(ਸਮਾਜ ਵੀਕਲੀ)
ਰਮਜ਼ਾਨ ਦਾ ਮਹੀਨਾ ਬਹੁਤ ਪਵਿੱਤਰ ਤੇ ਇਬਾਦਤ ਦਾ ਮਹੀਨਾ ਹੁੰਦਾ ਹੈ। ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਦੇ ਮੁਸਲਿਮ ਭਾਈਚਾਰੇ ਵੱਲੋਂ ਪੂਰੀ ਸ਼ਰਧਾ ਤੇ ਅਕੀਦਤ ਨਾਲ ਰਮਜ਼ਾਨ ਦੇ ਮਹੀਨੇ ਨੂੰ ਮਨਾਇਆ ਜਾਂਦਾ ਹੈ। ਰਮਜ਼ਾਨ ਦੇ ਮਹੀਨੇ ਨੂੰ ਇੱਕ ਪਵਿੱਤਰ ਮਹੀਨਾ ਇਸ ਕਰਕੇ ਮੰਨਿਆ ਜਾਂਦਾ ਹੈ ਕਿਉਂਕਿ ਇਸ ਮਹੀਨੇ ਅੱਲ੍ਹਾ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਅਤੇ ਉਸ ਦੀ ਇਬਾਦਤ ਰੋਜ਼ਾ ਰੱਖਕੇ ਕੀਤੀ ਜਾਂਦੀ ਹੈ। ਇਹ ਮਹੀਨਾ ਨਿਆਮਤਾਂ ਵਾਲਾ ਹੁੰਦਾ ਹੈ ਅਤੇ ਬਰਕਤਾਂ ਵਾਲਾ ਹੁੰਦਾ ਹੈ। ਇਹ ਮਹੀਨਾ 29 ਦਿਨ ਦਾ ਵੀ ਹੁੰਦਾ ਹੈ ਅਤੇ 30 ਦਿਨ ਦਾ ਵੀ ਹੋ ਸਕਦਾ ਹੈ। ਕਥਨ ਅਨੁਸਾਰ ਇਸ ਮਹੀਨੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਸ ਮਹੀਨੇ ਦੀ 27 ਰਾਤ ਨੂੰ ਪੈਗੰਬਰ ਹਜ਼ਰਤ ਮੁਹੰਮਦ ਸੱਲੇਆਲਾਵਾਲੇਵਾਸੱਲਲੁਮ ਨੂੰ ਪਵਿੱਤਰ ਕੁਰਾਨ ਪਾਕ ਨਾਜ਼ਿਲ ਹੋਇਆ ਸੀ।
ਵਿਸ਼ਵਾਸ ਦੇ ਅਨੁਸਾਰ ਇਸ ਰਮਜ਼ਾਨ ਦੇ ਮਹੀਨੇ ਦੇ ਬਾਰੇ ਇਹ ਆਖਿਆ ਜਾਂਦਾ ਹੈ ਕਿ ਪੈਗੰਬਰ ਹਜ਼ਰਤ ਮੁਹੰਮਦ ਸੱਲੇਆਲਾਵਾਲੇਵਾਸੱਲ ਇਸ ਮਹੀਨੇ ਮੱਕੇ ਦੇ ਕੋਲ ਹੇਰਾ ਦੀ ਗੁਫ਼ਾ ਵਿੱਚ ਜਾਂਦੇ ਸਨ ਅਤੇ ਕਈ ਕਈ ਦਿਨ ਅੱਲ੍ਹਾ ਦੀ ਇਬਾਦਤ ਕਰਦੇ ਸਨ। ਇੱਕ ਦਿਨ ਉਨ੍ਹਾਂ ਨਾਲ ਹੈਰਤ ਵਾਲਾ ਭਾਵ ਹੈਰਾਨੀ ਵਾਲਾ ਕਿੱਸਾ ਵਾਪਰਿਆ, ਉਨ੍ਹਾਂ ਦੇ ਸਾਹਮਣੇ ਅਸਮਾਨ ਤੋਂ ਇੱਕ ਫਰਿਸ਼ਤਾ ਆਇਆ ਜਿਸ ਦਾ ਨਾਮ ਸੀ ਜਿਬਰਾਈਲ ਅਤੇ ਉਹਨਾਂ ਨੇ ਅੱਲ੍ਹਾ ਦਾ ਪਹਿਲਾ ਪੈਗ਼ਾਮ ਪੈਗੰਬਰ ਹਜ਼ਰਤ ਮੁਹੰਮਦ ਸੱਲੇਆਲਾਵਾਲੇਵਾਸੱਲਲੁਮ ਨੂੰ ਸੁਣਾਇਆ, ਕਿਉਂਕਿ ਇਸ ਮਹੀਨੇ ਕੁਰਾਨ ਦੀ ਪਹਿਲੀ ਆਇਤ ਉਤਰਨੀ ਸ਼ੁਰੂ ਹੋਈ ਸੀ।
ਇਸੇ ਕਾਰਨ ਇਸ ਨੂੰ ਪਵਿੱਤਰ ਮਹੀਨਾ ਕਿਹਾ ਜਾਂਦਾ ਹੈ। ਇਸ ਲਈ ਉਨ੍ਹਾਂ ਨੇ ਇਸ ਮਹੀਨੇ ਨੂੰ ਖਾਲੀ ਸਮੇਂ ਵਿੱਚ ਅੱਲ੍ਹਾ ਦੀ ਇਬਾਦਤ ਕਰਨ ਲਈ ਕਿਹਾ ਕਿ ਇਹੀ ਸਮਾਂ ਹੈ ਕਿ ਅੱਲ੍ਹਾ ਦੀ ਇਬਾਦਤ ਪੂਰੀ ਸ਼ਿੱਦਤ ਅਤੇ ਲਗਨ ਨਾਲ ਕੀਤੀ ਜਾ ਸਕਦੀ ਹੈ। ਇਸ ਮਹੀਨੇ ਮੁਸਲਿਮ ਲੋਕ ਰੋਜ਼ੇ ਜਿਸ ਨੂੰ ਅਸੀਂ ਵਰਤ ਅਤੇ ਉਪਵਾਸ ਵੀ ਆਖ ਸਕਦੇ ਹਾਂ, ਅਰਬੀ ਵਿੱਚ ਇਸ ਨੂੰ ਸੋਮ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਮਾਹੇਸਿਆਮ ਵੀ ਕਿਹਾ ਜਾਂਦਾ ਹੈ।
ਫ਼ਾਰਸੀ ਵਿੱਚ ਇਸ ਲਈ ਰੋਜ਼ਾ ਸ਼ਬਦ ਵਰਤਿਆ ਜਾਂਦਾ ਹੈ। ਮੁਸਲਿਮ ਲੋਕ ਰੋਜ਼ੇ ਰੱਖਦੇ ਹਨ ਭਾਵ ਕਿ ਉਹ ਸਾਰਾ ਦਿਨ ਕੁੱਝ ਨਹੀਂ ਖਾਂਦੇ ਹਨ। ਇਸ ਮਹੀਨੇ ਦੇ ਵਿੱਚ ਨਮਾਜ਼ ਪੜ੍ਹੀ ਜਾਂਦੀ ਹੈ , ਤਰਾਬੀਆਂ ਪੜ੍ਹੀਆਂ ਜਾਂਦੀਆਂ ਹਨ ,ਕੁਰਾਨ ਸ਼ਰੀਫ਼ ਪੜ੍ਹਿਆ ਜਾਂਦਾ ਹੈ ਅਤੇ ਦਾਨ ਪੁੰਨ ਕੀਤਾ ਜਾਂਦਾ ਹੈ। ਗ਼ਰੀਬਾਂ ਨੂੰ ਜ਼ਕਾਤ ਦਿੱਤੀ ਜਾਂਦੀ ਹੈ ਤੇ ਬੁਰਾਈਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਵੱਧ ਤੋਂ ਵੱਧ ਜ਼ਰੂਰਤਮੰਦ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾਂਦਾ ਹੈ।
ਰੋਜ਼ਾ ਰੱਖਣ ਦੇ ਲਈ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਭਾਵ ਸਰਘੀ ਵੇਲੇ ਖਾਣਾ ਖਾਇਆ ਜਾਂਦਾ ਹੈ, ਇਸ ਨੂੰ ਸਿਹਰੀ ਕਿਹਾ ਜਾਂਦਾ ਹੈ। ਸਾਰਾ ਦਿਨ ਕੁੱਝ ਨਹੀਂ ਖਾਇਆ ਜਾਂਦਾ ਖ਼ੁਦਾ ਦੀ ਇਬਾਦਤ ਕੀਤੀ ਜਾਂਦੀ ਹੈ। ਰੋਜ਼ਾ ਰੱਖਣ ਤੋਂ ਬਾਅਦ ਸ਼ਾਮ ਨੂੰ ਰੋਜ਼ਾਦਾਰ ਆਪਣਾ ਰੋਜ਼ਾ ਖਜੂਰ ਖਾ ਕੇ ਅਤੇ ਪਾਣੀ ਪੀ ਕੇ ਇਫ਼ਤਾਰ ਕਰਦੇ ਹਨ, ਕਿਉਂਕਿ ਇਸਲਾਮਿਕ ਧਾਰਨਾ ਅਨੁਸਾਰ ਖ਼ੁਦਾ ਨੇ ਰੋਜ਼ਾ ਖੋਲ੍ਹਣ ਲਈ ਸਭ ਤੋਂ ਪਹਿਲਾਂ ਖਜੂਰ ਖਾਣ ਲਈ ਆਖਿਆ ਸੀ। ਰੋਜ਼ਾ ਇਫ਼ਤਾਰ ਕਰਨ ਦੇ ਸਮੇਂ ਲੋਕ ਵੰਨ ਸੁਵੰਨੇ ਖਾਣੇ ਖਾਂਦੇ ਹਨ ਅਤੇ ਅੱਲ੍ਹਾ ਦਾ ਸ਼ੁਕਰ ਅਦਾ ਕਰਦੇ ਹਨ।
