(ਸਮਾਜ ਵੀਕਲੀ)
ਸਾਡੀਆਂ ਫਾਹੀਆਂ ‘ਚ ਵਟ ਜਾਣ
ਬੱਚੇ ਪਰਦੇਸੀਂ ਤੁਰਦੇ ਜਾਣ
ਘਰ ਇਕੱਲੇ ਜਿਹੇ ਰਹਿੰਦੇ ਜਾਪਣ
ਸਾਡੇ ਸੁਪਨੇ ਮਰਨ ਲੱਗ ਜਾਣ
ਜਦੋਂ ਖੇਤ ਰੋਂਦੇ ਨੇ
ਸਾਡੀਆਂ ਫ਼ਸਲਾਂ ਰੋਂਦੀਆਂ ਨੇ
ਬਜ਼ੁਰਗ ਸਾਨੂੰ ਵੇਖ ਕੇ ਵੀ
ਅੰਦਰੋਂ ਚੁੱਪ ਚੁੱਪ ਰੋਣ
ਤੇ ਬੇਇਨਸਾਫ਼ੀਆਂ ਦੇ ਪਾਣੀ
ਸਿਰਾਂ ਤੋਂ ਲੰਘ ਜਾਣ
ਸਾਡੀ ਇਸ ਹੋਣੀ ਲਈ
ਦਿੱਲੀ ਹਰ ਹੀਲੇ ਜ਼ਿੰਮੇਵਾਰ ਹੁੰਦੀ ਹੈ
ਹੁਣ ਦਿੱਲੀ ਨੂੰ ਕਟਹਿਰੇ ‘ਚ
ਖੜਾ ਕਰਨਾ ਬਣਦਾ ਹੈ
ਹੁਣ ਦਿੱਲੀ ਵੱਲ ਤੁਰਨਾ ਪਵੇਗਾ
ਯਾਰੋ! ਦਿੱਲੀ ਵੱਲ ਤੁਰਨਾ ਪਵੇਗਾ
ਜੇ ਚਾਹੁੰਦੇ ਹੋ ਸਾਡੀ ਮਿੱਟੀ
ਤੇ ਖੇਤ ਬਚੇ ਰਹਿਣ
ਖੇਤਾਂ ਵਿੱਚ ਫ਼ਸਲਾਂ ਬਚੀਆਂ ਰਹਿਣ
ਸਾਡੇ ਉੱਜੜ ਉੱਜੜ ਜਾਂਦੇ ਘਰਾਂ ਵਿੱਚ
ਸਾਡੀਆਂ ਨਸਲਾਂ ਬਚੀਆਂ ਰਹਿਣ
ਸਭ ਦੇ ਮੂੰਹ ਅੰਨ ਪੈਂਦਾ ਰਹੇ
ਸਾਡਾ ਇਤਿਹਾਸ,
ਸਾਡੇ ਯੋਧਿਆਂ ਦਾ ਇਤਿਹਾਸ,
ਸਾਡੀਆਂ ਵਾਰਾਂ ਬਚੇ ਰਹਿਣ
ਮਾਂਵਾਂ ਦੇ ਗੀਤ ਤੇ ਲੋਰੀਆਂ ਜਿਊਂਦੇ ਰਹਿਣ
ਸਾਡੇ ਲੋਕ ਗੀਤ ਬਚੇ ਰਹਿਣ
ਤੇ ਜੇ ਚਾਹੁੰਦੇ ਹੋ ਸਾਡੇ ਖ਼ੂਨ ‘ਚ
ਸਾਡੇ ਯੋਧੇ ਸਮਾਏ ਰਹਿਣ
ਜੇ ਚਾਹੁੰਦੇ ਹੋ ਸਾਡੀ ਦਸਤਾਰ
ਸਿਰ ‘ਤੇ ਸੋਂਹਦੀ ਰਹੇ
ਤਾਂ ਮੇਰੇ ਦੋਸਤੋ ਦਿੱਲੀ ਚੱਲੋ !
ਤੇ ਯੋਧਿਓ ! ਇਤਿਹਾਸ ਗਵਾਹ ਹੈ ਸਾਡਾ
ਜਦੋਂ ਦਿੱਲੀ ਦੇ ਜ਼ੁਲਮ ਦੀ ਅੱਤ ਹੁੰਦੀ ਹੈ
ਤੇ ਜਦੋਂ ਸਾਡੇ ਧੜਾਂ ਉੱਤੇ ਸੀਸ ਵੀ ਹੁੰਦਾ ਹੈ
ਅਸੀਂ ਦਿੱਲੀ ਵੱਲ ਆਪੇ ਤੁਰਦੇ ਹਾਂ
ਅਸੀਂ ਤਲਵਾਰਾਂ ਵੱਲ ਆਪ ਤੁਰਦੇ ਹਾਂ
ਅਸੀਂ ਆਰਿਆਂ ਤੇ ਉੱਬਲਦੀਆਂ ਦੇਗਾਂ ਵੱਲ
ਆਪ ਤੁਰਦੇ ਹਾਂ
ਚਲੋ ਸਮਾਂ ਫਿਰ ਸਾਨੂੰ ਪੁਕਾਰਦਾ ਹੈ
ਚਲੋ ਯਾਰੋ ਦਿੱਲੀ ਚੱਲੀਏ
ਚਲੋ ਯੋਧਿਓ ! ਦਿੱਲੀ ਚੱਲੀਏ
ਇਹ ਦਿੱਲੀ ਸੰਵਿਧਾਨ ਦੇ ਨਕਾਬ ਥੱਲੇ
ਅਮੀਰਾਂ ਦਾ ਪੱਖ ਪੂਰਦੀ
ਇਸ ਦੇ ਸ਼ਬਦਾਂ ਦੇ ਹੇਰ ਫੇਰ ਵਾਲ਼ੇ ਵਲ਼ ਛਲ
ਸਾਡੇ ਬਾਪੂਆਂ ਦੀਆਂ ਲਪੇਟੀਆਂ
ਢਿੱਲੀਆਂ ਦਸਤਾਰਾਂ ਦੇ ਵਲ਼ਾਂ ਨੂੰ ਸਮਝ ਨਾ ਪੈਂਦੇ
ਇਹ ਤਖ਼ਤ ਹਮੇਸ਼ਾ ਸਾਡੀ ਬੇਵੱਸੀ ਭਾਲ਼ਦੇ
ਸਾਡੀ ਗ਼ਰੀਬੀ ਭਾਲ਼ਦੇ
ਸਾਡਾ ਥੱਕਣਾ ਟੁੱਟਣਾ ਭਾਲ਼ਦੇ
ਇਹ ਸਾਨੂੰ ‘ਕੱਲੇ ‘ਕੱਲੇ ਰੱਖਣਾ ਭਾਲ਼ਦੇ
ਇਹ ਸਾਡਾ ਤਿਲ ਤਿਲ ਮਰਨਾ ਭਾਲ਼ਦੇ
ਚਲੋ ਉਠੋ ਯਾਰੋ! ਅਸੀਂ ਹੁਣ ਤਿਲ ਤਿਲ ਨਹੀਂ ਮਰਾਂਗੇ
ਦਿੱਲੀ ਵੱਲ ਤੁਰਨਾ ਹੀ ਸਾਡੇ ਖੇਤਾਂ ਦੀ ਰਾਖੀ ਹੈ
ਸਾਡੇ ਧੀਆਂ ਪੁੱਤਰਾਂ ਦੀ ਸਲਾਮਤੀ ਹੈ
ਇਹਨਾਂ ਖੇਤਾਂ ‘ਚ
ਸਾਡੇ ਬਲਦਾਂ, ਸਾਡੇ ਸਾਂਝੀਆਂ,
ਸਾਡੇ ਹਾਲ਼ੀਆਂ, ਸਾਡੇ ਯੋਧਿਆਂ ਦਾ
ਪਸੀਨਾ ਹੀ ਨਹੀਂ
ਲਹੂ ਡੁੱਲ੍ਹਦਾ ਆਇਆ ਹੈ
ਤੇ ਐਵੇਂ ਹੀ ਨਹੀਂ ਹੈ ਸੁਰਖ ਰੰਗ ਇਹਨਾਂ ਖੇਤਾਂ ਦਾ
ਤੇ ਅਸੀਂ ਕਦੇ ਵੀ ਇਹਨਾਂ ਦਾ ਰੰਗ
ਫਿੱਕਾ ਨਹੀਂ ਪੈਣ ਦਵਾਂਗੇ
ਜਿੰਨਾ ਚਿਰ ਸਾਡੇ ਲਹੂ ਦਾ ਰੰਗ ਲਾਲ ਹੈ
ਅਸੀਂ ਰਲ ਕੇ ਆਪਣਾ ਸਾਰਾ ਲਹੂ
ਅਰਪਣ ਕਰ ਦੇਵਾਂਗੇ
ਇਹਨਾਂ ਖੇਤਾਂ ਦੀ ਲਾਲੀ ਲਈ
ਦਿੱਲੀ ਵੱਲ ਕੂਚ ਕਰਨਾ ਇਤਿਹਾਸ ਸਿਰਜਣਾ ਹੈ
ਹੁਣ ਵਰਤਮਾਨ ਇਹੀ ਚਾਹੁੰਦਾ ਹੈ
ਤੇ ਹੁਣ ਦਿੱਲੀ ਵੱਲ ਤੁਰਨਾ
ਸਾਡੇ ਜਿਊਂਦੇ ਹੋਣ ਦਾ ਹਸਤਾਖ਼ਰ ਹੈ
ਸਾਡੀਆਂ ਰਗਾਂ ‘ਚ ਸਾਡੇ ਪੁਰਖਿਆਂ ਦੇ ਦੌੜਦੇ
ਖ਼ੂਨ ਦਾ ਗਵਾਹ ਹੈ
ਚਲੋ ਯਾਰੋ ! ਦਿੱਲੀ ਵੱਲ ਹੋ ਤੁਰੀਏ
ਅਸੀਂ ਸਭ ਧਰਤੀ ਦੇ ਪੁੱਤਰ ਪਹਿਲਾਂ ਹਾਂ
ਸਰਦਾਰ, ਲਾਲਾ ਤੇ ਮੀਆਂ ਬਾਅਦ ‘ਚ
ਅਸੀਂ ਜੇ ਆਪਣੇ ਹਰ ਅੰਗ ‘ਚੋਂ
ਹਾਕਮਾਂ ਦਾ ਫੈਲਾਇਆ ਫ਼ਿਰਕੂ ਜ਼ਹਿਰ
ਬੇਅਸਰ ਕਰਨਾ ਹੈ
ਤਾਂ ਇਕੱਠੇ ਹੋ ਕੇ ਤੁਰਨਾ ਹੈ
ਤੇ ਦਿੱਲੀ ਵੱਲ ਤੁਰਨਾ ਹੈ
ਤੁਸੀਂ ਤੁਰੋਗੇ ਤਾਂ ‘ਕੱਲੇ ਨਹੀਂ ਰਹੋਗੇ
ਤੁਸੀਂ ਕਾਫ਼ਲਾ ਬਣੋਗੇ
ਇਸ ਕਾਫ਼ਲੇ ‘ਚ ਹੀ ਤਾਕਤ ਹੈ
ਇਹੀ ਤਾਕਤ ਦਿੱਲੀ ਦਾ ਹੰਕਾਰ ਮਿੱਟੀਏ ਰੋਲ਼ਦੀ ਹੈ
ਚਲੋ ਯਾਰੋ ਦਿੱਲੀ ਚੱਲੀਏ
ਅਸੀਂ ਹੰਕਾਰ ਨੂੰ ਮਿੱਟੀਏ ਰੋਲਣਾ ਹੈ।
ਯੋਧਿਆਂ ਦੇ ਇਤਿਹਾਸ ਮੈਲ਼ੇ ਨਾ ਹੋਣ
ਯੋਧਿਆਂ ਦੀਆਂ ਵਾਰਾਂ ਦੀ ਬੇਪਤੀ ਨਾ ਹੋਵੇ
ਸੂਰਬੀਰ ਮਾਂਵਾਂ ਦੀਆਂ ਕੁੱਖਾਂ ਪਾਵਨ ਰਹਿਣ
ਸਾਡੇ ਧੀਆਂ ਪੁੱਤਰਾਂ ਦੇ ਸੁਪਨਿਆਂ ਦਾ
ਕੋਈ ਚੀਰ ਹਰਣ ਨਾ ਕਰੇ
ਸਾਡੇ ਖੇਤਾਂ ਦੇ ਪਿੰਡਿਆਂ ਉੱਤੇ ਕੋਈ ਝਰੀਟ ਨਾ ਪਾ ਸਕੇ
ਸਾਡੀਆਂ ਮਾਵਾਂ ਦੇ ਘਰ ਵੱਸਦੇ ਰਹਿਣ
ਤਾਂ ਲਹੂ ਨਾਲ਼ ਮੋਹ ਨਹੀਂ ਪਾਲ਼ ਹੁੰਦੇ
ਤੇ ਏਸ ਲਈ
ਦਿੱਲੀ ਦੇ ਭੈਅ ਤੋਂ ਮੁਕਤ ਹੋਣਾ ਪੈਂਦਾ ਹੈ
ਤੇ ਯਾਰੋ ਦਿੱਲੀ ਦੇ ਵੱਲ ਹੀ ਤੁਰਨਾ ਪੈਂਦਾ ਹੈ
ਅਸੀਂ ਤੁਰਨਾ ਵਾਵਰੋਲੇ ਵਾਂਗ ਵੀ ਨਹੀਂ ਹੈ
ਤੂਫ਼ਾਨ ਹੋ ਕੇ ਤੁਰਨਾ ਹੈ
ਅਸੀਂ ਸ਼ਾਂਤ ਸਾਗਰਾਂ ‘ਚ ਉੱਠੇ
ਜਵਾਰਭਾਟੇ ਹਾਂ
ਫਿਰ ਵੀ ਅਸੀਂ ਸਬਰਾਂ ਤੋਂ ਅੱਗੇ ਦਾ ਸਫ਼ਰ
ਤੈਅ ਨਹੀਂ ਕਰਨਾ ਹੈ
ਕਿਉਂਕਿ ਅਸੀਂ ਧਰਤ ਨੂੰ ਸੌਂਪੇ ਬੀਜ ਨੂੰ
ਮੁੜ ਬੀਜ ਹੋਣ ਤੱਕ ਉਡੀਕ ਕੇ
ਡਾਢਾ ਸਬਰ ਸਿੱਖਿਆ ਹੈ
ਪਰ ਅਸੀਂ ਹੁਣ ਤੁਰਨਾ ਹੈ
ਕਿਉਂਕਿ ਸਬਰ ਸੌਂ ਜਾਣਾ ਵੀ ਨਹੀਂ ਹੁੰਦਾ
ਸਭ ਹਕੂਮਤਾਂ ਦਿੱਲੀ ਨੇ
ਤੇ ਕੋਈ ਸ਼ਹਿਰ ਵੀ ਦਿੱਲੀ ਹੋ ਸਕਦਾ ਹੈ
ਇਸ ਦਿੱਲੀ ਦਾ ਕੋਈ ਵੀ ਨਾਂ ਹੋ ਸਕਦਾ ਹੈ
ਇਹ ਇਸ ਧਰਤ ‘ਤੇ ਕਿਤੇ ਵੀ ਹੋ ਸਕਦਾ ਹੈ
ਇਹ ਲਾਹੌਰ ਵੀ ਹੋ ਸਕਦਾ ਹੈ
ਤੇ ਸਰਹਿੰਦ ਵੀ
ਇਹ ਜ਼ਾਰ ਦਾ ਮਾਸਕੋ ਤੇ
ਚਰਚਿਲ ਦਾ ਲੰਡਨ ਵੀ ਹੋ ਸਕਦਾ ਹੈ
ਇਹ ਵਾਸ਼ਿੰਗਟਨ ਵੀ ਹੋ ਸਕਦਾ ਹੈ
ਸਾਡੇ ਮੱਥਿਆਂ ‘ਚ ਜਦੋਂ ਵੀ ਨੂਰ ਹੋਵੇਗਾ
ਸਾਨੂੰ ਜੰਮਦਿਆਂ ਨੂੰ ਮੁਹਿੰਮਾਂ ਨੇ
ਸਾਡੇ ਪੈਰਾਂ ਹੇਠਾਂ ਕੋਈ ਅਗਨ ਰਹਿਣੀ ਹੈ
ਸਾਡੇ ਪੈਰ ਪੈਰ ‘ਤੇ ਦਿੱਲੀ ਰਹੀ ਹੈ ਤੇ ਰਹਿਣੀ ਹੈ
ਪਰ ਅਸੀਂ ਉਹੀ ਹਾਂ
ਮੁਹਿੰਮਾਂ ਸੰਘਰਸ਼ਾਂ ਦੇ ਹਮਰੁਤਬਾ
ਸਾਕਿਆਂ ਦੇ ਵਾਰਸ
ਅਸੀਂ ਹਰ ਦਿੱਲੀ ਨਾਲ਼ ਮੱਥਾ ਲਾਉਣਾ ਹੈ
ਅਸੀਂ ਹਰ ਹਨ੍ਹੇਰਾ ਵੰਡਦੀ ਦਿੱਲੀ ਨੂੰ ਵੰਗਾਰਨਾ ਹੈ
ਦਿੱਲੀਆਂ ਵੱਲ ਤੁਰਨਾ ਹੀ
ਸਾਡਾ ਜੂਝਣਾ ਹੁੰਦਾ ਹੈ
ਦਿੱਲੀ ਨੂੰ ਅਸੀਂ ਦਬਾਉਣਾ ਨਹੀਂ
ਦਿੱਲੀ ਨੂੰ ਜੀਣਾ ਸਿਖਾਉਣਾ ਹੈ
ਜਿਊਣ ਦੇਣਾ ਸਿਖਾਉਣਾ ਹੈ
ਅਸੀਂ ਦਿੱਲੀ ਰੁਕਣਾ ਨਹੀਂ ਹੈ
ਅਸੀਂ ਦਿੱਲੀ ਰੁਕੇ ਵੀ ਨਹੀਂ
ਅਸੀਂ ਦਿੱਲੀ ਦੇ ਨਹੀਂ ਹੋ ਸਕਦੇ
ਸਾਨੂੰ ਸਾਡੇ ਖੇਤ ਉਡੀਕਦੇ ਹੁੰਦੇ
ਖੇਤਾਂ ਦੀ ਸੁਰਖ ਤੇ ਵੱਤਰ ਭੋਇੰ ਉਡੀਕਦੀ ਹੁੰਦੀ
ਸਾਡੇ ਹਲ਼, ਕਹੀਆਂ, ਰੰਬੇ, ਦਾਤਰੀਆਂ
ਉਡੀਕਦੇ ਹੁੰਦੇ
ਸਾਡੇ ਹੱਥ ਤਾਂ ਅੱਕੇ ਹੋਏ ਹੀ
ਕਰਤਾਰਪੁਰ ਖੇਤੀ ਕਰਦੇ ਕਰਦੇ
ਚਮਕੌਰ ਦੀ ਗੜ੍ਹੀ ਵਿੱਚ ਜੂਝਣ ਤੁਰ ਪੈਂਦੇ ਨੇ
ਦਿੱਲੀਏ!
ਅਸੀਂ ਤਾਂ ਹੱਥਾਂ ‘ਚ ਰਬਾਬ ਹੀ ਰੱਖਣੀ ਸੀ
ਪਰ ਤੇਰੇ ਕੰਨੀਂ ਸਿੱਕਾ ਢਲ਼ਿਆ ਰਹਿੰਦਾ ਹੈ
ਤੇ ਇਹ ਤੇਰੇ ਦਮਨ ਦੀ ਹੀ ਅਗਨ ਹੈ
ਕਿ ਰਬਾਬ ਇਸਪਾਤੀ ਸ਼ਮਸ਼ੀਰ ਵਿੱਚ ਵਟ ਗਈ
ਰਬਾਬ ਹੁਣ ਵੀ
ਸਾਡੀ ਰੂਹ ਵਿੱਚ ਹੀ ਵੱਸਦੀ ਹੈ, ਗਾਉਂਦੀ ਹੈ
ਪਰ ਦਿੱਲੀਏ ! ਤੂੰ ਸਾਡੀ ਰੂਹ ਨਹੀਂ ਵੇਖਦੀ
ਸਾਡੇ ਹੱਥੀਂ ਸ਼ਮਸ਼ੀਰ ਹੀ ਵੇਖਦੀ
ਤੇ ਇਸ ਨੂੰ ਹਰ ਵਾਰ ਵੰਗਾਰ ਗਰਦਾਨਦੀ
ਦਿੱਲੀਏ !
ਗੁਰੂ ਤੇ ਗੁਰੂ ਦਾ ਫਲਸਫ਼ਾ
ਪੌਣ ਵਾਂਗ ਸਾਡੇ ਸੀਨੇ ‘ਚ ਵੀ ਹੈ,
ਸਾਡੇ ਦੁਆਲ਼ੇ ਵੀ,
ਤੇ ਸਾਡੀ ਕਰਨੀ ਵਿੱਚ ਵੀ
ਪਾਣੀ ਪਿਤਾ ਸਾਡੇ ਖੇਤਾਂ ਦੀ ਤੇ ਸਾਡੀ ਢੋਈ ਹੈ
ਸਾਡੀਆਂ ਧੀਆਂ, ਸਾਡੀਆਂ ਭੈਣਾਂ, ਸਾਡੀਆਂ ਮਾਂਵਾਂ
ਮਾਤਾ ਭਾਗੋਆਂ ਬਣ ਸਾਡੇ ਨਾਲ਼ ਖਲੋਤੀਆਂ ਨੇ
ਤੇ ਸਾਨੂੰ ਹੁਣ ਬੇਦਾਵਾ ਨਹੀਂ ਲਿਖਣ ਦੇਣਗੀਆਂ
ਸਾਡੀ ਸਭ ਦੀ ਮਾਤਾ ਧਰਤ ਹਰ ਵੇਲ਼ੇ
ਸਾਡੇ ਅੰਗ ਸੰਗ ਹੈ
ਤੇ ਹਰ ਦਿੱਲੀ ‘ਚ ਤੇ ਸਾਡੇ ਖੇਤਾਂ ‘ਚ ਸਾਡੇ ਨਾਲ਼ ਹੈ
ਉਹ ਸਾਡੇ ਕਦਮਾਂ ਦੇ ਨਾਲ਼ ਨਾਲ਼ ਤੁਰਦੀ ਹੈ
ਅਸੀਂ ਅੱਜ ਖੇਤਾਂ ਦੇ ਧੀਆਂ ਪੁੱਤਰ
ਜਦੋਂ ਆਪਣੇ ਖੇਤਾਂ ਦੀ ਪਾਵਨਤਾ ਲਈ ਡਟ ਗਏ ਹਾਂ
ਅਸੀਂ ਹਰ ਧਰਮ ਤੋਂ ਉੱਪਰ ਉੱਠ
ਨਿਰੋਲ ਧਰਤ ਦੇ ਪੁੱਤਰ ਰਹਿ ਗਏ ਹਾਂ
ਸਾਡੇ ਚਿਹਰਿਆਂ ‘ਤੇ ਹਰਿਆਵਲ ਹੈ
ਅਸੀਂ ਫ਼ਸਲਾਂ ਵਾਂਗ ਲਹਿਲਹਾ ਰਹੇ ਹਾਂ
ਏਕਤਾ ਏਕਤਾ ਦਾ ਗੀਤ ਗਾ ਰਹੇ ਹਾਂ
ਸਾਡੇ ਤਿਲ ਫੁੱਲ ਨਾਲ਼ ਵੀ ਅਤੁੱਟ ਲੰਗਰ ਵਰਤ ਰਹੇ
ਜੂਠੇ ਬਰਤਨ ਮੱਥੇ ਨਾਲ਼ ਛੁਹਾ ਛੁਹਾ ਮਾਂਜੇ ਜਾ ਰਹੇ
ਦੂਰ ਦੇਸ਼ ਦੀਆਂ ਧੀਆਂ ਆਖਦੀਆਂ
ਇਹ ਪੰਜਾਬ ਉਹਨਾਂ ਦੇ ਨੇੜੇ ਕਿਉਂ ਨਹੀਂ ਹੈ ?
ਮਿੱਤਰ ਪਿਆਰਿਓ! ਕੋਈ ਪਿੱਛੇ ਨਹੀਂ ਰਹੇਗਾ
ਅਸੀਂ ਦਿੱਲੀ ਦੇ ਦਰ ‘ਤੇ ਚੌਂਕੜਾ ਮਾਰ ਡਟਾਂਗੇ
ਦਿੱਲੀਏ !
ਅਸੀਂ ਫਿਰ ਤੇਰੇ ਵੱਲ ਤੁਰੇ ਹਾਂ
ਦਰਿਆਵਾਂ ਦੇ ਜਾਏ ਦਰਿਆ ਬਣ ਤੁਰੇ ਹਾਂ
ਦਰਿਆਵਾਂ ਅੱਗੇ ਤਖ਼ਤ ਵਹਿ ਜਾਣਗੇ
ਸਾਡੇ ਕੰਨਾਂ ‘ਚ ਘੋੜਿਆਂ ਦੀਆਂ ਟਾਪਾਂ ਸੁਣਦੀਆਂ ਨੇ
ਸਾਡਾ ਇਤਿਹਾਸ ਸਾਡੇ ਸਿਰ ‘ਤੇ ਹੱਥ ਧਰ
ਉਪਦੇਸ਼ ਅਲਾਹ ਰਿਹਾ ਹੈ
ਸਾਡਾ ਜੋਸ਼ ਸਾਡਾ ਪਰਚਮ ਹੈ
ਸਾਡਾ ਵੇਗ ਸਾਡੀ ਸ਼ਮਸ਼ੀਰ ਹੈ
ਸਾਡੀ ਜਿੱਤ ਅਟੱਲ ਹੈ
ਤੇ ਸਾਡੀ ਜਿੱਤ ਦੇ ਜਸ਼ਨ ਨਹੀਂ ਹੁੰਦੇ
ਕਰਤਾਰ ਦੇ ਸ਼ੁਕਰਾਨੇ ਦੀ ਅਰਦਾਸ ਹੁੰਦੀ ਹੈ
ਹਾਰੇ ਹੋਏ ਵੀ ਸਾਡਾ ਅੰਗ ਬਣਦੇ
ਸਾਡੇ ਭਰਾ ਭੈਣ ਬਣਦੇ
ਦਿੱਲੀਏ !
ਤੇਰੇ ਜ਼ੁਲਮ ਹਰ ਵਾਰੀ ਹਾਰ ਜਾਂਦੇ ਰਹੇ ਨੇ
ਤੂੰ ਜਦੋਂ ਵੀ ਸੋਚਿਆ ਕਿ
ਅਸੀਂ ਸਭ ਕੁਝ ਹਰ ਗਏ
ਅਸੀਂ ਥੱਕ ਟੁੱਟ ਗਏ
ਯਾਦ ਰੱਖ ਅਸੀਂ ਤਾਂ
ਆਪਣੇ ਸਾਰੇ ਯੋਧੇ ਪੁੱਤਰਾਂ ਦੀ ਸ਼ਹੀਦੀ ਸੁਣ ਕੇ
ਪਹਿਲਾਂ ਤੀਰ ਦੀ ਨੋਕ ਨਾਲ਼ ਜ਼ੁਲਮ ਦੀ ਜੜ੍ਹ ਪੁੱਟੀ
ਤੇ ਫਿਰ ਇਨ੍ਹਾਂ ਖੇਤਾਂ ‘ਚ ਬੈਠਿਆਂ ਨੇ ਹੀ
ਤੈਨੂੰ ਜ਼ਫਰਨਾਮਾ ਲਿਖਿਆ ਹੈ
ਚਲੋ ਯੋਧਿਓ ! ਦਿੱਲੀ ਚੱਲੋ
ਅਸੀਂ ਅੱਜ ਨਹੀਂ ਤਾਂ ਕੱਲ੍ਹ ਫਿਰ ਜ਼ਫਰਨਾਮਾ ਲਿਖਣਾ ਹੈ
ਅਸੀਂ ਫਿਰ ਜ਼ਫਰਨਾਮਾ ਲਿਖਣਾ ਹੈ…
8872266066