ਸ੍ਰੀ ਗੋਇੰਦਵਾਲ ਸਾਹਿਬ (ਸਮਾਜਵੀਕਲੀ) – ਹਲਕਾ ਖਡੂਰ ਸਾਹਿਬ ਦੇ ਪਿੰਡ ਰਾਹਲ ਵਿੱਚ ਸਰਕਾਰੀ ਕਣਕ ਦੀ ਕਾਣੀ ਵੰਡ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਲੋੜਵੰਦਾਂ ਦੀ ਆਵਾਜ਼ ਚੁੱਕਣ ਵਾਲੀ ਧਿਰ ਤੇ ਪਿੰਡ ਦੇ ਕਾਂਗਰਸੀ ਸਰਪੰਚ ਧੜੇ ਨਾਲ ਸਬੰਧਤ ਸਾਬਕਾ ਫੌਜੀ ਵੱਲੋਂ ਸਿੱਧੀਆਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਧਿਰ ਦੇ ਸੱਜਣ ਸਿੰਘ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ।
ਸੱਜਣ ਸਿੰਘ ਦੇ ਭਤੀਜੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਸ ਦੇ ਪਿਤਾ ਦਲਜੀਤ ਸਿੰਘ ਜੋ ਡਿਪੂ ਹੋਲਡਰ ਹਨ ਅਤੇ ਸਰਪੰਚ ਸਰਵਣ ਸਿੰਘ ਵਿਚਕਾਰ ਸਰਕਾਰੀ ਕਣਕ ਦੀ ‘ਕਾਣੀ ਵੰਡ’ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਅੱਜ ਉਸ ਦੇ ਪਰਿਵਾਰ ਦੇ ਸਾਰੇ ਮੈਂਬਰ ਆਪਣੇ ਚਾਚੇ ਦਿਆਲ ਸਿੰਘ ਦੇ ਘਰ ਬੈਠੇ ਸਨ ਕਿ ਸਰਪੰਚ ਧਿਰ ਨਾਲ ਸਬੰਧਤ ਸਾਬਕਾ ਫ਼ੌਜੀ ਕਮਲਜੀਤ ਸਿੰਘ ਉੱਥੇ ਆਇਆ ਅਤੇ ਉਸ ਦੇ ਚਾਚੇ ਦੇ ਬੇਟੇ ਸਤਨਾਮ ਸਿੰਘ ਨੂੰ ਗਲ਼ ਤੋਂ ਫੜ ਕੇ ਧੱਕੇ ਨਾਲ ਨਾਲ ਲਿਜਾਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਸ ਨੇ ਫੌਜੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕੰਵਲਜੀਤ ਸਿੰਘ ਫੌਜੀ ਵੱਲੋਂ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਮਾਮਲੇ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਪਰ ਪੁਲੀਸ ਕਥਿਤ ਸਿਆਸੀ ਸ਼ਹਿ ’ਤੇ ਸਰਪੰਚ ਸਰਵਣ ਸਿੰਘ ਦੀ ਧਿਰ ਨੂੰ ਬਚਾਉਣ ਲਈ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ ਅਤੇ ਸਰਪੰਚ ਰਾਜ਼ੀਨਾਮੇ ਲਈ ਪੁਲੀਸ ’ਤੇ ਦਬਾਅ ਪਾ ਰਿਹਾ ਹੈ। ਪੀੜਤ ਲਵਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਪੁਲੀਸ ਸਿਆਸੀ ਦਬਾਅ ਕਾਰਨ ਮੌਕੇ ਵਾਰਦਾਤ ਤੇ ਤਿੰਨ ਘੰਟੇ ਦੇਰੀ ਨਾਲ ਪੁੱਜੀ ਤੇ ਪੁਲੀਸ ਨੇ ਕਥਿਤ ਤੌਰ ਤੇ ਗੋਲੀਆਂ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸ ਸਬੰਧੀ ਪਿੰਡ ਦੇ ਸਰਪੰਚ ਸਰਵਣ ਸਿੰਘ ਨੇ ਗੋਲੀਆਂ ਚੱਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਸ ਉਪਰ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਮਸਲਾ ਸੁਲਝਾ ਲਿਆ ਜਾਵੇਗਾ।
ਇਸ ਸਬੰਧੀ ਥਾਣਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਰਾਹਲ ਵਿੱਚ ਗੋਲੀ ਚੱਲਣ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਜੇ ਤੱਕ ਕਿਸੇ ਧਿਰ ਨੇ ਬਿਆਨ ਨਹੀਂ ਦਿੱਤਾ ਜੋ ਵੀ ਮੁਲਜ਼ਮ ਹੋਇਆ ਕਾਰਵਾਈ ਤੋਂ ਲਿਹਾਜ਼ ਨਹੀਂ ਹੋਵੇਗਾ। ਪੁਲੀਸ ਕਿਸੇ ਵੀ ਸਿਆਸੀ ਦਬਾਅ ਹੇਠ ਨਹੀਂ ਹੈ।