ਚੰਡੀਗੜ੍ਹ (ਸਮਾਜ ਵੀਕਲੀ) : ‘ਦਿੱਲੀ ਚੱਲੋ’ ਮਾਰਚ ਕਰ ਰਹੇ ਕਿਸਾਨਾਂ ਵਿਰੁੱਧ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਤਾਕਤ ਦੀ ਵਰਤੋਂ ਖ਼ਿਲਾਫ਼ ਪੰਜਾਬ ਯੂਥ ਕਾਂਗਰਸ ਦੇ ਆਗੂਆਂ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲੀਸ ਨੇ ਖੱਟਰ ਦੀ ਰਿਹਾਇਸ਼ ਤੋਂ ਕੁਝ ਦੂਰੀ ’ਤੇ ਹੀ ਯੂਥ ਕਾਂਗਰਸ ਦੇ ਕਾਰਕੁਨਾਂ ਨੂੰ ਰੋਕ ਲਿਆ ਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ। ਪੁਲੀਸ ਨੇ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਸਣੇ ਦਰਜਨਾਂ ਆਗੂਆਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਹੈ।
ਢਿੱਲੋਂ ਨੇ ਕਿਹਾ ਕਿ ਹਰਿਆਣਾ ਸਰਕਾਰ ਕੇਂਦਰ ਦੇ ਇਸ਼ਾਰਿਆਂ ’ਤੇ ਕਿਸਾਨਾਂ ਉਪਰ ਅਤਿਆਚਾਰ ਕਰ ਰਹੀ ਹੈ ਜਦਕਿ ਹਰ ਵਰਗ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਸਣੇ ਦੇਸ਼ ਦੇ ਹੋਰਨਾਂ ਕਿਸਾਨਾਂ ਵੱਲੋਂ ਪਹਿਲੇ ਦਿਨ ਤੋਂ ਹੀ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕਿਸਾਨ ਸ਼ਾਂਤਮਈ ਢੰਗ ਨਾਲ ਦਿੱਲੀ ਲਈ ਕੂਚ ਕਰ ਰਹੇ ਸਨ, ਪਰ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਜਬਰੀ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਕਿਸਾਨਾਂ ’ਤੇ ਜਲ ਤੋਪਾਂ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਆਪਣੇ ਅੜੀਅਲ ਰਵੱਈਏ ਨੂੰ ਛੱਡ ਕੇ ਖੇਤੀ ਕਾਨੂੰਨ ਵਾਪਸ ਲੈ ਲਵੇ।