ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ)– ਇੱਥੇ ਪੀ ਐਂਡ ਐਮ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਐਸਕਸੀਐਨ ਜੀ ਐਮ ਸੀ ਦੇ ਸਬ ਸਟੇਸ਼ਨ ਮੁਲਾਜ਼ਮਾਂ ਵਿਰੋਧੀ ਰਵੱਈਏ ਖਿਲਾਫ਼ 15 ਅਗਸਤ ਨੂੰ ਸਬ ਸਟੇਸ਼ਨ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਮੌਕੇ ਗੁਰੁ ਤੇਗ ਬਹਾਦਰ ਪਾਰਕ ਵਿੱਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਨਵੀਨਰ ਅਵਤਾਰ ਸਿੰਘ ਨੇ ਕਿਹਾ ਕਿ ਬੀਤੀ 17 ਜੁਲਾਈ ਨੂੰ ਐਕਸੀਐਨ ਜੀ ਐਮ ਸੀ ਹੁਸ਼ਿਆਰਪੁਰ ਨਾਲ ਜੁਆਇੰਟ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਸਬ ਸਟੇਸ਼ਨ ਸਟਾਫ ਦੀਆਂ ਸਾਲ 2016 ਤੋਂ 2020 ਤੱਕ ਦਾ ਓਵਰ ਟਾਈਮ ਦਾ ਬਕਾਇਦਾ ਅਦਾ ਕਰਨ, ਕਰਮਚਾਰੀਆਂ ਦੀਆ ਹੈਡ ਰਸੀਦਾਂ, 9 ਸਾਲਾ, 16 ਸਾਲਾ ਅਤੇ 23 ਸਾਲਾ ਸਮਾਂਬੱਧ ਸਕੇਲ ਲਾਗੂ ਕਰਨ ਸਮੇਤ ਹੋਰ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਹੋਇਆ ਸੀ।
ਐਕਸੀਐਨ ਵਲੋਂ 10 ਅਗਸਤ ਤੱਕ ਉਕਤ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਇਸਦੇ ਬਾਵਜੂਦ ਵੀ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਪਿਛਲੇ 3 ਮਹੀਨਿਆਂ ਤੋਂ ਪੀਟੀਐਸ ਕਰਮਚਾਰੀਆਂ ਦੀ ਤਨਖਾਹ ਅਦਾ ਨਹੀਂ ਕੀਤੀ ਗਈ। ਜਿਸਦੇ ਖਿਲਾਫ਼ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਨਵੀਨਰ ਅਵਤਾਰ ਸਿੰਘ ਨੇ ਕਿਹਾ ਕਿ ਮੁਲਾਜ਼ਮ ਲੰਬੇ ਸਮੇਂ ਤੋਂ ਕਰੋਨਾਂ ਵਰਗੀ ਭਿਆਨਕ ਮਹਾਂਮਾਰੀ ਦੌਰਾਨ ਵੀ ਆਪਣੀਆਂ ਸੇਵਾਵਾਂ ਰੈਗੁਲਰ ਦੇ ਰਹੇ ਹਨ, ਪਰ ਅਧਿਕਾਰੀਆਂ ਦਾ ਰਵੱਈਆ ਮੁਲਾਜ਼ਮ ਵਿਰੋਧੀ ਹੋਣ ਕਾਰਨ ਮੁਲਾਜ਼ਮ ਸੰਘਰਸ਼ ਦੇ ਰੌਂਅ ਵਿੱਚ ਹਨ। ਇਸ ਮੌਕੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 15 ਅਗਸਤ ਨੂੰ ਸਾਰਾ ਸਬ ਸਟੇਸ਼ਨ ਸਟਾਫ ਆਪਣੀ ਗਜ਼ਟਿਡ ਛੁੱਟੀ ਅਵੇਲ ਕਰੇਗਾ, ਜਿਸ ਦੀ ਜਿੰਮੇਵਾਰੀ ਐਕਸੀਐਨ ਅਤੇ ਸਬੰਧਿਤ ਉੱਚ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਸਮੂਹ ਕਮੇਟੀ ਮੈਂਬਰ ਤੇ ਸਬ ਸਟੇਸ਼ਨ ਸਟਾਫ ਹਾਜ਼ਰ ਸੀ।