ਸਰਕਾਰ ਵਲੋਂ ਆਰਬੀਆਈ ਦੀ ਪ੍ਰਸਤਾਵਿਤ ਪੁਨਰ-ਨਿਰਮਾਣ ਸਕੀਮ ਨੂੰ ਪ੍ਰਵਾਨਗੀ
ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਦੱਸਿਆ ਕਿ ਯੈੱਸ ਬੈਂਕ ’ਚੋਂ ਨਕਦੀ ਕਢਵਾਉਣ ਸਣੇ ਹੋਰ ਸਾਰੀਆਂ ਰੋਕਾਂ ਐੱਸਬੀਆਈ ਦੀ ਅਗਵਾਈ ਵਾਲੀ ਰਾਹਤ ਯੋਜਨਾ ਦੇ ਨੋਟੀਫਿਕੇਸ਼ਨ ਤੋਂ ਤਿੰਨ ਦਿਨਾਂ ਦੇ ਅੰਦਰ ਹਟਾ ਦਿੱਤੀਆਂ ਜਾਣਗੀਆਂ। ਇਸੇ ਦੌਰਾਨ ਨਿੱਜੀ ਖੇਤਰ ਦੇ ਆਈਸੀਆਈਸੀਆਈ ਬੈਂਕ ਨੇ ਐਲਾਨ ਕੀਤਾ ਹੈ ਕਿ ਉਹ ਸੰਕਟ ਵਿੱਚ ਘਿਰੇ ਇਸ ਬੈਂਕ ਵਿੱਚ ਹਜ਼ਾਰ ਕਰੋੜ ਰੁਪਏ ਕਰੇਗਾ। ਬੈਂਕ ਦੇ 60 ਕਰੋੜ ਸ਼ੇਅਰ ਖ਼ਰੀਦਣ ਲਈ ਐੱਚਡੀਐੱਫਸੀ ਵਲੋਂ ਵੀ ਹਜ਼ਾਰ ਕਰੋੜ ਰੁਪਏ ਅਤੇ ਐਕਸਿਸ ਬੈਂਕ ਵੱਲੋਂ 600 ਕਰੋੜ ਰੁਪਏ ਨਿਵੇਸ਼ ਕੀਤੇ ਜਾਣਗੇ। ਸੀਤਾਰਾਮਨ ਨੇ ਕਿਹਾ ਕਿ ਯੈਸ ਬੈਂਕ ਨੂੰ ਮੁੜ ਪੈਰਾਂ-ਸਿਰ ਕਰਨ ਲਈ ਕੇਂਦਰੀ ਬੈਂਕ ਵਲੋਂ ਨਿਵੇਸ਼ ਲਈ ਹੋਰ ਵਿੱਤੀ ਸੰਸਥਾਵਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਭਾਰਤੀ ਰਿਜ਼ਰਵ ਬੈਂਕ ਵਲੋਂ ਪ੍ਰਸਤਾਵਿਤ ਯੈੱਸ ਬੈਂਕ ਦੇ ਪੁਨਰ-ਨਿਰਮਾਣ ਦੀ ਸਕੀਮ ਨੂੰ ਅੱਜ ਕੈਬਨਿਟ ਨੇ ਪ੍ਰਵਾਨਗੀ ਦੇ ਦਿੱਤੀ ਹੈ।’’ ਉਨ੍ਹਾਂ ਦੱਸਿਆ ਕਿ ਬੈਂਕ ਦੀ ਸਥਿਤੀ ’ਤੇ ਪਿਛਲੇ ਇੱਕ ਵਰ੍ਹੇ ਤੋਂ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐੱਸਬੀਆਈ ਵਲੋਂ ਯੈੱਸ ਬੈਂਕ ਵਿੱਚ 49 ਫੀਸਦ ਇਕੁਇਟੀ ਦਾ ਨਿਵੇਸ਼ ਕੀਤਾ ਜਾਵੇਗਾ ਅਤੇ ਹੋਰ ਨਿਵੇਸ਼ਕਾਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਰਿਜ਼ਰਵ ਬੈਂਕ ਵਲੋਂ ਕਈ ਨਿਵੇਸ਼ਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਸਕੀਮ ਦੇ ਨੋਟੀਫਿਕੇਸ਼ਨ ਤੋਂ ਬਾਅਦ ਤਿੰਨ ਕੰਮਕਾਜੀ ਦਿਨਾਂ ਦੇ ਅੰਦਰ ਰੋਕਾਂ ਹਟਾ ਦਿੱਤੀਆਂ ਜਾਣਗੀਆਂ ਅਤੇ ਸੱਤ ਦਿਨਾਂ ਦੇ ਅੰਦਰ ਨਵਾਂ ਬੋਰਡ ਕਾਇਮ ਕੀਤਾ ਜਾਵੇਗਾ।’’ ਉਨ੍ਹਾਂ ਇਹ ਵੀ ਕਿਹਾ ਕਿ ਸਕੀਮ ਦਾ ਨੋਟੀਫਿਕੇਸ਼ਨ ‘ਬਹੁਤ ਜਲਦੀ’ ਜਾਰੀ ਕੀਤਾ ਜਾਵੇਗਾ।