ਰਾਮ ਬਾਗ਼  ਬਾਰੇ  ਰਾਸ਼ਟਰਪਤੀ ਅਤੇ ਪੰਜਾਬ ਦੇ ਗਵਰਨਰ  ਦਰਮਿਆਨ ਹੋਏ ਸਮਝੌਤੇ ਨੂੰ ਲਾਗੂ ਕਰਨ ਦੀ ਮੰਗ

ਡਾ. ਚਰਨਜੀਤ ਸਿੰਘ ਗੁਮਟਾਲਾ

 

ਅੰਮ੍ਰਿਤਸਰ (ਸਮਾਜ ਵੀਕਲੀ): ਸਮਾਜਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ(ਰਜਿ.) ਨੇ ਇਤਿਹਾਸਕ ਰਾਮ ਬਾਗ ਬਾਰੇ ਭਾਰਤ ਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਗਵਰਨਰ ਦਰਮਿਆਨ 4 ਦਸੰਬਰ 2018 ਨੂੰ ਹੋਏ ਸਮਝੋਤੇ ਨੂੰ 21 ਮਹੀਨੇ ਬੀਤ ਜਾਣ ‘ਤੇ ਵੀ ਲਾਗੂ ਨਾ ਕਰਨ ਵਾਲੇ ਅਧਿਕਾਰੀਆਂ ਵਿਰੁਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਪ੍ਰਧਾਨ ਸ. ਮਨਮੋਹਨ ਸਿੰਘ ਬਰਾੜ ਨੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ , ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਪੰਹਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਥਾਨਕ ਸਰਕਾਰ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ , ਮੇਅਰ ਸ. ਕਰਮਜੀਤ ਸਿੰਘ ਰਿੰਟੂ , ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਤੇ ਹੋਰਨਾਂ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਇਸ ਬਾਗ ਵਿਚੋਂ ਮਹਾਰਾਜਾ ਰਣਜੀਤ ਸਿੰਘ ਵਲੋਂ ਉਸਾਰੀਆਂ ਇਮਾਰਤਾਂ ਨੂੰ ਛੱਡ ਕਿ ਬਾਕੀ ਉਸਾਰੀਆਂ ਜਿਨ੍ਹਾਂ ਵਿਚ ਨਗਰ ਨਿਗਮ ਦਾ ਐਸ.ਡੀ. ਓ. ਦਫ਼ਤਰ, ਖਾਣ ਪੀਣ ਵਾਲਾ ਖੋਖਾ, ਲਾਅਨ ਟੈਨਿਸ ਤੇ ਸਕੇਟਿੰਗ ਰਿੰਕ ਆਦਿ ਸ਼ਾਮਲ ਹਨ ਢਾਹੁੰਣੀਆਂ ਹਨ , ਜੋ ਨਹੀਂ ਢਾਈਆਂ ਗਈਆਂ।ਬਾਗ਼ ਅੰਦਰ ਸ਼ਰਾਬ ਦੀ ਵਰਤੋਂ ਕਰਨ ਅਤੇ ਹੋਰ ਵਪਾਰਕ ਕੰਮ ਕਰਨ ਦੀ ਮਨਾਹੀ ਕੀਤੀ ਗਈ ਹੈ ਜੋ ਅਜੇ ਵੀ ਜਾਰੀ ਹੈ।

ਸਮਝੌਤੇ ਵਿਚ ਬਾਗ਼ ਅੰਦਰ ਚਾਰ ਪਹੀਆ ਗੱਡੀਆਂ ਤੇ ਭਾਰੀ ਗੱਡੀਆਂ ਦੇ ਦਾਖ਼ਲੇ ਦੀ ਮਨਾਹੀ ਕੀਤੀ ਗਈ ਹੈ, ਜਿਸ ਦੀ ਵੀ ਪਾਲਣਾ ਨਹੀਂ ਹੋ ਰਹੀ। ਜਿੱਥੋਂ ਤੀਕ ਕਲੱਬਾਂ ਦੀ ਲੀਜ਼ ਦਾ ਸਬੰਧ ਹੈ, ਇਸ ਬਾਰੇ ਕਿਹਾ ਗਿਆ ਹੈ ਕਿ ਜੇ ਕਲੱਬਾਂ ਵਾਲੇ ਨਜਾਇਜ਼ ਉਸਾਰੀਆਂ ਢਾਹ ਦੇਂਦੇ ਹਨ ਤੇ ਸ਼ਰਾਬ ਦੀ ਵਰਤੋਂ ਨਹੀਂ ਕਰਦੇ ਤਾਂ ਇਨ੍ਹਾਂ ਦੀ ਲੀਜ਼ ਵੱਧ ਤੋਂ ਵੱਧ ਪੰਜ ਸਾਲ ਵਧਾਈ ਜਾਵੇਗੀ।ਇਸ ਸਮੇਂ ਦੌਰਾਨ ਨਗਰ ਨਿਗਮ ਕਲੱਬਾਂ ਨੂੰ ਪੜਾਅਵਾਰ ਇੱਥੋਂ ਕਿਸੇ ਹੋਰ ਢੁਕਵੀਂ ਜਗਾਹ ਜਿੱਥੇ ਉਹ ਠੀਕ ਸਮਝੇ ਤਬਦੀਲ ਕਰੇਗਾ ਤੇ ਸਮੁਚੇ ਸਮਾਰਕ ਦਾ ਕਬਜਾ ਚੰਗੇ ਪ੍ਰਬੰਧ ਲਈ ਪੁਰਾਤਿਤਵ ਵਿਭਾਗ ਨੂੰ ਦੇ ਦੇਵੇਗਾ।ਇਸ ਸਬੰਧੀ ਵੀ ਕੁਝ ਨਹੀਂ ਕੀਤਾ ਗਿਆ।

