ਦੇਹਰਾਦੂਨ (ਸਮਾਜ ਵੀਕਲੀ): ‘ਫਟੀ ਜੀਨਜ਼’ ਬਾਰੇ ਟਿੱਪਣੀ ਕਰਨ ਮਗਰੋਂ ਲੋਕ ਰੋਹ ਦਾ ਸਾਹਮਣਾ ਕਰ ਰਹੇ ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਆਖਿਆ ਕਿ ਜੇਕਰ ਉਸ ਦੇ ਬਿਆਨ ਨਾਲ ਕਿਸੇ ਨੂੰ ਠੇਸ ਪੁੱਜੀ ਹੈ ਤਾਂ ਉਹ ‘ਮੁਆਫ਼ੀ’ ਚਾਹੁੰਦੇ ਹਨ। ‘ਫਟੀ ਜੀਨਜ਼’ ਬਾਰੇ ਆਪਣਾ ਇਤਰਾਜ਼ ਦੁਹਰਾਉਂਦਿਆਂ ਉਨ੍ਹਾਂ ਆਖਿਆ ਕਿ ਉਨ੍ਹਾਂ (ਉਸ) ਨੂੰ ਜੀਨਜ਼ ਤੋਂ ਕੋਈ ਸਮੱਸਿਆ ਨਹੀਂ ਹੈ ਪਰ ਫਟੀ ਹੋਈ ਜੀਨਜ਼ ਪਹਿਨਣਾ ਠੀਕ ਨਹੀਂ ਹੈ।
ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਦਾ ਕਹਿਣਾ ਇਹ ਸੀ ਕਿ ਅੱਜ-ਕੱਲ੍ਹ ਬੱਚੇ ਮਹਿੰਗੀਆਂ ਜੀਨਜ਼ ਲਿਆ ਰਹੇ ਅਤੇ ਉਹ ਵਿਚੋਂ ਕੁਤਰੀਆਂ ਹੁੰਦੀਆਂ ਹਨ। ਉਨ੍ਹਾਂ ਆਖਿਆ ਕਿ ਜੇਕਰ ਆਪਾਂ ਬੱਚਿਆਂ ਨੂੰ ਚੰਗੀਆਂ ਕਦਰਾਂ-ਕੀਮਤਾਂ ਸਿਖਾਵਾਂਗੇ ਤਾਂ ਉਹ ਭਵਿੱਖ ਵਿਚ ਕਦੇ ਫੇਲ੍ਹ ਨਹੀਂ ਹੋਣਗੇ।