ਜੈਪੁਰ (ਸਮਾਜ ਵੀਕਲੀ): ਰਾਜਸਥਾਨ ਵਿਧਾਨ ਸਭਾ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਟਾਕਰੇ ਲਈ ਅੱਜ ਤਿੰਨ ਬਿੱਲਾਂ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ। ਇਸ ਤੋਂ ਪਹਿਲਾਂ ਭਾਜਪਾ ਵਿਧਾਇਕਾਂ ਨੇ ਸਦਨ ’ਚੋਂ ਵਾਕਆਊਟ ਕੀਤਾ। ਰਾਜਸਥਾਨ ਦੂਜਾ ਸੂਬਾ ਬਣ ਗਿਆ ਹੈ ਜਿਸ ਨੇ ਪੰਜਾਬ ਤੋਂ ਬਾਅਦ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਕੇ ਆਪਣੇ ਖੇਤੀ ਬਿੱਲ ਪਾਸ ਕੀਤੇ ਹਨ।
ਖੇਤੀ ਬਿੱਲਾਂ ’ਤੇ ਬਹਿਸ ਦਾ ਜਵਾਬ ਦਿੰਦਿਆਂ ਰਾਜਸਥਾਨ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਨੇ ਕਿਹਾ ਕਿ ਪੂਰਾ ਮੁਲਕ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਹੈ। ਊਨ੍ਹਾਂ ਕਿਹਾ,‘‘ਮੈਂ ਪੂਰੀ ਗਾਰੰਟੀ ਨਾਲ ਆਖ ਸਕਦਾ ਹਾਂ ਕਿ ਜ਼ਮੀਨ ਐਕੂਜ਼ੀਸ਼ਨ ਐਕਟ ਵਾਂਗ ਸਾਰੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਪਵੇਗਾ।’’ ਕੇਂਦਰੀ ਕਾਨੂੰਨਾਂ ਦਾ ਬਚਾਅ ਕਰਦਿਆਂ ਵਿਰੋਧੀ ਧਿਰ ਦੇ ਆਗੂ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਸੰਸਦ ’ਚ ਅਚਾਨਕ ਹੀ ਪੇਸ਼ ਨਹੀਂ ਕੀਤਾ ਗਿਆ ਸੀ ਸਗੋਂ ਸਾਰਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਸੀ।
ਊਨ੍ਹਾਂ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਧਿਆਨ ’ਚ ਰੱਖਿਆ ਗਿਆ ਸੀ ਜੋ ਇਕ ਮੁਲਕ, ਇਕ ਮੰਡੀ, ਠੇਕੇ ’ਤੇ ਖੇਤੀ ਅਤੇ ਅਸਿੱਧੇ ਮੰਡੀ ਟੈਕਸਾਂ ਦੇ ਖਾਤਮੇ ਦੀ ਗੱਲ ਕਰਦੇ ਹਨ। ਕਟਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਹ ਬਿੱਲ ਰਾਜਸਥਾਨ ਵਿਧਾਨ ਸਭਾ ’ਚ ਇਸ ਲਈ ਲਿਆਂਦੇ ਹਨ ਤਾਂ ਜੋ ਕਾਂਗਰਸ ਦੇ ਦਿੱਲੀ ’ਚ ਬੈਠੇ ਆਗੂਆਂ ਨੂੰ ਖੁਸ਼ ਕੀਤਾ ਜਾ ਸਕੇ।