ਮਹਿਤਪੁਰ (ਸਮਾਜ ਵੀਕਲੀ) (ਵਰਮਾ ): ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ-ਨਕੋਦਰ, ਪੰਜਾਬੀ ਸੱਥ-ਮੰਜਕੀ ਅਤੇ ਸ਼ਮ੍ਹਾਦਾਨ ਅਦਾਰੇ ਦੇ ਸਾਂਝੇ ਉਪਰਾਲੇ ਨਾਲ ‘ਨਾਰੀ ਕਾਵਿ-ਸ਼ਾਰ’ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਭਰ ਦੀਆਂ ਕਵਿੱਤਰੀਆਂ ਵੱਲੋਂ ਭਰਮਾ ਹੁੰਗਾਰਾ ਭਰਿਆ ਗਿਆ। ਇਸ ਨਾਰੀ ਕਾਵਿ-ਸ਼ਾਰ ਦੀ ਪ੍ਰਧਾਨਗੀ ਪੰਜਾਬੀ ਦੇ ਮਾਣਮੱਤੇ ਤਿਮਾਹੀ ਰਸਾਲੇ ਸਾਹਿਤਕ ਏਕਮ ਦੀ ਸੰਪਾਦਕ ਮੈਡਮ ਅਰਤਿੰਦਰ ਸੰਧੂ ਹੋਰਾਂ ਵੱਲੋਂ ਕੀਤੀ ਗਈ। ਜਿਨ੍ਹਾਂ ਨੇ ਔਰਤਾਂ ਵੱਲੋਂ ਸਮਾਜ ਦੇ ਵਾਧੇ ਅਤੇ ਵਿਕਾਸ ਵਿੱਚ ਪਾਏ ਜਾਂਦੇ ਯੋਗਦਾਨ ਦੀ ਸਲਾਹੁਣਾ ਕੀਤੀ ਗਈ।
ਇਸ ਨਾਰੀ ਕਾਵਿ-ਸ਼ਾਰ ਵਿੱਚ ਔਰਤਾਂ ਨਾਲ ਸੰਬੰਧਿਤ ਵੱਖ ਵੱਖ ਵਿਸ਼ਿਆਂ ‘ਤੇ ਕਵਿਤਾਵਾਂ ਪੜ੍ਹੀਆਂ ਅਤੇ ਗਾਇਨ ਕੀਤੀਆਂ ਗਈਆਂ। ਇਸ ਐੱਲ.ਡੀ.ਡੀ. ਟੀ.ਵੀ. (ਫੇਸਬੁੱਕ) ਲਾਈਵ ਟੈਲੀਕਾਸਟ ਵਿੱਚ ਮੈਡਮ ਅਰਤਿੰਦਰ ਸੰਧੂ ਤੋਂ ਇਲਾਵਾ ਕਮਲਜੀਤ ਕੌਰ ਸਰਹਿੰਦ, ਬਲਜੀਤ ਕੌਰ ‘ਬੱਲ’, ਕਿਰਨ ਪਾਹਵਾ, ਸੁਮਨ ਸਿੱਧੂ, ਡਾ.ਰਜਵਿੰਦਰ ਕੌਰ ਹੁੰਦਲ, ਹਰਪ੍ਰੀਤ ਕੌਰ, ਰਣਜੀਤ ਕੌਰ ‘ਨਜ਼ਮ’, ਰਮਨਦੀਪ ਕੌਰ ਅਤੇ ਜਸਵਿੰਦਰ ਜੱਸ ਨੇ ਭਾਗ ਲਿਆ। ਰਵਨੀਤ ਕੌਰ ਵੱਲੋਂ ਬਾਖੂਬੀ ਮੰਚ ਸੰਚਾਲਨ ਕੀਤਾ ਗਿਆ। ਇਸ ਸਾਰੇ ਪ੍ਰੋਗਰਾਮ ਨੂੰ ਗਿਆਰਾਂ ਸੌ ਦੇ ਕਰੀਬ ਲੋਕਾਂ ਵੱਲੋਂ ਲਾਈਵ ਦੇਖਿਆ ਅਤੇ ਕਵਿੱਤਰੀਆਂ ਨੂੰ ਦਾਦ ਦਿੱਤੀ ਗਈ।