ਰਮਜ਼ਾਨ ਦੇ ਮਹੀਨੇ ਦੇ ਵਿਚ ਜਦੋਂ ਰੋਜ਼ੇ ਖ਼ਤਮ ਹੋ ਜਾਂਦੇ ਹਨ ਤਾਂ ਫਿਰ ਜਦੋਂ ਚੰਦ ਨਿਕਲ ਆਉਂਦਾ ਹੈ ਤਾਂ ਰਮਜ਼ਾਨ ਦਾ ਮਹੀਨਾ ਖ਼ਤਮ ਹੋ ਜਾਂਦਾ ਹੈ ਤੇ ਰੋਜ਼ਿਆਂ ਦੇ ਖ਼ਤਮ ਹੋਣ ਤੋਂ ਬਾਅਦ ਜਿਹੜਾ ਤਿਉਹਾਰ ਮਨਾਇਆ ਜਾਂਦਾ ਹੈ ਉਹ ਹੈ ਈਦ ਉਲ ਫਿਤਰ। ਇਹ ਤਿਉਹਾਰ ਬਹੁਤ ਹੀ ਖੁਸ਼ੀਆਂ ਤੇ ਖੇੜਿਆਂ ਨਾਲ ਮਨਾਇਆ ਜਾਂਦਾ ਹੈ। ਇਸ ਨੂੰ ਸੈਵੀਆਂ ਦੀ ਈਦ ਅਤੇ ਮਿੱਠੀ ਈਦ ਕਰਕੇ ਵੀ ਜਾਣਿਆ ਜਾਂਦਾ ਹੈ। ਲੋਕ ਇਸ ਦਿਨ ਨਵੇਂ ਕੱਪੜੇ ਪਾਉਂਦੇ ਹਨ, ਮਸਜਿਦ ਜਾਂਦੇ ਹਨ, ਨਮਾਜ਼ ਪੜ੍ਹਦੇ ਹਨ, ਇਕ ਦੂਸਰੇ ਦੇ ਗਲੇ ਲੱਗਦੇ ਹਨ।
ਈਦ ਵਾਲੇ ਦਿਨ ਲੋਕ ਘਰਾਂ ਦੀ ਸਫ਼ਾਈ ਕਰਕੇ ਰੱਖਦੇ ਹਨ। ਆਪਣੇ ਬੱਚਿਆਂ ਨੂੰ ਨਵੇਂ ਤੋਂ ਨਵੇਂ ਕੱਪੜੇ ਲੈ ਕੇ ਦਿੰਦੇ ਹਨ। ਮਸਜਿਦ ਵਿਚ ਜਾਂਦੇ ਹਨ, ਗਲੇ ਮਿਲਦੇ ਹਨ, ਪਿਆਰ ਨਾਲ ਰਹਿੰਦੇ ਹਨ ਅਤੇ ਇਵੇਂ ਲੱਗਦਾ ਹੈ ਜਿਵੇਂ ਗਿਲੇ ਸ਼ਿਕਵੇ ਤੇ ਦੁੱਖ ਤਕਲੀਫ਼ਾਂ ਦੂਰ ਹੋ ਗਈਆਂ ਹੋਣ। ਰੁੱਸੇ ਲੋਕ ਆਪਣੀਆਂ ਨਾਰਾਜ਼ਗੀਆਂ ਨੂੰ ਭੁਲਾ ਕੇ ਸ਼ਿਕਵੇ ਦੂਰ ਕਰਦੇ ਹਨ ਅਤੇ ਵੱਧ ਤੋਂ ਵੱਧ ਨੇਕੀ ਦੇ ਕੰਮ ਕਰਦੇ ਹਨ ਅਤੇ ਇਮਾਨ ਲਿਆਉਂਦੇ ਹਨ। ਇਸ ਤਰ੍ਹਾਂ ਪੂਰੀ ਦੁਨੀਆਂ ਦੇ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਰਮਜ਼ਾਨ ਤੇ ਈਦ ਦਾ ਤਿਉਹਾਰ ਬਹੁਤ ਹੀ ਸ਼ਿੱਦਤ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਡਾ. ਸਨੋਬਰ
9419127228
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly