ਲਖ਼ਨਊ (ਸਮਾਜ ਵੀਕਲੀ) : ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ (ਸਪਾ) ਦੇ ਵਰਕਰਾਂ ਨੇ ਅੱਜ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿਚ ਰੋਸ ਮੁਜ਼ਾਹਰੇ ਕੀਤੇ। ਸੂਬੇ ਵਿਚ ਕਈ ਥਾਈਂ ਇਨ੍ਹਾਂ ਦਾ ਪੁਲੀਸ ਨਾਲ ਤਕਰਾਰ ਵੀ ਹੋਇਆ। ਪੁਲੀਸ ਨੇ ‘ਸਪਾ’ ਦੇ ਕਈ ਆਗੂਆਂ ਤੇ ਵਰਕਰਾਂ ਨੂੰ ਯੂਪੀ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਹਿਰਾਸਤ ਵਿਚ ਲੈ ਲਿਆ। ਲਖ਼ਨਊ ਦੇ ਕੈਸਰਬਾਗ਼ ਇਲਾਕੇ ਵਿਚ ਪਾਰਟੀ ਵਰਕਰਾਂ ਦੀ ਪੁਲੀਸ ਨਾਲ ਝੜਪ ਹੋ ਗਈ। ਉਹ ਜ਼ਿਲ੍ਹਾ ਕਲੈਕਟਰ ਦੇ ਦਫ਼ਤਰ ਵੱਲ ਜਾ ਰਹੇ ਸਨ।
ਮਹਿਲਾ ਵਰਕਰਾਂ ਸਣੇ ਕਈਆਂ ਨੂੰ ਇਸ ਮੌਕੇ ਹਿਰਾਸਤ ਵਿਚ ਲੈ ਲਿਆ ਗਿਆ। ਆਗਰਾ ਵਿਚ ਪੁਲੀਸ ਨੇ ਪਾਰਟੀ ਵਰਕਰਾਂ ਉਤੇ ਹਲਕਾ ਲਾਠੀਚਾਰਜ ਕੀਤਾ। ‘ਸਪਾ’ ਦੇ ਵਿਧਾਨ ਪ੍ਰੀਸ਼ਦ ਮੈਂਬਰ ਰਾਜਪਾਲ ਕਸ਼ਿਅਪ ਨੇ ਦਾਅਵਾ ਕੀਤਾ ਕਿ ਹਰਦੋਈ ਜ਼ਿਲ੍ਹੇ ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਕਈ ਹੋਰ ਪਾਰਟੀ ਆਗੂਆਂ ਨੂੰ ਵੀ ਘਰ ’ਚ ਨਜ਼ਰਬੰਦ ਕੀਤਾ ਗਿਆ ਹੈ।
ਆਗੂ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੀ ਹੈ ਤੇ ਉਨ੍ਹਾਂ ਦੀ ਹਮਦਰਦੀ ਕਿਸਾਨਾਂ ਦੇ ਨਾਲ ਹੈ। ਜ਼ਿਕਰਯੋਗ ਹੈ ਕਿ ਸਪਾ ਨੇ ਸੱਤ ਦਸੰਬਰ ਤੋਂ ‘ਕਿਸਾਨ ਯਾਤਰਾ’ ਆਰੰਭੀ ਸੀ। ਪਾਰਟੀ ਵਰਕਰਾਂ ਨੇ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਉਤੇ ਧਰਨੇ ਦਿੱਤੇ। ਗੋਰਖਪੁਰ ਵਿਚ ਵੀ ਪੁਲੀਸ ਨੇ ਕਈ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ।