ਰਸੂਖ਼ਵਾਨ ਅਫ਼ਗਾਨਾਂ ਵੱਲੋਂ ਤਾਲਿਬਾਨ ਨਾਲ ਦੋਹਾ ’ਚ ਮੁਲਾਕਾਤ

ਕਤਰ ਦੀ ਰਾਜਧਾਨੀ ਦੋਹਾ ਵਿਚ ਅੱਜ ਤਿੱਖੇ ਵਿਰੋਧੀਆਂ ਸਣੇ ਵੱਡੀ ਗਿਣਤੀ ਰਸੂਖ਼ਵਾਨ ਅਫ਼ਗਾਨਾਂ ਨੇ ਤਾਲਿਬਾਨ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਅਮਰੀਕਾ ਤੇ ਬਾਗ਼ੀਆਂ ਵਿਚਾਲੇ ਵੀ ਵੱਖਰੇ ਪੱਧਰ ’ਤੇ 18 ਸਾਲ ਤੋਂ ਚੱਲੀ ਆ ਰਹੀ ਜੰਗ ਦੇ ਖ਼ਾਤਮੇ ਬਾਰੇ ਗੱਲਬਾਤ ਚੱਲ ਰਹੀ ਹੈ। ਦੋਵਾਂ ਪੱਧਰਾਂ ਦੀ ਗੱਲਬਾਤ ਨਾਲ ਵੱਡੇ ਹਿੱਤ ਜੁੜੇ ਹੋਏ ਹਨ। ਅਮਰੀਕਾ ਦਾ ਕਹਿਣਾ ਹੈ ਕਿ ਇਹ ਸਤੰਬਰ ਵਿਚ ਅਫ਼ਗਾਨ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ-ਪਹਿਲਾਂ ਸਿਆਸੀ ਸਮਝੌਤਾ ਸਿਰੇ ਚੜ੍ਹਾਉਣਾ ਚਾਹੁੰਦਾ ਹੈ। ਇਸ ਤੋਂ ਬਾਅਦ ਵਿਦੇਸ਼ੀ ਬਲਾਂ ਨੂੰ ਇੱਥੋਂ ਕੱਢਿਆ ਜਾਵੇਗਾ। ਮੁਲਾਕਾਤ ਵਾਲੇ ਲਗਜ਼ਰੀ ਹੋਟਲ ਵਿਚ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ। ਅਫ਼ਗਾਨ ਵਫ਼ਦ ਵਿਚ 70 ਜਣੇ ਸ਼ਾਮਲ ਸਨ ਤੇ ਉਨ੍ਹਾਂ ਦੇ ਫੋਨ ਮੁਲਾਕਾਤ ਵਾਲੇ ਹਾਲ ਤੋਂ ਬਾਹਰ ਹੀ ਰਖਵਾ ਲਏ ਗਏ। ਹਾਲ ਵਿਚ ਵੱਡੀ ਵੀਡੀਓ ਸਕਰੀਨ ਲੱਗੀ ਹੋਈ ਸੀ। ਇਸ ਗੱਲਬਾਤ ਦੀ ਮੇਜ਼ਬਾਨੀ ਕਤਰ ਤੇ ਜਰਮਨੀ ਦੇ ਨੁਮਾਇੰਦਿਆਂ ਨੇ ਕੀਤੀ। ਜਰਮਨੀ ਦੇ ਵਿਸ਼ੇਸ਼ ਨੁਮਾਇੰਦੇ ਮਰਕਸ ਪੋਜ਼ਲ ਇਸ ਮੌਕੇ ਹਾਜ਼ਰ ਸਨ। ਉਨ੍ਹਾਂ ਹਾਜ਼ਰੀਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਵਿਸ਼ੇਸ਼ ਮੌਕਾ ਮਿਲਿਆ ਹੈ ਤੇ ਹਿੰਸਕ ਟਕਰਾਅ ਨੂੰ ਸ਼ਾਂਤੀਪੂਰਨ ਗੱਲਬਾਤ ਵਿਚ ਬਦਲਣ ਦੀ ਜ਼ਿੰਮੇਵਾਰੀ ਸਾਰਿਆਂ ਸਿਰ ਹੈ। ਤਾਲਿਬਾਨ ਦੇ ਇਕ ਨੁਮਾਇੰਦੇ ਦੀ ਇਸ ਮੌਕੇ ਸੁਰੱਖਿਆ ਗਾਰਡ ਨਾਲ ਤਕਰਾਰ ਹੋ ਗਈ। ਅਮਰੀਕਾ ਵੱਲੋਂ ਵਿਚੋਲਗੀ ਕਰ ਰਹੇ ਜ਼ਲਮਈ ਖ਼ਲੀਲਜ਼ਾਦ ਦਾ ਕਹਿਣਾ ਹੈ ਕਿ ਅਮਰੀਕਾ-ਤਾਲਿਬਾਨ ਵਿਚਾਲੇ ਗੱਲਬਾਤ ਦਾ ਤਾਜ਼ਾ ਗੇੜ ਸੁਖ਼ਾਵਾਂ ਰਿਹਾ ਹੈ।

Previous articleਕੁੱਟਮਾਰ ਕਰਨ ਵਾਲੇ ਭਾਜਪਾ ਆਗੂਆਂ ਖ਼ਿਲਾਫ਼ ਕਾਰਵਾਈ ਹੋਵੇ: ਪ੍ਰਿਯੰਕਾ
Next articleਨਵਾਜ਼ ਖ਼ਿਲਾਫ਼ ਫ਼ੈਸਲੇ ਲਈ ਜੱਜ ਨੂੰ ‘ਮਜਬੂਰ’ ਕੀਤਾ: ਮਰੀਅਮ