ਚਿਤਰਕੂਟ (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲ੍ਹੇ ਵਿਚ ਇਕ ਨਾਬਾਲਗ ਦਲਿਤ ਲੜਕੀ ਨੇ ਕਥਿਤ ਸਮੂਹਿਕ ਜਬਰ-ਜਨਾਹ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ ਹੈ। ਪੁਲੀਸ ਮੁਤਾਬਕ 15 ਸਾਲਾ ਲੜਕੀ ਨੇ ਫਾਹਾ ਲੈ ਲਿਆ। ਚਿਤਰਕੂਟ ਦੇ ਐੱਸਪੀ ਅੰਕਿਤ ਮਿੱਤਲ ਨੇ ਕਿਹਾ ਕਿ ਉਸ ਨੇ ਮਾਣਿਕਪੁਰ ਇਲਾਕੇ ’ਚ ਆਪਣੇ ਘਰ ਵਿਚ ਹੀ ਫਾਹਾ ਲਿਆ ਹੈ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਲੜਕੀ ਨਾਲ ਤਿੰਨ ਜਣਿਆਂ ਨੇ 8 ਅਕਤੂਬਰ ਨੂੰ ਨੇੜਲੇ ਜੰਗਲੀ ਇਲਾਕੇ ਵਿਚ ਜਬਰ-ਜਨਾਹ ਕੀਤਾ ਹੈ।
ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਇਕ ਸਾਬਕਾ ਸਰਪੰਚ ਦੇ ਪੁੱਤਰ ਕਿਸ਼ਨ ਉਪਾਧਿਆਏ ਤੇ ਦੋ ਹੋਰਾਂ- ਆਸ਼ੀਸ਼ ਅਤੇ ਸਤੀਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ’ਤੇ ਐੱਸਸੀ-ਐੱਸਟੀ ਐਕਟ ਅਤੇ ਪੋਕਸੋ ਐਕਟ ਸਣੇ ਆਈਪੀਸੀ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਪੁਲੀਸ ਨੇ ਸ਼ਿਕਾਇਤ ਰਜਿਸਟਰ ਨਹੀਂ ਕੀਤੀ ਇਸ ਲਈ ਲੜਕੀ ਨੇ ਖ਼ੁਦਕੁਸ਼ੀ ਕਰ ਲਈ। ਜਦਕਿ ਪੁਲੀਸ ਨੇ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ ਪੀੜਤਾ ਦੇ ਰਿਸ਼ਤੇਦਾਰਾਂ ਨੇ ਐਫਆਈਆਰ ਲਈ ਕੋਈ ਅਰਜ਼ੀ ਨਹੀਂ ਦਿੱਤੀ।
ਐੱਸਪੀ ਨੇ ਕਿਹਾ ਹੈ ਕਿ ਪੋਸਟ-ਮਾਰਟਮ ਵਿਚ ਜਬਰ-ਜਨਾਹ ਦੀ ਪੁਸ਼ਟੀ ਨਹੀਂ ਹੋਈ ਤੇ ਸੈਂਪਲ ਹੁਣ ਫੌਰੈਂਸਿਕ ਲੈਬ ਵਿਚ ਭੇਜੇ ਗਏ ਹਨ। ਮ੍ਰਿਤਕਾ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੀੜਤਾ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਧੀ ਨਾਲ ਜਬਰ-ਜਨਾਹ ਮਗਰੋਂ ਮੁਲਜ਼ਮ ਉਸ ਨੂੰ ਹੱਥ-ਪੈਰ ਬੰਨ੍ਹ ਕੇ ਛੱਡ ਗਏ। ਪੁਲੀਸ ਉਸ ਨੂੰ ਮਗਰੋਂ ਘਰ ਲੈ ਕੇ ਆਈ ਪਰ ਐਫਆਈਆਰ ਦਰਜ ਨਹੀਂ ਕੀਤੀ ਗਈ।