(ਸਮਾਜ ਵੀਕਲੀ)
ਪਿਆਰ ਦੇ ਰਾਹ ਤੇ ਕੋਈ ਬੰਦਾ, ਨਾ ਬੇਉਮੀਦ ਹੋਵੇ,
ਕੌਣ ਮਿਣਦਾ ਹੈ ਫਾਸਲੇ ਜਦੋਂ ਮੰਜ਼ਿਲ ਹੀ ਦੀਦ ਹੋਵੇ।
ਖੁਮਾਰੀ ਅੱਖਾਂ ਵਿੱਚ ਰਹਿੰਦੀ, ਸੋਚ ਤੇ ਗਲਬਾ ਵੀ ਹੁੰਦਾ,
ਚੁਫੇਰਾ ਜੰਨਤ ਜਿਹਾ ਲੱਗਦਾ,ਜਿਵੇਂ ਕੋਈ ਮੇਲਾ ਈਦ ਹੋਵੇ।
ਡਰੂ ਜਹੇ ਲੋਕਾਂ ਕੀ ਤੁਰਨਾ ਹੈ,ਧਾਰ-ਏ-ਤਲਵਾਰ ਦੇ ਉੱਤੇ,
ਕੋਈ ਦਸਮੇਸ਼ ਜਿਹਾ ਗੁਰੂ ਲੱਭੇ,ਤਾਂ ਹੀ ਬੰਦਾ ਮੁਰੀਦ ਹੋਵੇ।
ਲਹਿਰਾਂ ਹੀ ਪਾਣੀਆਂ ਨੂੰ ਜਿੰਦਾ ਰੱਖਕੇ ਹਸੀਨ ਬਣਾ ਦੇਣ,
ਵਰਨਾ ਉੱਜੜੇ ਕੰਢਿਆਂ ਲਈ ਕੌਣ ਸ਼ਹੀਦ ਹੋਵੇ।
ਹੱਸਣ ਲਈ ਸਮਾਂ ਕਿੱਥੇ, ਉੱਲ਼ਝੇ ਮਨ ਤੇ ਟੀਰੀ ਅੱਖ ਕੋਲ,
ਅਸੀ ਤਾਂ ਜਾਗਦੇ, ਸਾਹਵੇਂ ਜਦੋਂ ਅਤੰਕੀ ਜਾਂ ਰਸ਼ੀਦ ਹੋਵੇ।
ਵੰਡੀਆਂ ਦੇ ਕੈਂਸਰ ਨੇ ਅਪੰਗ ਕਰ ਛੱਡਿਆ ਸਮਾਜ ਨੂੰ
ਰਲ੍ਹਕੇ ਦਵਾ ਲੱਭੀਏ ਭਾਵੇਂ ਹੋਵੇ ਕੌੜੀ ਪਰ ਮੁਫ਼ੀਦ ਹੋਵੇ।
ਸੇਹ ਦੇ ਤੱਕਲੇ ਦਾ ਟੂਣਾ ਕੌਣ ਕਰ ਗਿਆ ਸਾਡੇ ਦਰੀਂ
ਪਹਿਰਾ ਦੇ ਕੇ ਦਬੋਚੀਏ ਕਰੜਾ ਕਿ ਸਭ ਨੂੰ ਤਾਕੀਦ ਹੋਵੇ।
ਫ਼ਰਿਸ਼ਤੇ ਦੀ ਭਾਲ਼ ਵਿੱਚ ਯਾਰ ਹੀ ਨਾ ਗੁਆ ਬਹੀਏ
ਟੋਹਕੇ ਤਾਂ ਦੇਖ,ਕੀ ਪਤਾ ਨੀਲਮ ਜਾਂ ਹੀਰਾ ਮਜੀਦ ਹੋਵੇ।
ਕਿੰਨਾ ਚਿਰ ਢੋਏਂਗਾ ਮੋਢਿਆਂ ਤੇ ਰਿਸ਼ਤਿਆਂ ਦੀ ਲਾਸ਼,
‘ਰੱਤੜਾ’ਰਾਤ ਹੋਵੇ ਰੁਖ਼ਸਤੀ ਨਾ ਕੋਈ ਚਸ਼ਮਦੀਦ ਹੋਵੇ।
ਕੇਵਲ ਸਿੰਘ ਰੱਤੜਾ
8283830599



