ਕੈਪਟਨ ਸਣੇ ਪੰਜ ਰਾਜਾਂ ਦੇ ਮੁੱਖ ਮੰਤਰੀਆਂ ਨੇ ਪ੍ਰਧਾਨ ਬਣੇ ਰਹਿਣ ਦੀ ਕੀਤੀ ਅਪੀਲ
ਕਾਂਗਰਸ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨੇ ਅੱਜ ਇਥੇ ਕਾਂਗਰਸ ਦੀ ਪ੍ਰਧਾਨਗੀ ਛੱਡਣ ਲਈ ਬਜ਼ਿੱਦ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀਆਂ ਨੇ ਸੰਸਦੀ ਚੋਣਾਂ ਵਿੱਚ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣੇ ਰਹਿਣ ਦੀ ਗੁਜ਼ਾਰਿਸ਼ ਕੀਤੀ। ਮੀਟਿੰਗ ਵਿੱਚ ਸ਼ਾਮਲ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਸ ਜਤਾਈ ਕਿ ਪਾਰਟੀ ਪ੍ਰਧਾਨ ਉਨ੍ਹਾਂ ਦੀ ਇਸ ਅਪੀਲ ਉੱਤੇ ਸਾਕਾਰਾਤਮਕ ਹਾਮੀ ਭਰਨਗੇ। ਸ੍ਰੀ ਗਹਿਲੋਤ ਨੇ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਸਿਰਫ਼ ਰਾਹੁਲ ਗਾਂਧੀ ਹੀ ਕਾਂਗਰਸ ਨੂੰ ਅਗਵਾਈ ਦੇ ਸਕਦੇ ਹਨ। ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਛੱਤੀਸਗੜ੍ਹ ਦੇ ਭੁਪੇਸ਼ ਬਘੇਲ, ਪੁੱਡੂਚੇਰੀ ਦੇ ਵੀ.ਨਾਰਾਇਣਸਾਮੀ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਵੀ ਸ਼ਾਮਲ ਸਨ। ਮੀਟਿੰਗ ਉਪਰੰਤ ਰਿਪੋਰਟਰਾਂ ਨਾਲ ਗੱਲਬਾਤ ਕਰਦਿਆਂ ਗਹਿਲੋਤ ਨੇ ਕਿਹਾ, ‘ਦੋ ਘੰਟੇ ਦੇ ਕਰੀਬ ਚੱਲੀ ਮੀਟਿੰਗ ਦੌਰਾਨ ਅਸੀਂ ਸ੍ਰੀ ਗਾਂਧੀ (ਰਾਹੁਲ) ਨੂੰ ਦੇਸ਼ ਭਰ ਦੇ ਕਾਂਗਰਸੀ ਵਰਕਰਾਂ ਦੇ ਵਿਚਾਰਾਂ/ਜਜ਼ਬਿਆਂ ਤੋਂ ਜਾਣੂ ਕਰਵਾ ਦਿੱਤਾ ਹੈ। ਅਸੀਂ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਬਣੇ ਰਹਿਣ ਦੀ ਅਪੀਲ ਕੀਤੀ ਹੈ। ਸਾਨੂੰ ਆਸ ਹੈ ਕਿ ਉਹ ਇਸ ਅਪੀਲ ਨੂੰ ਸਾਕਾਰਾਤਮਕ ਨਜ਼ਰੀਏ ਤੋਂ ਵੇਖਣਗੇ।’ ਸ੍ਰੀ ਗਹਿਲੋਤ ਨੇ ਕਿਹਾ ਕਿ ਮੁੱਖ ਮੰਤਰੀਆਂ ਨੇ ਰਾਹੁਲ ਗਾਂਧੀ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਵਿੱਚ ਮਿਲ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਹਾਰ ਦੇ ਕਾਰਨਾਂ ਦੀ ਸਮੀਖਿਆ ਕੀਤੀ। ਦਿੱਲੀ ਵਿੱਚ ਪਾਰਟੀ ਪ੍ਰਧਾਨ ਨਾਲ ਮੁਲਾਕਾਤ ਤੋਂ ਪਹਿਲਾਂ ਸ੍ਰੀ ਗਹਿਲੋਤ ਨੇ ਇਕ ਟਵੀਟ ’ਚ ਕਿਹਾ, ‘ਮੋਦੀ ਸਰਕਾਰ ਦਾ ਅਰਥਚਾਰੇ ਸਮੇਤ ਵੱਖ ਵੱਖ ਮੋਰਚਿਆਂ ’ਤੇ ਨਾਕਾਮ ਰਹਿਣਾ ਮੰਦਭਾਗਾ ਹੈ। ਭਾਜਪਾ ਵੱਡੇ ਸਰੋਤਾਂ ਤੇ ਸਰਕਾਰੀ ਮਸ਼ੀਨਰੀ ਦੀ ਮਦਦ ਨਾਲ ਤੁਅੱਸਬੀ ਰਾਸ਼ਟਰਵਾਦ ਦੇ ਪਰਦੇ ਪਿੱਛੇ ਆਪਣੀਆਂ ਵੱਡੀਆਂ ਨਾਕਾਮੀਆਂ ਨੂੰ ਲੁਕਾਉਣ ਵਿੱਚ ਸਫ਼ਲ ਰਹੀ ਹੈ।’ ਉਨ੍ਹਾਂ ਕਿਹਾ ਕਿ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਵਿਰੋਧ ਦੇ ਬਾਵਜੂਦ ਰਾਹੁਲ ਗਾਂਧੀ ਨੇ ਚੋਣਾਂ ਨੂੰ ਮੁੱਦਿਆਂ ਆਧਾਰਿਤ ਬਣਾਉਣ ਲਈ ਆਪਣਾ ਸੌ ਫੀਸਦ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿਚ ਰਾਹੁਲ ਹੀ ਪਾਰਟੀ ਨੂੰ ਅਗਵਾਈ ਦੇ ਸਕਦੇ ਹਨ। ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਭਲਾਈ ਲਈ ਉਨ੍ਹਾਂ ਦੀ ਵਚਨਬੱਧਤਾ ਦਾ ਕੋਈ ਮੁਕਾਬਲਾ ਨਹੀਂ ਹੈ।