ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇਥੇ ਸੈਕਟਰ-38 ਵਿਚ ਪਾਰਟੀ ਉਮੀਦਵਾਰ ਪਵਨ ਕੁਮਾਰ ਬਾਂਸਲ ਦੇ ਹੱਕ ਵਿਚ ਰੈਲੀ ਕੀਤੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇਸ਼ ਦਾ ਪਹਿਲਾ ਯੋਜਨਾਬੱਧ ਢੰਗ ਨਾਲ ਬਣਿਆ ਸ਼ਹਿਰ ਹੈ ਅਤੇ ਇਸ ਦਾ ਦੁਨੀਆਂ ਭਰ ਵਿਚ ਨਾਮ ਹੈ। ਇਸ ਲਈ ਚੰਡੀਗੜ੍ਹ ਨੂੰ ਇੰਟਰਨੈਸ਼ਨਲ ਸੈਂਟਰ ਵਜੋਂ ਸਥਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੇ ਦੇਸ਼ ਭਰ ਵਿਚੋਂ ਸਭ ਤੋਂ ਬੁਲੰਦ ਆਵਾਜ਼ ਵਿਚ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ਲਵਾਏ ਹਨ। ਇਹ ਕਹਿੰਦਿਆਂ ਹੀ ਸ੍ਰੀ ਰਾਹੁਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਥੋਂ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਹਕੀਕੀ ਤੌਰ ’ਤੇ ਕੌਮਾਂਤਰੀ ਦਰਜਾ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਪੰਜਾਬ ਤੇ ਚੰਡੀਗੜ੍ਹ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਦੱਸਿਆ ਹੈ ਕਿ ਪੰਜਾਬ ਤੇ ਹਰਿਆਣਾ ਦੇ ਲੋਕ ਹਵਾਈ ਅੱਡੇ ਨੂੰ ਕੌਮਾਂਤਰੀ ਸਹੂਲਤਾਂ ਦੇਣ ਦੀ ਮੰਗ ਕਰ ਰਹੇ ਹਨ ਪਰ ਇਹ ਮੰਗ ਪੂਰੀ ਨਹੀਂ ਕੀਤੀ ਜਾ ਰਹੀ। ਦੱਸਣਯੋਗ ਹੈ ਕਿ ਇਸ ਹਵਾਈ ਅੱਡੇ ਤੋਂ ਨਾਮਤਾਰ ਹੀ ਕੌਮਾਂਤਰੀ ਉਡਾਣਾਂ ਚਲਦੀਆਂ ਹਨ। ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਚੰਡੀਗੜ੍ਹ ਦੇ ਲੋਕਾਂ ਨੂੰ ਉਨ੍ਹਾਂ ਦੇ ਮਕਾਨਾਂ ਦੇ ਮਾਲਕਾਨਾ ਹੱਕ ਦਿਵਾਏ ਜਾਣਗੇ। ਉਨ੍ਹਾਂ ਨੇ ਚੰਡੀਗੜ੍ਹ ਦੇ ਬੇਰੁਜ਼ਗਾਰਾਂ ਲਈ ਵਿਸ਼ੇਸ਼ ਸਕੀਮਾਂ ਸ਼ੁਰੂ ਕਰਨ ਦਾ ਜ਼ਿਕਰ ਵੀ ਕੀਤਾ। ਰਾਹੁਲ ਦੀ ਰੈਲੀ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਮਹਿਲਾਵਾਂ ਦੀ ਗਿਣਤੀ ਵੀ ਬਹੁਤ ਸੀ। ਸ੍ਰੀ ਰਾਹੁਲ ਨੇ ਕਿਹਾ ਕਿ ‘ਨਿਆਂਏ ਯੋਜਨਾ’ ਤਹਿਤ ਹਰੇਕ ਮਹੀਨੇ 6-6 ਹਜ਼ਾਰ ਰੁਪਏ ਮਹਿਲਾਵਾਂ ਦੇ ਖਾਤਿਆਂ ਵਿਚ ਹੀ ਪਾਏ ਜਾਣਗੇ। ਜਦੋਂ ਸ੍ਰੀ ਰਾਹੁਲ ਬੋਲ ਰਹੇ ਸਨ ਤਾਂ 2 ਮਿੰਟਾਂ ਲਈ ਮਾਈਕ ਬੰਦ ਹੋ ਜਾਣ ਕਾਰਨ ਸਾਰੇ ਲੀਡਰਾਂ ਨੂੰ ਹੱਥਾਂ-ਪੈਂਰਾਂ ਦੀ ਪੈ ਗਈ। ਰੈਲੀ ਦੌਰਾਨ ਮੀਂਹ ਤੇ ਝਖੜ ਵੀ ਖੂਬ ਚੱਲਿਆ ਪਰ ਲੋਕ ਰੀਝ ਨਾਲ ਰਾਹੁਲ ਨੂੰ ਸੁਣਦੇ ਰਹੇ। ਇਸ ਮੌਕੇ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੇ ਸੰਬੋਧਨ ਕਰਦਿਆਂ ਆਪਣੇ ਹਲਕੇ ਦੀਆਂ ਮੁਸ਼ਕਲਾਂ ਗਿਣਾਈਆਂ। ਇਸੇ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਸ੍ਰੀ ਬਾਂਸਲ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ। ਰੈਲੀ ਵਿੱਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਬਲਬੀਰ ਸਿੱਧੂ ਤੇ ਵਿਜੈਇੰਦਰ ਸਿੰਗਲਾ ਆਦਿ ਵੀ ਹਾਜ਼ਰ ਸਨ।
INDIA ਰਾਹੁਲ ਗਾਂਧੀ ਨੇ ਚੰਡੀਗੜ੍ਹ ਵਾਸੀਆਂ ਨੂੰ ਦਿਖਾਏ ਸਬਜ਼ਬਾਗ