ਮਾਈਨਿੰਗ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਬਣਿਆ ਮੂਕ ਦਰਸ਼ਕ
ਹੁਸੈਨਪੁਰ , 14 ਅਗਸਤ (ਕੌੜਾ) (ਸਮਾਜ ਵੀਕਲੀ): ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਸ਼ਹਿਰ ਸੁਲਤਾਨਪੁਰ ਲੋਧੀ ਅਤੇ ਨੇੜਲੇ ਮੰਡ ਖੇਤਰ ਵਿੱਚ ਪੂਰੀ ਤਰ੍ਹਾਂ ਆਪਣੀਆਂ ਜੜ੍ਹਾਂ ਬਣਾ ਚੁੱਕਾ ਹੈ । ਜਿਸ ਦਾ ਪਤਾ ਦੇਰ ਰਾਤ ਰੇਤ ਨਾਲ ਭਰੀਆਂ ਲੰਘਦੀਆਂ ਕਰਫ਼ਿਊ ਦੇ ਦੌਰਾਨ ਟਰੈਕਟਰ ਟਰਾਲੀਆਂ ਤੋਂ ਲੱਗਦਾ ਹੈ। ਜ਼ਮੀਨ ਤੇ ਮਾਈਨਿੰਗ ਮਾਫੀਆ ਕਰੋੜਾਂ ਰੁਪਏ ਦੀ ਰੇਤਾ ਤੇ ਮਿੱਟੀ ਚੋਰੀ ਕਰਕੇ ਸਰਕਾਰ ਨੂੰ ਲੱਖਾਂ ,ਕਰੋੜਾਂ ਨੂੰ ਪੈਦਾ ਚੂਨਾ ਲਗਾ ਰਹੇ ਹਨ।
ਜਿਸ ਤਰ੍ਹਾਂ ਇਹ ਧੰਦਾ ਚੱਲ ਰਿਹਾ ਹੈ । ਉਸ ਤੋਂ ਲੱਗਦਾ ਹੈ ਕਿ ਹੁਣ ਮਾਈਨਿੰਗ ਮਾਫੀਆ ਨੂੰ ਠੱਲ੍ਹ ਪਾਉਣਾ ਵਿਭਾਗ ਦੇ ਵੱਸ ਦੀ ਗੱਲ ਨਹੀਂ ਰਿਹਾ। ਮੌਕੇ ਤੇ ਦੌਰਾ ਕਰਨ ਤੇ ਪਤਾ ਲੱਗਦਾ ਹੈ ਕਿ ਸੁਲਤਾਨਪੁਰ ਨਾਲ ਲੱਗਦੇ ਮੰਡ ਖੇਤਰ ਵਿਚ ਬਿਆਸ ਦਰਿਆ ਦੇ ਕੰਢੇ ਤੇ ਵੀਹ ਤੋਂ ਪੱਚੀ ਫੁੱਟ ਤੋਂ ਵੀ ਵੱਧ ਤੱਕ ਦੀ ਗੈਰ ਕਾਨੂੰਨੀ ਰੇਤ ਅਤੇ ਮਿੱਟੀ ਦੀ ਨਿਕਾਸੀ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਜਗ੍ਹਾ ਤੋਂ ਮਿੱਟੀ ਤੇ ਰੇਤ ਚੋਰੀ ਹੋ ਚੁੱਕੀ ਹੈ।
ਉਸ ਦੇ ਆਲੇ ਦੁਆਲੇ ਖੇਤ ਹੀ ਹਨ ਅਤੇ ਉਸ ਥਾਂ ਕੋਈ ਵੀ ਰਸਤਾ ਨਹੀਂ ਲੱਗਦਾ ਹੈ ਤੇ ਇਹ ਗੱਲ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਬਣ ਜਾਂਦੀ ਹੈ ਕਿ ਰਸਤਾ ਨਾ ਹੋਣ ਦੇ ਬਾਵਜੂਦ ਉਥੋਂ ਕਰੋੜਾਂ ਰੁਪਏ ਦੀ ਰੇਤ ਤੇ ਮਿੱਟੀ ਕਿਸ ਤਰ੍ਹਾਂ ਗਾਇਬ ਹੋ ਗਈ । ਮੌਕੇ ਤੇ ਵੀ ਦੇਖਿਆ ਗਿਆ ਕਿ ਕੁਝ ਥਾਵਾਂ ਤੇ ਲੱਗੇ ਦਰੱਖ਼ਤਾਂ ਦੀਆਂ ਜੜ੍ਹਾਂ ਵੀ ਇੱਕ ਪਾਸੇ ਤੋਂ ਨੰਗੀਆਂ ਹੋਣ ਤੋਂ ਬਾਅਦ ਵੀ ਉਨ੍ਹਾਂ ਉਸ ਦੇ ਹੇਠਲੀ ਜ਼ਮੀਨ ਨਜ਼ਰ ਆ ਰਹੀ ਹੈ ਤੇ ਮਿੱਟੀ ਚੁੱਕਣ ਵਾਲੀ ਥਾਂ ਦੇ ਦੁਆਲੇ ਦੁਆਲੇ ਵਿੱਚ ਵੀ ਵੱਡੀਆਂ ਤਰੇੜਾਂ ਪੈ ਰਹੀਆਂ ਹਨ।
ਜਿਸ ਤਰ੍ਹਾਂ ਇਸ ਮਾਈਨਿੰਗ ਚੋਰੀ ਨਾਲ ਸਰਕਾਰ ਨੂੰ ਕਰੋੜਾਂ ਦਾ ਚੂਨਾ ਲੱਗ ਰਿਹਾ ਹੈ । ਉਸੇ ਹੀ ਤਰ੍ਹਾਂ ਰਾਤ ਦੇ ਕਰਫਿਊ ਦੇ ਸਮੇਂ ਟਰੈਕਟਰ ਟਰਾਲੀਆਂ ਜੋ ਰੇਤ ਨਾਲ ਭਰੀਆਂ ਹੋਈਆਂ ਹਨ। ਸਰਕਾਰ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆ ਉਡਾ ਰਹੀਆਂ ਹਨ। ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਦੇਖ ਰਿਹਾ ਹੈ ।
ਜਦੋਂ ਇਸ ਸਬੰਧੀ ਮਾਈਨਿੰਗ ਅਧਿਕਾਰੀ ਅਮਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਲਿਖਤੀ ਸ਼ਿਕਾਇਤ ਆਉਣ ਤੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ । ਇਸ ਸੰਬੰਧੀ ਜਦੋਂ ਕਬੀਰਪੁਰ ਦੇ ਥਾਣਾ ਮੁੱਖੀ ਨਾਲ ਸਪੰਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਸ ਸਮੇਂ ਬਰਸਾਤ ਕਾਰਣ ਮੰਡ ਖੇਤਰ ਵਿੱਚ ਤਾਂ ਇਸ ਸਮੇਂ ਪਾਣੀ ਹੈ । ਮਾਈਨਿੰਗ ਨੂੰ ਰੋਕਣ ਲਈ ਮਾਈਨਿੰਗ ਅਧਿਕਾਰੀ ਕਾਰਵਾਈ ਕਰਨਗੇ। ਬਾਕੀ ਰਾਤ ਦੇ ਕਰਫਿਊ ਦੇ ਸਮੇਂ ਲੰਘਦੇ ਭਾਰੀ ਵਾਹਨਾਂ ਤੇ ਕਾਰਵਾਈ ਜਰੂਰ ਕੀਤੀ ਜਾਵੇਗੀ।