਵੀ ਲੈਣੀ ਲਉ ਨਹੀਂ ਲੈਣੀ ਤਾਂ ਵੀ ਥੋਡੀ ਮਰਜ਼ੀ ਪਰ ਮੈਂ ਨਾਮ ਨਈਂ ਲਿਖ ਸਕਦਾ।”
ਮੁੱਕਦੀ ਗੱਲ ਜੀ ਸਾਡੇ ਬਜੁਰਗ ਸਾਹਬ ਨੇ ਸਾਰਾ ਰਾਜਪੁਰਾ ਸ਼ਹਿਰ ਗਾਹ ਮਾਰਿਆ ਪਰ ਕਿਸੇ ਵੀ ਦੁਕਾਨਦਾਰ ਨੇ ਨਾਮ ਨਹੀਂ ਲਿਖਿਆ ਗੜਵੀ ‘ਤੇ।
ਮਜ਼ੇਦਾਰ ਗੱਲ ਇਹ ਹੈ ਕਿ ਯਾਦਗਾਰ ਵਜੋਂ ਖਰੀਦੀ ਗੜਵੀ ਪਤਾ ਨਹੀਂ ਹੁਣ ਤੱਕ ਸਾਂਭੀ ਰਹਿਣੀ ਵੀ ਸੀ ਕਿ ਨਹੀਂ ਪਰ ਇਹ ਕਿੱਸਾ ਬਾਦਸਤੂਰ ਤਰੋ-ਤਾਜ਼ਾ ਹੈ ਪਿਛਲੇ 36 ਸਾਲਾਂ ਤੋਂ।
ਰੋਮੀ ਘੜਾਮੇਂ ਵਾਲਾ।
98552-81105