ਰਾਮ ਬਾਗ ਮਹਾਰਾਜਾ ਰਣਜੀਤ ਸਿੰਘ ਵੱਲੋਂ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂ ‘ਤੇ ਬਣਾਇਆ ਗਿਆ ਸੀ। ਇਸ 84 ਏਕੜ ਦੇ ਬਾਗ ਨੂੰ ਲਾਹੌਰ ਦੇ ਸ਼ਾਲਾਮਾਰ ਬਾਗ਼ ਦੇ ਪੈਟਰਨ ‘ਤੇ ਉਸਾਰਿਆ ਗਿਆ। ਇਹ ਮਹਾਰਾਜਾ ਦੀ ਗਰਮੀਆਂ ਦੀ ਰਾਜਧਾਨੀ ਸੀ।ਇਸ ਬਾਗ ਵਿੱਚ ਹੀ ਪੈਨੋਰਮਾ ਹੈ ਤੇ ਸਮਰ ਪੈਲੇਸ ਹੈ ।ਇਹ ਬਾਗ ਦੁਨੀਆਂ ਭਰ ਵਿੱਚੋਂ ਆਉਣ ਵਾਲੇ ਯਾਤਰੂਆਂ ਦੇ ਲਈ ਖਿੱਚ ਦਾ ਕੇਂਦਰ ਬਣ ਸਕਦਾ ਹੈ ਅਤੇ ਯਾਤਰੂ ਇੱਥੇ ਅੱਧਾ ਦਿਨ ਬਤੀਤ ਕਰ ਸਕਦੇ ਹਨ। ।ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਨਗਰ ਨਿਗਮ ਵੱਲੋਂ ਇਸ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ।ਸਮਾਰਟ ਪਾਰਕ ਦੀਆਂ ਹਦਾਇਤਾਂ ਅਨੁਸਾਰ ਇੱਕ ਏਕੜ ਰਕਬੇ ਵਾਸਤੇ 2 ਮਾਲੀ ਚਾਹੀਦੇ ਹਨ।ਇਸ ਤਰ੍ਹਾਂ 88 ਏਕੜ ਦੇ ਰਾਮ ਬਾਗ ਵਾਸਤੇ 176 ਮਾਲੀ ਚਾਹੀਦੇ ਹਨ ਪ੍ਰੰਤੂ ਮੌਜੂਦਾ ਕੇਵਲ 5-6 ਮਾਲੀ ਹੀ ਕੰਮ ਕਰ ਰਹੇ ਹਨ। ਅਰਬਨ ਹਾਟ ਦੀ ਤਰਫੋਂ ਬਣੀ ਡਿਊੜੀ ਦੇ ਸਾਹਮਣੇ ਵਾਲੇ ਹਿੱਸੇ ਤੋਂ ਲੈ ਕੇ ਸਮਰ ਪੈਲੇਸ ਤੱਕ ਅਤੇ ਸਰਵਿਸ ਕਲੱਬ ਤੱਕ ਬਾਗ ਦਾ ਸਾਰਾ ਹੀ ਹਿੱਸਾ ਉਜੜਿਆ ਪਿਆ ਹੈ।ਫੁੱਲ ਬੂਟਿਆਂ ਦੀ ਗੱਲ ਤਾਂ ਦੂਰ , ਇਸ ਬਾਗ ਵਿੱਚ ਕੋਈ ਪਾਰਕ ਜਾਂ ਕਿਆਰੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਗੰਦਗੀ ਦੇ ਢੇਰ ਲੱਗੇ ਹੋਏ ਹਨ ਤੇ ਦਰੱਖਤਾਂ ਦੇ ਆਸੇ ਪਾਸੇ ਮਿੱਟੀ ਕੱਢਣ ਕਰਕੇ ਦਰੱਖਤ ਡਿੱਗਣ ਵਾਲੇ ਹੋਏ ਹਨ ਤੇ ਕਈ ਡਿੱਗ ਚੁੱਕੇ ਹਨ। ਇਸ ਸਾਰੇ ਨਜ਼ਾਰੇ ਨੂੰ ਦੇਖ ਕੇ ਲੱਗਦਾ ਹੈ ਨਗਰ ਨਿਗਮ ਨਾਂ ਦੀ ਕੋਈ ਸੰਸਥਾ ਹੀ ਨਹੀਂ ਹੈ ਤੇ ਜੇ ਹੈ ਤਾਂ ਉਹ ਆਪਣੀ ਜ਼ੁੰਮੇਵਾਰੀ ਪ੍ਰਤੀ ਸੁਚੇਤ ਨਹੀਂ ਹੈ।

ਜਾਰੀ ਕਰਤਾ : ਡਾ. ਚਰਨਜੀਤ ਸਿੰਘ ਗੁਮਟਾਲਾ, 91 9417533060

Previous articleSri Lanka’s ruling party wins parliamentary polls
Next articleਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