ਮਾਸਕੋ (ਸਮਾਜ ਵੀਕਲੀ): ਰੂਸ ਨੇ ਕਿਹਾ ਹੈ ਕਿ ਉਸ ਨੇ ਯੂਕਰੇਨ ਸਰਹੱਦ ਤੋਂ ਹੋਰ ਫ਼ੌਜ ਅਤੇ ਹਥਿਆਰ ਹਟਾ ਲੲੇ ਹਨ। ਯੂਕਰੇਨ ’ਤੇ ਹਮਲੇ ਦੀ ਯੋਜਨਾ ਕਾਰਨ ਪੈਦਾ ਹੋਏ ਤਣਾਅ ਦਰਮਿਆਨ ਇਸ ਖ਼ਬਰ ਨਾਲ ਮਾਹੌਲ ਕੁਝ ਸੁਖਾਵਾਂ ਬਣਿਆ ਹੈ। ਉਂਜ ਸਰਹੱਦ ਤੋਂ ਵੱਡੇ ਪੱਧਰ ’ਤੇ ਫ਼ੌਜਾਂ ਦੀ ਬੈਰਕਾਂ ’ਚ ਵਾਪਸੀ ਬਾਰੇ ਕੋਈ ਸੰਕੇਤ ਨਹੀਂ ਮਿਲੇ ਹਨ ਪਰ ਮਾਸਕੋ ਵੱਲੋਂ ਦਿਖਾਏ ਗਏ ਰਵੱਈਏ ਨਾਲ ਸ਼ਾਂਤੀ ਦੀ ਕੁਝ ਆਸ ਬੱਝੀ ਹੈ। ਬੁੱਧਵਾਰ ਨੂੰ ਰੂਸੀ ਰੱਖਿਆ ਮੰਤਰਾਲੇ ਨੇ ਬਖ਼ਤਰਬੰਦ ਵਾਹਨਾਂ ਦੇ ਕ੍ਰੀਮੀਆ ਤੋਂ ਪਿੱਛੇ ਹਟਣ ਦਾ ਵੀਡੀਓ ਜਾਰੀ ਕੀਤਾ ਹੈ। ਇਕ ਦਿਨ ਪਹਿਲਾਂ ਮੰਤਰਾਲੇ ਨੇ ਕਿਹਾ ਸੀ ਕਿ ਯੂਕਰੇਨ ਨੇੜੇ ਫ਼ੌਜੀ ਮਸ਼ਕਾਂ ਮਗਰੋਂ ਜਵਾਨਾਂ ਦੀ ਬੈਰਕਾਂ ’ਚ ਵਾਪਸੀ ਸ਼ੁਰੂ ਹੋ ਗਈ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵੀ ਸੰਕਟ ਦੇ ਹੱਲ ਲਈ ਕੂਟਨੀਤਕ ਰਾਹ ਦੇ ਸੰਕੇਤ ਦਿੱਤੇ ਸਨ। ਉਂਜ ਪੂਤਿਨ ਨੇ ਕਿਹਾ ਹੈ ਕਿ ਫ਼ੌਜ ਦੀ ਪੂਰੀ ਤਰ੍ਹਾਂ ਨਾਲ ਵਾਪਸੀ ਆਉਂਦੇ ਦਿਨਾਂ ’ਚ ਪੈਦਾ ਹੋਣ ਵਾਲੇ ਹਾਲਾਤ ’ਤੇ ਨਿਰਭਰ ਕਰੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly