ਜੈਪੁਰ (ਸਮਾਜ ਵੀਕਲੀ) :ਪੁਲੀਸ ਵੱਲੋਂ ਰੋਕੇ ਜਾਣ ’ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਰਾਜਸਥਾਨ ਦੇ ਕਿਸਾਨਾਂ ਨੇ ਅੱਜ ਅਲਵਰ ਜ਼ਿਲ੍ਹੇ ’ਚ ਸ਼ਾਹਜਹਾਂਪੁਰ ’ਚ ਦਿੱਲੀ-ਜੈਪੁਰ ਕੌਮੀ ਰਾਜਮਾਰਗ ਠੱਪ ਕਰ ਦਿੱਤਾ। ਇਹ ਕਿਸਾਨ ਦਿੱਲੀ ਵੱਲ ਕੂਚ ਕਰਨਾ ਚਾਹੁੰਦੇ ਸਨ। ਉਧਰ ਹਰਿਆਣਾ ਨਾਲ ਲਗਦੇ ਜੈਸਿੰਘਪੁਰ-ਖੇੜਾ ਬਾਰਡਰ ’ਤੇ ਸਵਰਾਜ ਅਭਿਆਨ ਦੇ ਮੁਖੀ ਯੋਗੇਂਦਰ ਯਾਦਵ ਅਤੇ ਹੋਰ ਆਗੂਆਂ ਦੀ ਅਗਵਾਈ ’ਚ ਕਿਸਾਨ ਬੈਠੇ ਹੋਏ ਹਨ ਜਿਥੇ ਉਨ੍ਹਾਂ ਅੱਜ ਇਕ ਦਿਨ ਦੀ ਭੁੱਖ ਹੜਤਾਲ ਵੀ ਕੀਤੀ।
ਸ੍ਰੀ ਯਾਦਵ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ,‘‘ਮੈਂ ਆਰਐੱਸਐੱਸ ਨਾਲ ਜੁੜੀਆਂ ਭਾਰਤੀ ਕਿਸਾਨ ਸੰਘ ਅਤੇ ਸਵਦੇਸ਼ੀ ਜਾਗਰਣ ਮੰਚ ਤੋਂ ਇਕ ਸਾਧਾਰਨ ਜਿਹਾ ਸਵਾਲ ਪੁੱਛਦਾ ਹਾਂ ਕਿ ਕੀ ਉਹ ਖੇਤੀ ਕਾਨੂੰਨਾਂ ਨੂੰ ਮੌਜੂਦਾ ਸਰੂਪ ’ਚ ਹਮਾਇਤ ਦਿੰਦੇ ਹਨ ਜਾਂ ਨਹੀਂ? ਉਹ ਇਨ੍ਹਾਂ ਬਾਰੇ ਆਪਣੇ ਸਟੈਂਡ ਸਪੱਸ਼ਟ ਕਰਨ।’’ ਦੋਵੇਂ ਜਥੇਬੰਦੀਆਂ ਐੱਮਐੱਸਪੀ ਬਾਰੇ ਕਾਨੂੰਨੀ ਗਾਰੰਟੀ ਦੀ ਮੰਗ ਉਠਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੋਵੇਂ ਬਾਕੀ ਸਫਾ ਸੱਜੇ-ਪੱਖੀ ਜਥੇਬੰਦੀਆਂ ਪਹਿਲੇ ਦਿਨ ਤੋਂ ਹੀ ਖੇਤੀ ਕਾਨੂੰਨਾਂ ਦੇ ਪੱਖ ’ਚ ਨਹੀਂ ਸਨ ਪਰ ਆਰਐੱਸਐੱਸ ਦੇ ਦਬਾਅ ਕਾਰਨ ਉਨ੍ਹਾਂ ਆਖਣਾ ਸ਼ੁਰੂ ਕਰਨਾ ਦਿੱਤਾ ਹੈ ਕਿ ਇਨ੍ਹਾਂ ’ਚ ਕੁਝ ਸੋਧਾਂ ਹੋਣੀਆਂ ਚਾਹੀਦੀਆਂ ਹਨ।
ਕਿਸਾਨ ਪੰਚਾਇਤ ਦੇ ਪ੍ਰਧਾਨ ਰਾਮਪਾਲ ਚੌਧਰੀ ਨੇ ਕਿਹਾ ਕਿ ਪ੍ਰਦਰਸ਼ਨਾਂ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਅੱਜ ਇਕ ਦਿਨ ਦਾ ਵਰਤ ਰੱਖਿਆ ਹੈ। ਇਸ ਦੇ ਨਾਲ ਇਹ ਵੀ ਸੁਨੇਹਾ ਦਿੱਤਾ ਗਿਆ ਹੈ ਕਿ ਭਗਵਾਨ ਸਰਕਾਰ ਨੂੰ ਅਕਲ ਦੇਵੇ।