(ਸਮਾਜ ਵੀਕਲੀ)
ਅੱਜ ਸਾਡਾ ਸਮਾਜ ਇੰਨਾ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਆਪਣੇ ਵੱਡਿਆ ਪ੍ਰਤੀ ਕੋਈ ਖਾਸ ਜਿੰਮੇਵਾਰੀ ਨਹੀਂ ਨਿਭਾ ਰਿਹਾ।ਹੁਣ ਤਾਂ ਬਜ਼ੁਰਗਾ ਦੀ ਹਾਲਤ ਪਹਿਲਾ ਨਾਲੋਂ ਵੀ ਬਦਤਰ ਹੋ ਚੁੱਕੀ ਹੈ,ਮੈ ਇਹ ਵੀ ਨਹੀਂ ਕਹਿੰਦੀ ਕਿ ਹਰ ਮਾਂ-ਪਿਓ ਨਾਲ ਹੀ ਬੱਚਿਆਂ ਦਾ ਰਿਸ਼ਤਾ ਖੁਰਦਰਾ ਹੋ ਚੁੱਕਿਆ ਹੈ,
ਇਸ ਤਰ੍ਹਾਂ ਦੀ ਗੱਲ ਵੀ ਨਹੀਂ ਹੈ ਬਹੁਤ ਇਨਸਾਨ ਆਪਣੇ ਮਾਪਿਆਂ ਦੀ ਚੰਗੀ ਤਰ੍ਹਾਂ ਸੇਵਾ ਭਾਵਨਾ ਨਾਲ ਸਾਂਭ-ਸੰਭਾਲ ਕਰਨਾ ਚਾਹੁੰਦੇ ਹਨ ਤੇ ਬਹੁਤੇ ਕਰ ਵੀ ਰਹੇ ਹਨ ਪਰ ਕੁਝ ਤਾਂ ਮਾਂ -ਬਾਪ ਵੀ ਆਪਣੇ ਬੱਚਿਆਂ ਨੂੰ ਨਹੀਂ ਸਮਝਦੇ ਅਤੇ ਕੁਝ ਬੱਚੇ ਵੀ ਮਾਪਿਆ ਦੇ ਪਿਆਰ ਨੂੰ ਨਹੀਂ ਸਮਝਦੇ ਤਾਂ ਹੀ ਤਾਂ ਫਿਰ ਉਹਨਾਂ ਦੇ ਰਿਸ਼ਤਿਆਂ ਵਿੱਚ ਕੁੜੱਤਣ ਆ ਜਾਂਦੀ ਹੈ। ਕੁਝ ਸਵਾਰਥੀ ਬੱਚੇ ਤਾਂ ਮਾਪਿਆਂ ਦੀ ਜਾਇਦਾਦ ਕਰਕੇ ਹੀ ਉਹਨਾਂ ਦੀ ਪਰਵਾਹ ਕਰਦੇ ਹਨ, ਇਹ ਗੱਲ ਕਾਫ਼ੀ ਹੱਦ ਤੱਕ ਸਹੀ ਵੀ ਹੈ। ਅੱਜ ਮੈ ਵੀ ਤੁਹਾਨੂੰ ਇੱਕ ਸੱਚੀ ਕਹਾਣੀ ਦੱਸਦੀ ਹਾਂ ਕਿ ਕਿਵੇਂ ਸਵਾਰਥੀ ਕੁੜੀਆਂ ,ਮੁੰਡਿਆਂ ਨੇ ਆਪਣੀ ਹੀ ਮਾਂ ਨੂੰ ਤੜਫਾਇਆਂ।
ਇਹ ਗੱਲ ਪੱਚੀ ਕੁ ਸਾਲ ਪਹਿਲਾਂ ਦੀ ਹੈ, ਮੁਖਤਿਆਰੋ ਨੇ ਪਤੀ ਦੀ ਮੌਤ ਤੋਂ ਬਾਅਦ ਬਹੁਤ ਮੁਸ਼ਕਿਲ ਨਾਲ ਛੇ ਧੀਆਂ ਤੇ ਦੋ ਪੁੱਤਾਂ ਨੂੰ ਪਾਲਿਆ। ਧੀਆਂ ਵਿਆਹ ਦਿੱਤੀਆਂ ਤੇ ਇੱਕ ਪੁੱਤ ਵੀ ਵਿਆਹਿਆ ਤੇ ਛੋਟਾ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਲੱਗਾ ਤੇ ਆਪਣੇ ਆਪ ਨੂੰ ਵੈਲੀ ਵੀ ਕਹਾਉਣ ਲੱਗਾ, ਕਈ ਵਾਰ ਤਾਂ ਉਹ ਆਪਣੀਆਂ ਭੈਣਾਂ ਕੋਲ ਜਦੋਂ ਜਾਂਦਾ ਤਾਂ ਜੇ ਕਿਸੇ ਭੈਣ ਦੀ ਸੱਸ ਥੋੜ੍ਹੀ ਸਖ਼ਤ ਸੁਭਾਅ ਦੀ ਹੁੰਦੀ ਜਾਂ ਕੁੜੀ ਦਾ ਘਰਵਾਲਾ ਕੋੜ੍ਹਾ ਸਖ਼ਤ ਹੁੰਦਾ ਤਾਂ ਉਹਨਾਂ ਨੂੰ ਸਮਝਾਉਣ ਦੀ ਬਜਾਏ ਕੁਟਾਪਾ ਹੀ ਚਾੜ ਦਿੰਦਾ,
ਇੱਕ ਵਾਰ ਤਾਂ ਇੱਕ ਕੁੜੀ ਦੀ ਸੱਸ ਨੂੰ ਉਸ ਨੇ ਬਹੁਤ ਕੁੱਟਿਆ ਵਿਚਾਰੀ ਬੁੱਢੀ ਤੇ ਭੋਰਾ ਵੀ ਤਰਸ ਨਾ ਕਰਿਆ,ਉਸ ਦੀਆਂ ਅਜਿਹੀਆਂ ਹਰਕਤਾਂ ਤਾਂ ਗਲਤ ਹੀ ਸੀ, ਪਰ ਭੈਣਾਂ ਨੂੰ ਉਸ ਦੇ ਸਿਰ ਤੇ ਕੋਈ ਵੀ ਫ਼ਿਕਰ ਨਹੀਂ ਸੀ, ਪੂਰੇ ਰੋਹਬ ਤੇ ਹੰਕਾਰ ਨਾਲ ਤੇ ਸਹੁਰਿਆਂ ਤੇ ਧੌਂਸ ਜਮਾ ਕਿ ਉਹ ਸਹੁਰੇ ਘਰ ਰਹਿ ਰਹੀਆਂ ਸਨ। ਅਜਿਹੀਆਂ ਹਰਕਤਾਂ ਕਰਨ ਕਾਰਣ ਕਿਸੇ ਨੇ ਵੀ ਆਪਣੀ ਕੁੜੀ ਦਾ ਰਿਸ਼ਤਾ ਉਸ ਨਾਲ ਕਰਨਾ ਮੁਨਾਸਬ ਨਾ ਸਮਝਿਆਂ ਤੇ ਉਸ ਵੈਲੀ ਨੇ ਪਿੰਡ ਵਿੱਚ ਕਿਸੇ ਬੇਗਾਨੇ ਮਾਂ ਦੇ ਪੁੱਤ ਦਾ ਕਤਲ ਕਰ ਦਿੱਤਾ ਤੇ ਫਿਰ ਉਹ ਜੇਲ੍ਹ ਚਲਾ ਗਿਆ।
ਫਿਰ ਇੱਕ ਦਿਨ ਜੇਲ੍ਹ ਦੀ ਜਿੰਦਗੀ ਤੋਂ ਤੰਗ ਆ ਕੇ ਉੱਥੇ ਹੀ ਆਪਣੇ ਆਪ ਨੂੰ ਫਾਹਾ ਲਗਾ ਕੇ ਆਪਣੀ ਜਾਨ ਦੇ ਦਿੱਤੀ,ਮਗਰੋਂ ਭੈਣਾਂ ਤੇ ਮਾਂ ਦੇ ਨਾਮ ਉਸ ਦੀ ਸਾਰੀ ਜਮੀਨ ਚੜ੍ਹ ਗਈ। ਸਾਰੀਆਂ ਭੈਣਾਂ ਨੇ ਜਮੀਨ ਤੇ ਉਸ ਦੇ ਹਿੱਸੇ ਦਾ ਘਰ ਵੇਚ ਕੇ ਪੈਸੇ ਆਪਸ ਵਿੱਚ ਵੰਡ ਲਏ, ਵੱਡੇ ਭਰਾ ਨੇ ਬਥੇਰੇ ਭੈਣਾਂ ਦੇ ਤਰਲੇ ਕੀਤੇ ਕਿ ਤੁਸੀਂ ਸਭ ਆਪੋ-ਆਪਣੇ ਘਰ ਰਾਜ਼ੀ-ਖੁਸ਼ੀ ਵਸਦੀਆਂ ਹੋ ਜਮੀਨ ਨਾ ਵੇਚੋ, ਪਰ ਲਾਲਚ ਵਿੱਚ ਆਈਆਂ ਭੈਣਾਂ ਤੇ ਆਪਣੇ ਭਰਾ ਦੇ ਹਾੜੇ ਤੇ ਤਰਲਿਆਂ ਦਾ ਕੋਈ ਅਸਰ ਨਾ ਹੋਇਆ ਅਤੇ ਇਸ ਦਾ ਸਿੱਟਾ ਇਹ ਨਿਕਲਿਆ ਕਿ ਮੁਖਤਿਆਰੋ ਦਾ ਵੱਡਾ ਮੁੰਡਾ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗਾ।
ਹੁਣ ਕੁੜੀਆਂ ਨੇ ਆਪਣੀ ਮਾਂ ਨੂੰ ਆਪਣੇ ਪਿੱਛੇ ਲਗਾ ਕੇ ਉਸ ਦੀ ਜਮੀਨ ਇਹ ਕਹਿ ਕੇ ਵਿਕਵਾ ਦਿੱਤੀ ਕਿ ਅਸੀਂ ਬਥੇਰਾ ਸਾਂਭ ਲਵਾਂਗੀਆਂ! ਤੂੰ ਫ਼ਿਕਰ ਨਾ ਕਰ ਸਾਡੇ ਨਾਲ ਤੂੰ ਸਾਡੇ ਸਹੁਰੇ ਘਰ ਆਰਾਮ ਨਾਲ ਰਹਿ। ਮੁਖਤਿਆਰੋ ਨੂੰ ਕੁੜੀਆਂ ਨੇ ਛੇ ਛੇ ਮਹੀਨੇ ਆਪਣੇ ਕੋਲ ਰੱਖਣ ਦਾ ਫੈਸਲਾ ਕਰਕੇ ਮੁਖਤਿਆਰੋ ਦਾ ਆਪਣਾ ਸਹੁਰਾ ਪਿੰਡ ਛੁਡਾ ਦਿੱਤਾ,ਹੁਣ ਉਹ ਤਾਂ ਵਿਚਾਰੀ ਬੁੱਢੀ ਸੀ ਅੱਖਾਂ ਤੋਂ ਵੀ ਬਿਲਕੁਲ ਦਿਖਾਈ ਨਹੀਂ ਦਿੰਦਾ ਸੀ,ਥੋੜੇ ਸਮੇਂ ਵਿੱਚ ਹੀ ਕੁੜੀਆਂ ਨੂੰ ਤਾਂ ਮੁਖਤਿਆਰੋ ਇੱਕ ਐਵੇਂ ਗਲ ਪਈ ਮੁਸੀਬਤ ਜਿਹੀ ਲੱਗਣ ਲੱਗ ਪਈ, ਹੁਣ ਉਸ ਨੂੰ ਆਪਣੀਆਂ ਜੰਮੀਆਂ ਹੀ ਚੰਗੀ ਤਰ੍ਹਾਂ ਨਹੀਂ ਸਾਂਭ ਰਹੀਆਂ ਸਨ, ਜਿਸ ਕੁੜੀ ਕੋਲ ਵੀ ਉਹ ਹੁੰਦੀ ਤਾਂ ਉਹ ਦੂਸਰੀ ਨੂੰ ਸੁਨੇਹਾ ਭੇਜਦੀ ਕਿ ਬੇਬੇ ਦਾ ਦਿਲ ਨਹੀਂ ਲੱਗਦਾ ਤੇ ਹੁਣ ਬੇਬੇ ਤੁਹਾਡੇ ਕੋਲ ਆਉਣ ਨੂੰ ਕਹਿੰਦੀ ਹੈ।
ਹੁਣ ਸਾਰੀਆਂ ਕੁੜੀਆਂ ਹੀ ਕਈ ਬਹਾਨੇ ਲਗਾ ਕੇ ਛੇ ਮਹੀਨੇ ਪੂਰੇ ਹੋਏ ਬਿਨ੍ਹਾਂ ਹੀ ਇੱਕ ਦੂਜੀ ਕੋਲ ਮੁਖਤਿਆਰੋ ਨੂੰ ਛੱਡ ਆÀੁਂਦੀਆਂ ਤੇ ਹੁਣ ਉਸ ਦੇ ਨਹਾਉਣ ਤੇ ਸਿਰ ਵਾਹੁਣ ਤੋਂ ਵੀ ਕਤਰਾਉਣ ਲੱਗੀਆਂ ਇਸ ਕਾਰਣ ਉਸ ਨਿਮਾਣੀ ਦੇ ਗੰਦਗੀ ਨਾਲ ਸਿਰ ਵਿੱਚ ਜੂੰਆਂ ਪੈ ਗਈਆਂ ਤੇ ਇਸ ਦਾ ਇਲਾਜ ਤਾਂ ਕੀ ਕਰਨਾ ਸੀ ਸਗੋਂ ਕੁੜੀਆਂ ਨੇ ਉਸ ਦੇ ਸਿਰ ਦੇ ਵਾਲ ਹੀ ਕਟਵਾ ਦਿੱਤੇ ਜਦੋਂ ਕਿ ਉਹ ਇਸ ਤਰਾਂ ਨਾ ਕਰਨ ਲਈ ਕੁੜੀਆਂ ਦੇ ਤਰਲੇ ਕਰਦੀ ਰਹੀ ਕਿ ਮੈ ਸਿੱਖ ਔਰਤ ਹਾਂ ਤੇ ਸਿੱਖਾਂ ਔਰਤਾਂ ਵਾਲ ਨਹੀਂ ਕਟਵਾਉਂਦੀਆਂ ਪਰ ਉਸਦੀ ਕਿਸੇ ਨੇ ਇੱਕ ਨਾ ਸੁਣੀ ਉਸ ਬਿਮਾਰ ਮੁਖਤਿਆਰੋ ਨੂੰ ਨਾ ਚੰਗੀ ਦਵਾਈ ਲਿਆ ਕੇ ਦਿੰਦੀ ਸੀ ਕੋਈ ਵੀ ਕੁੜੀ ਅਤੇ ਨਾ ਹੀ ਹੁਣ ਚੰਗੀ ਤਰਾਂ ਕੋਈ ਸਾਂਭਦੀ ਸੀ।
ਮੁਖਤਿਆਰੋ ਹੁਣ ਮਹਿਸੂਸ ਕਰ ਰਹੀ ਸੀ ਕਿ ਸ਼ਾਇਦ ਸਭ ਰਿਸ਼ਤੇ ਹੀ ਸਵਾਰਥੀ ਹੁੰਦੇ ਹਨ ਜੋ ਉਸ ਦੇ ਧੀਆਂ ਪੁੱਤਾਂ ਨੇ ਉਸ ਨਾਲ ਕੀਤਾ ਸ਼ਾਇਦ ਸਭ ਹੀ ਏਦਾਂ ਦੇ ਹੋਣਗੇ ਪਰ ਸਾਰੇ ਬੱਚੇ ਉਸ ਦੇ ਬੱਚਿਆਂ ਵਾਂਗ ਨਹੀਂ ਹੁੰਦੇ ਖ਼ਾਸ ਕਰਕੇ ਕੁੜੀਆਂ ਤੋਂ ਤਾਂ ਇਸ ਤਰਾਂ ਦੀ ਬਿਲਕੁਲ ਵੀ ਉਮੀਦ ਨਹੀਂ ਹੁੰਦੀ ਇਸ ਤਰ੍ਹਾਂ ਉਹ ਤਾਂ ਸੋਚ ਰਹੀ ਸੀ ਕਿਉਂਕਿ ਉਸਦੇ ਬੱਚਿਆਂ ਨੇ ਉਸ ਨੂੰ ਇੱਕ ਜਨਮ ਦੇਣ ਵਾਲੀ ਮਾਂ ਨਹੀਂ ਸਮਝਿਆ ਬੋਝ ਹੀ ਸਮਝਿਆਂ। ਇਸ ਕਰਕੇ ਉਹ ਬਹੁਤ ਥੋੜੇ ਸਮੇਂ ਵਿੱਚ ਹੀ ਆਪਣੇ ਸਹੁਰੇ ਪਿੰਡ ਦੇ ਵਿਛੋੜੇ ਦੇ ਦਰਦ ਤੇ ਧੀਆਂ ਪੁੱਤਾਂ ਦੇ ਸਵਾਰਥ ਦੇ ਦਰਦ ਨੂੰ ਸੀਨੇ ਵਿੱਚ ਲੈ ਕੇ ਕੁਝ ਸਮੇਂ ਵਿੱਚ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਤੁਰ ਗਈ। ਅਸਲ ਵਿੱਚ ਅਜਿਹੇ ਧੀਆਂ ਪੁੱਤ ਸਮਾਜ ਦੇ ਮੱਥੇ ਤੇ ਕਲੰਕ ਹਨ।
ਕਰਮਜੀਤ ਕੌਰ ਸਮਾਓ
ਜਿਲਾ ਮਾਨਸਾ
78889-00620