ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਅਯੁੱਧਿਆ ਵਿਚ ਰਾਮ ਮੰਦਰ ਬਣਾਉਣ ਲਈ ਕਾਨੂੰਨ ਪਾਸ ਕਰਵਾਉਣ ਦੀ ਮੰਗ ਕੀਤੀ ਹੈ। ਦਸਹਿਰੇ ਮੌਕੇ ਇੱਥੇ ਆਰਐਸਐਸ ਦੇ ਮੁੱਖ ਦਫ਼ਤਰ ਵਿੱਚ ਦਿੱਤੇ ਆਪਣੇ ਭਾਸ਼ਣ ਵਿਚ ਸ੍ਰੀ ਭਾਗਵਤ ਨੇ ਆਖਿਆ ਕਿ ਸਵੈਮਾਣ ਦੀ ਭਾਵਨਾ ਉਪਜਾਉਣ ਅਤੇ ਅਤੇ ਦੇਸ਼ ਅੰਦਰ ਸਦਭਾਵਨਾ ਤੇ ਇਕਜੁੱਟਤਾ ਦਾ ਮਾਹੌਲ ਪੈਦਾ ਕਰਨ ਲਈ ਅਜਿਹਾ ਕਰਨਾ ਜ਼ਰੂਰੀ ਹੈ। ਸ਼ਬਰੀਮਾਲਾ ਵਿਵਾਦ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਵਿਚ ਪਰੰਪਰਾ ਬਾਰੇ ਸਹੀ ਤਰੀਕੇ ਨਾਲ ਗੌਰ ਨਹੀਂ ਕੀਤਾ ਗਿਆ ਜਿਸ ਕਰ ਕੇ ਸਮਾਜ ਵਿਚ ਵੰਡ ਪੈਦਾ ਹੋਈ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਨੋਬੇਲ ਪੁਰਸਕਾਰ ਜੇਤੂ ਕੈਲਾਸ਼ ਵਿਦਿਆਰਥੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਦੇਸ਼ ਦੇ ਦੂਰ ਦਰਾਜ਼ ਪਿੰਡਾਂ ਵਿਚ ਆਰਐਸਐਸ ਦੀਆਂ ਸ਼ਾਖਾਵਾਂ ਬੱਚਿਆਂ ਖਾਸ ਕਰ ਕੇ ਕੁੜੀਆਂ ਦੀ ਰਾਖੀ ਦਾ ਔਜ਼ਾਰ ਸਾਬਤ ਹੋ ਸਕਦੀਆਂ ਹਨ। ਸ੍ਰੀ ਭਾਗਵਤ ਨੇ ਕਿਹਾ ‘‘ ਰਾਜਨੀਤੀ ਰਾਮ ਮੰਦਰ ਦੇ ਨਿਰਮਾਣ ਵਿਚ ਦੇਰੀ ਕਰਵਾ ਰਹੀ ਹੈ ਤੇ ਬਿਨਾਂ ਕਿਸੇ ਕਾਰਨ ਤੋਂ ਸਮਾਜ ਦੇ ਸਬਰ ਦੀ ਅਜ਼ਮਾਇਸ਼ ਕਰਨੀ ਕਿਸੇ ਦੇ ਵੀ ਹਿੱਤ ਵਿਚ ਨਹੀਂ ਹੈ। ਕੁਝ ਅਨਸਰ ਨਿਆਂਇਕ ਪ੍ਰਕਿਰਿਆ ਵਿਚ ਨਵੇਂ ਨਵੇਂ ਪੱਖ ਜੋੜ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਰੋਕਣ ਦੀਆਂ ਵਿਉਂਤਾਂ ਬਣਾ ਰਹੇ ਹਨ।’’ ਇਸ ਦੌਰਾਨ, ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਆਗੂ ਪ੍ਰਵੀਨ ਤੋਗੜੀਆ ਨੇ ਸ੍ਰੀ ਭਾਗਵਤ ਦੇ ਬਿਆਨ ’ਤੇ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਭਾਜਪਾ ਸਰਕਾਰ ਨੂੰ ਮੰਦਰ ਲਈ ਕਾਨੂੰਨ ਪਾਸ ਕਰਨ ਤੋਂ ਕੀਹਨੇ ਰੋਕਿਆ ਸੀ। ਉਨ੍ਹਾਂ ਕਿਹਾ ਕਿ ਆਰਐਸਐਸ ਰਾਮ ਮੰਦਰ ਦਾ ਮੁੱਦਾ ਇਸ ਕਰ ਕੇ ਚੁੱਕ ਰਹੀ ਹੈ ਕਿਉਂਕਿ ਚੋਣਾਂ ਨੇੜੇ ਆ ਗਈਆਂ ਹਨ ਤੇ ਸਰਕਾਰ ਦੀ ਕਾਰਕਰਦਗੀ ਬੇਹੱਦ ਮਾੜੀ ਹੈ। ਮਾਓਵਾਦ ਦੀ ਨੁਕਤਾਚੀਨੀ ਕਰਦਿਆਂ ਸ੍ਰੀ ਭਾਗਵਤ ਨੇ ਕਿਹਾ ਕਿ ਉਹ ਹਮੇਸ਼ਾ ਸ਼ਹਿਰੀ ਹੀ ਰਹੇ ਹਨ ਤੇ ‘ਅਰਬਨ ਨਕਸਲੀਆਂ’ ਦਾ ਨਵ-ਖੱਬਾ ਸਿਧਾਂਤ ਆਪਣੇ ਕੱਟੜ ਪੈਰੋਕਾਰਾਂ ਜ਼ਰੀਏ ਇਕ ‘ਦੇਸ਼ ਧਰੋਹੀ’ ਲੀਡਰਸ਼ਿਪ ਕਾਇਮ ਕਰਨਾ ਚਾਹੁੰਦਾ ਹੈ।‘‘ ਇਹ ਲੋਕ ਮਾਓਵਾਦੀ ਦੇਸ਼ ਦੇ ਦੁਸ਼ਮਣਾਂ ਤੋਂ ਸ਼ਕਤੀ ਹਾਸਲ ਕਰਦੇ ਹਨ ਤੇ ਜਿੱਥੇ ਵੀ ਜਾਂਦੇ ਹਨ ਹਮੇਸ਼ਾ ਦੇਸ਼ ਦਾ ਨਾਂ ਬਦਨਾਮ ਕਰਦੇ ਹਨ।’’ ਪਾਕਿਸਤਾਨ ਦਾ ਨਾਂ ਲਏ ਬਗ਼ੈਰ ਉਨ੍ਹਾਂ ਕਿਹਾ ਕਿ ਉੱਥੇ ਨਵੀਂ ਸਰਕਾਰ ਬਣਨ ਦੇ ਬਾਵਜੂਦ ਸਰਹੱਦ ’ਤੇ ਹਮਲੇ ਬੰਦ ਨਹੀਂ ਹੋਏ। ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਸ਼ਾਂਤੀ ਤੇ ਦੋਸਤੀ ਚਾਹੁੰਦਾ ਹੈ ਅਤੇ ਦੇਸ਼ ਨੂੰ ਹਥਿਆਰਬੰਦ ਦਸਤਿਆਂ ਨੂੰ ਮਜ਼ਬੂਤ ਬਣਾਉਣ ਅਤੇ ਨਾਲ ਹੀ ਗੁਆਂਢੀਆਂ ਨਾਲ ਅਮਨ ਦਾ ਪ੍ਰਚਾਰ ਕਰਨ ਵਿਚਕਾਰ ਤਵਾਜ਼ਨ ਕਾਇਮ ਕਰ ਕੇ ਚੱਲਣਾ ਚਾਹੀਦਾ ਹੈ। ਰੱਖਿਆ ਉਤਪਾਦਨ ਦੇ ਖੇਤਰ ਵਿਚ ਮੁਕੰਮਲ ਆਤਮ ਨਿਰਭਰਤਾ ਤੋਂ ਬਗ਼ੈਰ ਦੇਸ਼ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾ ਸਕਦੀ।