- ਚੋਣ ਰੈਲੀ ਵਿਚ ਮੁੱਖ ਮੰਤਰੀ ਵੱਲੋਂ ਕੀਤੀ ਗਈ ਟਿੱਪਣੀ ’ਤੇ ਵਿਵਾਦ
- ‘ਆਪ’ ਆਗੂਆਂ ਵੱਲ ਸੇਧੇ ਨਿਸ਼ਾਨੇ ’ਤੇ ਮੁੱਖ ਮੰਤਰੀ ਦੀ ਆਲੋਚਨਾ
ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਕ ਚੋਣ ਰੈਲੀ ਵਿਚ ਕੀਤੀ ਟਿੱਪਣੀ ’ਤੇ ਵਿਵਾਦ ਹੋ ਗਿਆ ਹੈ। ਇਸ ਟਿੱਪਣੀ ਰਾਹੀਂ ਉਨ੍ਹਾਂ ‘ਆਪ’ ਆਗੂਆਂ ’ਤੇ ਨਿਸ਼ਾਨਾ ਸੇਧਣ ਦੀ ਕੋਸ਼ਿਸ਼ ਕੀਤੀ ਸੀ। ਚੰਨੀ ਨੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਦੀ ਹਾਜ਼ਰੀ ਵਿਚ ਰੂਪਨਗਰ ’ਚ ਲੋਕਾਂ ਨੂੰ ਕਿਹਾ ਕਿ ਯੂਪੀ, ਬਿਹਾਰ ਤੇ ਦਿੱਲੀ ਦੇ ‘ਭੱਈਆਂ’ ਨੂੰ ਪੰਜਾਬ ਵਿਚ ਦਾਖਲ ਨਾ ਹੋਣ ਦੇਣ। ਯੂਪੀ, ਬਿਹਾਰ ਦੇ ਲੋਕਾਂ ਲਈ ਇਹ ਸ਼ਬਦ ਵਰਤਣਾ ਅਪਮਾਨਜਨਕ ਮੰਨਿਆ ਜਾਂਦਾ ਹੈ। ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੈ ਜਿਸ ਵਿਚ ਮੁੱਖ ਮੰਤਰੀ ਚੰਨੀ ਪਿੱਛੇ ਬੈਠੀ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਮੁੱਖ ਮੰਤਰੀ ਵੱਲੋਂ ਇਹ ਟਿੱਪਣੀ ਕਰਨ ’ਤੇ ਤਾੜੀਆਂ ਮਾਰਦੀ ਨਜ਼ਰ ਆ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ, ‘ਪ੍ਰਿਯੰਕਾ ਗਾਂਧੀ ਪੰਜਾਬ ਦੀ ਨੂੰਹ ਹੈ। ਅਸੀਂ ਯੂਪੀ, ਬਿਹਾਰ, ਦਿੱਲੀ ਦੇ ਭੱਈਆਂ ਨੂੰ ਜੋ ਇੱਥੇ ਰਾਜ ਕਰਨ ਆ ਗਏ ਹਨ, ਨੂੰ ਸੂਬੇ ਵਿਚ ਵੜਨ ਨਹੀਂ ਦਿਆਂਗੇ।’ ਆਮ ਆਦਮੀ ਪਾਰਟੀ ਨੇ ਚੰਨੀ ਦੀ ਆਲੋਚਨਾ ਕੀਤੀ ਹੈ। ‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਨੀ ਦੀ ਟਿੱਪਣੀ ਨੂੰ ‘ਸ਼ਰਮਨਾਕ’ ਕਰਾਰ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਚੰਨੀ ਨੇ ਪਹਿਲਾਂ ਉਨ੍ਹਾਂ ਦੇ ਰੰਗ ਉਤੇ ਵੀ ਵਿਅੰਗ ਕਸਿਆ ਸੀ ਤੇ ‘ਕਾਲਾ’ ਕਿਹਾ ਸੀ। ਜਦ ਭਗਵੰਤ ਮਾਨ ਨੇ ਕਿਹਾ ਕਿ ਪ੍ਰਿਯੰਕਾ ਵੀ ਯੂਪੀ ਨਾਲ ਸਬੰਧਤ ਹੈ ਤਾਂ ਕੇਜਰੀਵਾਲ ਨੇ ਕਿਹਾ ਕਿ ਉਹ ਵੀ ਫਿਰ ‘ਭੱਈਆ’ ਹੋਈ। ਭਾਜਪਾ ਆਗੂ ਤੇਜਸਵੀ ਸੂਰਿਆ ਨੇ ਚੰਨੀ ਦੀ ਇਹ ਵੀਡੀਓ ਟਵਿੱਟਰ ਉਤੇ ਸ਼ੇਅਰ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly