ਲਖਨਊ- ਜਾਣੀ-ਪਛਾਣੀ ਕੱਥਕ ਨ੍ਰਿਤਕੀ ਮੰਜਰੀ ਚਤੁਰਵੇਦੀ ਦਾ ਪ੍ਰੋਗਰਾਮ ਵੀਰਵਾਰ ਨੂੰ ਉਸ ਸਮੇਂ ਅੱਧ ਵਿਚਕਾਰ ਰੁਕਵਾ ਦਿੱਤਾ ਗਿਆ ਜਦੋਂ ਉਹ ‘ਕੱਵਾਲੀ’ ’ਤੇ ਆਪਣੀ ਪੇਸ਼ਕਾਰੀ ਦੇ ਰਹੀ ਸੀ। ਚਤੁਰਵੇਦੀ ਨੇ ਦੋਸ਼ ਲਾਇਆ ਕਿ ਜਦੋਂ ਉਹ ਪੇਸ਼ਕਾਰੀ ਦੇ ਰਹੀ ਸੀ ਤਾਂ ਅਚਾਨਕ ਹੀ ਮਿਊਜ਼ਿਕ ਰੁਕਵਾ ਦਿੱਤਾ ਗਿਆ ਅਤੇ ਅਗਲੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ। ਉਹ ਉੱਤਰ ਪ੍ਰਦੇਸ਼ ਸਰਕਾਰ ਸਰਕਾਰ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਕੱਥਕ ਕਰ ਰਹੀ ਸੀ। ਮੰਜਰੀ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ,‘‘ਮੈਂ ਸੋਚਿਆ ਕਿ ਕੋਈ ਤਕਨੀਕੀ ਨੁਕਸ ਪੈ ਗਿਆ ਹੈ ਪਰ ਜਦੋਂ ਦੂਜੇ ਪ੍ਰੋਗਰਾਮ ਦਾ ਐਲਾਨ ਹੋਇਆ ਤਾਂ ਪਤਾ ਲੱਗਾ ਕਿ ਕੋਈ ਗਲਤੀ ਨਹੀਂ ਹੋਈ ਹੈ। ਜਦੋਂ ਮੈਂ ਸਬੰਧਤ ਅਧਿਕਾਰੀਆਂ ਨੂੰ ਪ੍ਰੋਗਰਾਮ ਵਿਚਾਲੇ ਰੋਕਣ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ‘ਕੱਵਾਲੀ ਨਹੀਂ ਚੱਲੇਗੀ ਇਥੇ’।’’ ਕਲਾਕਾਰ ਨੇ ਕਿਹਾ ਕਿ ਉਸ ਨੂੰ ਕੱਥਕ ਲਈ 45 ਮਿੰਟ ਦਾ ਸਮਾਂ ਮਿਲਿਆ ਸੀ ਪਰ ਪ੍ਰੋਗਰਾਮ ਨੂੰ ਵਿਚਕਾਰ ਹੀ ਰੋਕ ਦਿੱਤਾ ਗਿਆ। ‘ਮੇਰੇ ਦੋ ਦਹਾਕਿਆਂ ਦੇ ਕਰੀਅਰ ਦੌਰਾਨ ਪਹਿਲਾਂ ਕਦੇ ਵੀ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ।’ ਸਬੰਧਤ ਅਧਿਕਾਰੀਆਂ ਨੇ ਇਸ ਬਾਬਤ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਸਰਕਾਰੀ ਤਰਜਮਾਨ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੱਥਕ ਨੂੰ ਸਮੇਂ ਤੋਂ ਪਹਿਲਾਂ ਖ਼ਤਮ ਕਰਨਾ ਪਿਆ ਕਿਉਂਕਿ ਰਾਤ ਦਾ ਖਾਣਾ ਪਰੋਸਿਆ ਜਾ ਚੁੱਕਾ ਸੀ ਅਤੇ ਪ੍ਰੋਗਰਾਮ ਲੇਟ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਅਜੇ ਬ੍ਰਜ ਪ੍ਰੋਗਰਾਮ ਵੀ ਹੋਣਾ ਬਾਕੀ ਸੀ ਅਤੇ ਪ੍ਰਬੰਧਕ ਸਾਰਿਆਂ ਨੂੰ ਮੌਕਾ ਦੇਣਾ ਚਾਹੁੰਦੇ ਸਨ ਤੇ ਕੱਥਕ ਨੂੰ ਵਿਚਕਾਰ ਰੋਕੇ ਜਾਣ ਪਿੱਛੇ ਕੋਈ ਧਾਰਮਿਕ ਜਾਂ ਭਾਸ਼ਾ ਨਾਲ ਵਿਤਕਰੇ ਦਾ ਸਬੰਧ ਨਹੀਂ ਹੈ।
Uncategorized ਮੰਜਰੀ ਚਤੁਰਵੇਦੀ ਦਾ ਪ੍ਰੋਗਰਾਮ ਰੁਕਵਾਇਆ