ਮੰਡੀ ਅਹਿਮਦਗੜ੍ਹ (ਸਮਾਜ ਵੀਕਲੀ) : ਲੁਧਿਆਣਾ-ਮਾਲੇਰਕੋਟਲਾ ਉੱਪਰ ਪਿੰਡ ਰੰਗੀਆਂ ਵਿਚਲੀ ਫੈਕਟਰੀ ਵਿੱਚ ਅੱਜ ਤੜਕਸਾਰ ਹੋਏ ਵੱਡੇ ਧਮਾਕੇ ਨਾਲ ਇਲਾਕੇ ਵਿੱਚ ਦਹਿਸ਼ਤ ਪੈਦਾ ਹੋ ਗਈ ਤੇ ਇਸ ਕਾਰਨ 7 ਵਿਅਕਤੀ ਜ਼ਖ਼ਮੀ ਹੋ ਗਏ। ਕਰੀਬ ਅੱਠ ਵਜੇ ਤੋਂ ਬਾਅਦ ਲੋਕਾਂ ਨੂੰ ਸਮਝ ਆਇਆ ਕਿ ਫੈਕਟਰੀ ’ਚ ਕਬਾੜ ਨੂੰ ਪ੍ਰੈਸ ਕਰਨ ਵੇਲੇ ਉਸ ਵਿੱਚ ਕੋਈ ਧਮਾਕਾ ਹੋਇਆ ਹੈ। ਧਮਾਕੇ ਸਮੇਂ ਮਸ਼ੀਨਾਂ ਕੋਲ ਕੰਮ ਕਰ ਰਹੇ ਸੱਤ ਵਿਅਕਤੀ ਫੱਟੜ ਹੋਏ, ਜਿਨ੍ਹਾਂ ਵਿੱਚੋਂ ਤਿੰਨ ਨੂੰ ਗੰਭੀਰ ਹਾਲਤ ਕਾਰਨ ਲੁਧਿਆਣਾ ਦੇ ਦਿਆਨੰਦ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।ਗੰਭੀਰ ਫੱਟੜਾਂ ਵਿੱਚ ਦੁਰਗੇਸ਼ ਕੁਮਾਰ, ਰਵੀ ਕੁਮਾਰ ਅਤੇ ਰਾਮ ਬਾਬੂ ਦੱਸੇ ਗਏ, ਜਦੋਂਕਿ ਅਕਸ਼ੈ, ਦਲੀਪ ਗੁਪਤਾ, ਸ਼ਿਵਮ ਅਤੇ ਰਾਜ ਕੁਮਾਰ ਸਥਾਨਕ ਸੂਦ ਹਸਪਤਾਲ ਵਿਖੇ ਦਾਖਲ ਹਨ। ਭਾਵੇਂ ਪੁਲੀਸ ਵੱਲੋਂ ਹਾਲਾਂ ਕਾਰਵਾਈ ਕੀਤੀ ਜਾਣੀ ਹੈ ਪਰ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫੈਕਟਰੀ ਵਿੱਚ ਐਲੂਮੀਨੀਅਮ ਨੂੰ ਪਿਘਲਾਉਣ ਲਈ ਭੱਠੀਆਂ ਲੱਗੀਆਂ ਹੋਈਆਂ ਹਨ ਅਤੇ ਕਬਾੜ ਨੂੰ ਭੱਠੀ ਵਿੱਚ ਪਾਉਣ ਤੋਂ ਪਹਿਲਾਂ ਬੇਲਿੰਗ ਮਸ਼ੀਨ ਵਿੱਚ ਪ੍ਰੈਸ ਕਰਕੇ ਛੋਟੀਆਂ ਗੱਠਾਂ ਬਣਾਈਆਂ ਜਾਂਦੀਆਂ ਹਨ। ਅੱਜ ਜਦੋਂ ਕਰੀਬ ਛੇ ਵਜੇ ਕੁੱਝ ਮਜਦੂਰ ਗੱਠਾਂ ਬਣਾ ਰਹੇ ਸਨ ਤਾਂ ਸਿਲੰਡਰ ਨੁਮਾ ਐਲੂਮੀਨੀਅਮ ਦੀਆਂ ਵਸਤਾਂ ਨੂੰ ਬੇਲਿੰਗ ਮਸ਼ੀਨ ਵਿੱਚ ਪਾਉਣ ਤੋਂ ਬਾਅਦ ਧਮਾਕਾ ਹੋ ਗਿਆ।
ਬੀਤੇ ਅਠਾਰਾਂ ਸਾਲ ਤੋਂ ਚੱਲ ਰਹੀ ਫੈਕਟਰੀ ਵਿੱਚ ਕੂਕਰ, ਰੇਡੀਏਟਰ, ਦੁੱਧ ਦੇ ਢੋਲ ਅਤੇ ਐਲੂਮੀਨੀਅਮ ਦੇ ਭਾਂਡੇ ਕਬਾੜ ਵਿੱਚ ਲਿਆ ਕੇ ਭੱਠੀਆਂ ਵਿੱਚ ਪਿਘਲਾਏ ਜਾਂਦੇ ਹਨ ਅਤੇ ਜ਼ਿਆਦਾਤਰ ਕਬਾੜ ਦਿੱਲੀ ਤੋਂ ਆਉਂਦਾ ਹੈ। ਥਾਣਾ ਮੁਖੀ ਡੇਹਲੋਂ ਦੀ ਅਗਵਾਈ ਵਿੱਚ ਪੁਲੀਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਪਰ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਫੌਰੈਂਸਿਕ ਵਿਭਾਗ ਟੀਮ ਦੇ ਆਉਣ ਤੋਂ ਬਾਅਦ ਹੀ ਲੱਗੇਗਾ। ਸ਼ੱਕ ਕੀਤਾ ਜਾਂਦਾ ਹੈ ਕਿ ਸਿਲੰਡਰ ਨੁਮਾ ਵੱਡੀਆਂ ਸ਼ੀਸ਼ੀਆਂ ਵਿੱਚ ਕੋਈ ਰਸਾਇਣ ਸੀ ਜੋ ਪ੍ਰੈਸ ਕਰਨ ਨਾਲ ਫੱਟ ਗਿਆ। ਹਸਪਤਾਲ ਦੇ ਡਾਕਟਰ ਰਾਜੀਵ ਸੂਦ ਨੇ ਦੱਸਿਆ ਕਿ ਕਰੀਬ ਪੌਣੇ ਸੱਤ ਵਜੇ ਸੱਤ ਮਜ਼ਦੂਰਾਂ ਨੂੰ ਜ਼ਖ਼ਮੀ ਹਾਲਤ ਵਿੱਚ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੋਣ ਕਰਕੇ ਲੁਧਿਆਣਾ ਭੇਜ ਦਿੱਤਾ ਗਿਆ ਅਤੇ ਬਾਕੀਆਂ ਦੀ ਹਾਲਤ ਸਥਿਰ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly