• ਐਸ ਐਸ ਪੀ ਵਲੋਂ ਆਵਾਜਾਈ ਬਾਰੇ ਰਾਤ ਦੀਆਂ ਪਾਬੰਦੀਆਂ
ਸਖਤੀ ਨਾਲ ਲਾਗੂ ਕਰਨ ਦੇ ਹੁਕਮ
• ਕਰੋਨਾ ਦੀ ਰੋਕਥਾਮ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ
ਤੇ ਡਾਕਟਰਾਂ ਨਾਲ ਮੀਟਿੰਗ
ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ): ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਤੇ ਐਸ ਐਸ ਪੀ ਕਪੂਰਥਲਾ ਕੰਵਰਦੀਪ ਕੌਰ ਵਲੋਂ ਕਰੋਨਾ ਦੀ ਰੋਕਥਾਮ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ, ਐਸ ਐਮ ਓਜ਼ ਤੇ ਡਾਕਟਰਾਂ ਨਾਲ ਮੀਟਿੰਗ ਦੌਰਾਨ ਨਿਰਦੇਸ਼ ਦਿੱਤੇ ਕਿ ਰੋਜ਼ਾਨਾ 2000 ਟੈਸਟ ਕੀਤੇ ਜਾਣੇ ਯਕੀਨੀ ਬਣਾਏ ਜਾਣ ਕਿਉਂਕਿ ਵੈਕਸੀਨ ਆਉਣ ਤੋਂ ਪਹਿਲਾਂ ਕਰੋਨਾ ਦੀ ਦੂਜੀ ਲਹਿਰ ਨੂੰ ਰੋਕਣਾ ਬਹੁਤ ਅਹਿਮ ਹੈ। ਜਿਲਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਸਰਕਾਰੀ ਦਫਤਰਾਂ ਦੇ ਮੁਲਾਜ਼ਮਾਂ ਦੇ ਕਰੋਨਾ ਟੈਸਟ ਕਰਨ ਲਈ ਵਿਆਪਕ ਯੋਨਜਾਬੰਦੀ ਕੀਤੀ ਜਾਵੇ ਤੇ ਵਿਸ਼ੇਸ਼ ਕਰਕੇ ਗੰਭੀਰ ਬਿਮਾਰੀਆਂ ਨਾਲ ਪੀੜਤ ਲੋਕਾਂ ਦੀ ਟੈਸਟਿੰਗ ਵਿਚ ਹੋਰ ਤੇਜੀ ਲਿਆਂਦੀ ਜਾਵੇ। ਡਿਪਟੀ ਕਮਿਸ਼ਨਰ ਨੇ ਨਾਲ ਹੀ ਕਿਹਾ ਕਿ ਆਈ ਟੀ ਆਈਜ਼ ਤੇ ਕਾਲਜ ਆਉਣ ਵਾਲੇ ਵਿਦਿਆਰਥੀਆਂ ਦੇ ਵੀ ਨਮੂਨੇ ਇਕੱਤਰ ਕੀਤੇ ਜਾਣ।
ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਗੰਭੀਰ ਬਿਮਾਰੀਆਂ ਤੋਂ ਪੀੜਤਾਂ ਦੀ ਟੈਸਟਿੰਗ ਵਿਚ ਵੱਡਾ ਵਾਧਾ ਕੀਤਾ ਗਿਆ ਹੈ ਅਤੇ ਅਗਸਤ ਵਿਚ 40 ਫੀਸਦੀ, ਸਤੰਬਰ ਵਿਚ 77 ਫੀਸਦੀ ਤੇ ਨਵੰਬਰ ਵਿਚ 108 ਫੀਸਦੀ ਟੈਸਟ ਕੀਤੇ ਗਏ ਹਨ।
ਐਸ ਐਸ ਪੀ ਕਪੂਰਥਲਾ ਕੰਵਰਦੀਪ ਕੌਰ ਨੇ ਕਿਹਾ ਕਿ ਪੁਲਿਸ ਵਲੋਂ ਪੰਜਾਬ ਸਰਕਾਰ ਦੁਆਰਾ ਰਾਤ ਵੇਲੇ ਆਵਾਜਾਈ ‘ਤੇ ਲਾਈਆਂ ਪਾਬੰਦੀਆਂ ਨੂੰ ਇੰਨ-ਬਿੰਨ ਲਾਗੂ ਕਰਨ ਅਤੇ ਮਾਸਕ ਨਾ ਪਾਉਣ ਵਾਲਿਆਂ ਵਿਰੁੱਧ ਸਖਤੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਹਾਲ ਹੀ ਵਿਚ ਪੰਜਾਬ ਸਰਕਾਰ ਵਲੋਂ ਸ਼ਹਿਰੀ ਖੇਤਰਾਂ ਅੰਦਰ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਗੈਰ ਜ਼ਰੂਰੀ ਆਵਾਜਾਈ ਉੱਪਰ ਰੋਕ ਲਗਾਈ ਗਈ ਹੈ।
ਇਸ ਮੌਕੇ ਏ.ਡੀ.ਸੀ. ਜਨਰਲ ਰਾਹੁਲ ਚਾਬਾ, ਐਸ.ਡੀ.ਐਮ. ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਐਸ ਡੀ ਐਮ ਸੁਲਤਾਨਪੁਰ ਡਾ ਚਾਰੂਮਿਤਾ, ਐਸ ਡੀ ਐਮ ਫਗਵਾੜਾ ਪਵਿੱਤਰ ਸਿੰਘ ਤੇ ਐਸ ਡੀ ਐਮ ਭੁਲੱਥ ਟੀ ਬੈਨਿਥ, ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ, ਜਿਲਾ ਟੀਕਾਕਰਨ ਅਫਸਰ ਡਾ.ਆਸ਼ਾ ਮਾਂਗਟ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਸੀਨੀਅਰ ਮੈਡੀਕਲ ਅਫਸਰ ਡਾ. ਤਾਰਾ ਸਿੰਘ, ਡਾ.ਸੰਦੀਪ ਭੋਲਾ, ਡਾ. ਰਾਜੀਵ ਭਗਤ, ਡਾ. ਨਵਪ੍ਰੀਤ ਕੌਰ, ਡਾ. ਸ਼ੁਭਰਾ ਸਿੰਘ, ਡਾ. ਸੁਖਵਿੰਦਰ ਕੌਰ ਤੇ ਹੋਰ ਹਾਜਰ ਸਨ।