ਰੂਹ ਤੇ ਬੁੱਤ

ਸਤਨਾਮ  ਸਮਾਲਸਰੀਆ
(ਸਮਾਜ ਵੀਕਲੀ)

ਮਾਂ
ਕਿੰਨ੍ਹੇ ਦਿਨ ਪੁੱਤ ਬੀਤ ਗਏ
ਸੁੱਖ ਸੁਨੇਹਾਂ ਨਾ ਕੋਈ ਤੇਰਾ ਆਇਆ
ਜਿਵੇਂ ਕਈ ਸਦੀਆਂ ਹੋਣ ਬੀਤੀਆਂ
ਬੋਲ ਤੇਰੇ ਕੰਨੀ ਪਾਇਆ
ਰਾਤੀ ਜਾਣੀ ਸੁਫ਼ਨੇ ਵਿੱਚ ਧਿਆਹਿਆ
ਵਿੱਚ ਪ੍ਰਦੇਸ਼ਾਂ ਪੁੱਤ ਵੇ !
ਰੋਟੀ ਟੁੱਕ  ਤੈਨੂੰ ਚੰਗਾ ਮਿਲਦਾ

ਪੁੱਤ
ਕੀ ਦੱਸਾਂ ਮਾਏ ਮੇਰੀਏ !
ਮੈਂ ਤੇਰੇ ਨਾਲ ਕਿੱਢਾ ਧੋਖਾ ਕਰ ਗਿਆ
ਮੌਤ ਦੇ ਹੱਥੋਂ ਨੀ ਮੈਂ
ਇੱਥੇ ਬਾਜੀ ਹਰ ਗਿਆ
ਮੌਤ ਮੇਰੀ ਦਾ ਮਾਏ ਮੇਰੀਏ
ਤੂੰ ਦੁੱਖੜਾ ਜਰ ਲਈ
ਹੌਲੀ ਹੌਲੀ ਆਪਣਾ ਮਨ ਕਰੜਾ ਕਰ ਲਈ

ਮਾਂ
ਮਨ ਕਰੜਾ ਨਹੀਂ ਹੋਵਣਾ
ਹੁਣ ਮੈਂ ਕਿਵੇਂ ਵਕਤ ਲੰਘਾਵਾ
ਜੇ ਰਾਹ ਖਹਿੜਾ ਕੋਈ ਦੱਸਦੇ
ਵੇ ਮੈਂ ! ਬਿੰਦ ਨਾ ਲਾਵਾਂ
ਹਾਲੇ ਬਾਪੂ ਸੀ ਤੇਰਾ ਕੱਲ੍ਹ ਤੋਰਿਆ
ਉੱਤੋਂ ਤੂੰ ਇਹ ਕੀ ਮਾਖੌਲ ਬਣਾਈ
ਐਵੇਂ ਨੀ ਪੁੱਤ ਬਣੀ ਦਾ
ਲੰਮੇ ਪੈਂਡੇ ਦੇ ਰਾਹੀ
ਕਹਿ ਦੇ ਇਹ ਸਭ ਝੂਠ ਹੈ
ਮਾਂ ਮੈਂ ਪਿੰਡ ਛੇਤੀ ਆਉਂ
ਨਹੀਂ ਤਾਂ ਮਾਂ ਤੇਰੀ ਜਿਉਣ ਜਾਗਿਆ !
ਜਿਉਂਦੀ ਮਰ ਜਾਉ

ਪੁੱਤ
ਮੇਰਾ ਕਹਿਣਾ ਇਸ ਦੁਨੀਆਂ ਤੋਂ
ਜਾਣ ਨੂੰ ਜੀ ਸੀ ਕਰਿਆ
ਰੱਬ ਤਾਂ ਡਾਹਢਾ ਚੰਦਰਾ
ਮੇਰੇ ਨਾਲ ਥੱਲੇ ਆ ਲੜਿਆ
ਨੂੰਹ ਆਪਣੀ ਨੂੰ ਆਖ ਦੇਈਂ
ਉਹਨੇ ਨੀ ਹੁਣ ਮੁੜਕੇ ਆਉਣਾ
ਉਹਨੂੰ ਤਾਂ ਪੈਣਾ ਘਰ ਕਿਤੇ ਨਵਾਂ ਵਸਾਉਣਾ

ਮਾਂ
ਪੁੱਤਾਂ ਨਾਲ ਹੀ ਹੁੰਦੀਆਂ ਮਾਵਾਂ ਦੀਆਂ ਛਾਵਾਂ
ਪੁੱਤਰਾਂ ਦੁਆਲੇ ਰਾਮਕਾਰ ਮਾਵਾਂ ਦੀਆਂ ਬਾਹਾਂ
ਤੂੰ ਚੱਲ ਵੇ ਮੇਰੇ ਬਚੜਿਆ !
ਮੈਂ ਤੇਰੇ ਮਗਰੇ ਆਵਾਂ

ਸਤਨਾਮ ਸਮਾਲਸਰੀਆ
ਸੰਪਰਕ: 9710860004

Previous articleਅਧੂਰੀ ਜਾਣਕਾਰੀ ਨਾਲ ਨਾ ਸ਼ੁਰੂ ਕਰੋ ਮੋਬਾਇਲ ਪੇਮੈਂਟ ਐਪਸ ਦਾ ਇਸਤੇਮਾਲ
Next articleਸਾਇਕਲ ਚਲਾਉਣ ਤੇ ਸਵੇਰ ਦੀ ਸੈਰ ਕਰਨ ਵਾਲਿਆਂ ਵਿੱਚ ਵਧੀ ਦਿਲਚਸਪੀ