ਨਵੀਂ ਦਿੱਲੀ (ਸਮਾਜਵੀਕਲੀ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਦੱਖਣੀ ਕੋਰੀਆ ਦੇ ਆਪਣੇ ਹਮਰੁਤਬਾ ਜਿਓਂਗ ਕਯੇਓਂਗ-ਦੂ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਫੌਜੀ ਉਪਕਰਨਾਂ ਤੇ ਮਹੱਤਵਪੂਰਨ ਪ੍ਰਣਾਲੀਆਂ ਦੇ ਸਾਂਝੇ ਉਤਪਾਦਨ ਦੀ ਸ਼ੁਰੂਆਤ ਅਤੇ ਦੁਵੱਲੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ।
ਦੋਵਾਂ ਆਗੂਆਂ ਨੇ ਸਾਂਝੇ ਸੁਰੱਖਿਆ ਹਿੱਤਾਂ ਨਾਲ ਜੁੜੇ ਖੇਤਰੀ ਮਸਲਿਆਂ ’ਤੇ ਚਰਚਾ ਕੀਤੀ। ਭਾਰਤ ਸਰਕਾਰ ਨੇ ਮਈ ਮਹੀਨੇ ਰੱਖਿਆ ਖੇਤਰ ’ਚ 74 ਫੀਸਦ ਸਿੱਧੇ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਦੇ ਕੇ ਰੱਖਿਆ ਉਤਪਾਦਨ ’ਚ ਐੱਫਡੀਆਈ ਨੇਮਾਂ ’ਚ ਛੋਟ ਦੇਣ ਦਾ ਐਲਾਨ ਕੀਤਾ ਸੀ। ਉਂਜ ਅਜੇ ਇਹ ਪਤਾ ਨਹੀਂ ਲੱਗਿਆ ਕਿ ਦੋਵਾਂ ਆਗੂਆਂ ਵਿਚਾਲੇ ਇਸ ਮੁੱਦੇ ’ਤੇ ਗੱਲ ਹੋਈ ਹੈ ਜਾਂ ਨਹੀਂ।